Asian Champions Trophy: ਮੁਹਾਲੀ 'ਚ ਕੱਲ੍ਹ ਸੈਮੀਫ਼ਾਈਨਲ, ਭਾਰਤ-ਦੱਖਣੀ ਕੋਰੀਆ ਆਹਮੋ-ਸਾਹਮਣੇ
ਭਲਕੇ 4 ਨਵੰਬਰ ਨੂੰ ਸੈਮੀ ਫ਼ਾਈਨਲ ਤੇ ਪੰਜਵੀਂ ਪੁਜੀਸ਼ਨ ਦੇ ਮੈਚ ਨਾਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਕੌਮਾਂਤਰੀ ਹਾਕੀ ਨਕਸ਼ੇ ’ਤੇ ਆਪਣੀ ਹਾਜ਼ਰੀ ਦਰਜ ਕਰੇਗਾ। ਇਸ ਸਟੇਡੀਅਮ ’ਚ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਮੈਚ ਖੇਡਿਆ ਜਾਵੇਗਾ। ਪੰਜਾਬ ’ਚ ਜਿੱਥੇ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਟੂਰਨਾਮੈਂਟ ਹੋਇਆ ਹੈ, ਉਥੇ ਮੁਹਾਲੀ ਵਿਖੇ ਪਹਿਲੀ ਵਾਰ ਕੋਈ ਵਾਰ ਕੌਮਾਂਤਰੀ ਹਾਕੀ ਮੈਚ ਹੋ ਰਿਹਾ ਹੈ।
Publish Date: Tue, 03 Nov 2026 03:38 PM (IST)
Updated Date: Tue, 03 Nov 2026 03:59 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਖੇਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫੀ’ ਦੇ ਜਲੰਧਰ ਵਿਖੇ ਲੀਗ ਮੈਚਾਂ ਦੇ ਸਫਲ ਪ੍ਰਬੰਧਨ ਤੋਂ ਬਾਅਦ ਹੁਣ ਇਸ ਟੂਰਨਾਮੈਂਟ ਦਾ ਦੂਜਾ ਮੇਜ਼ਬਾਨ ਸ਼ਹਿਰ ਮੁਹਾਲੀ ਨਾਕ ਆਊਟ ਮੁਕਾਬਲਿਆਂ ਲਈ ਤਿਆਰ ਹੈ।
ਭਲਕੇ 4 ਨਵੰਬਰ ਨੂੰ ਸੈਮੀ ਫ਼ਾਈਨਲ ਤੇ ਪੰਜਵੀਂ ਪੁਜੀਸ਼ਨ ਦੇ ਮੈਚ ਨਾਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਕੌਮਾਂਤਰੀ ਹਾਕੀ ਨਕਸ਼ੇ ’ਤੇ ਆਪਣੀ ਹਾਜ਼ਰੀ ਦਰਜ ਕਰੇਗਾ। ਇਸ ਸਟੇਡੀਅਮ ’ਚ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਮੈਚ ਖੇਡਿਆ ਜਾਵੇਗਾ। ਪੰਜਾਬ ’ਚ ਜਿੱਥੇ ਪਹਿਲੀ ਵਾਰ ਕੋਈ ਕੌਮਾਂਤਰੀ ਹਾਕੀ ਟੂਰਨਾਮੈਂਟ ਹੋਇਆ ਹੈ, ਉਥੇ ਮੁਹਾਲੀ ਵਿਖੇ ਪਹਿਲੀ ਵਾਰ ਕੋਈ ਵਾਰ ਕੌਮਾਂਤਰੀ ਹਾਕੀ ਮੈਚ ਹੋ ਰਿਹਾ ਹੈ।
ਜਲੰਧਰ ਵਿਖੇ ਲੀਗ ਸਟੇਜ ’ਚ ਭਾਰਤ ਪਹਿਲੇ, ਜਾਪਾਨ ਦੂਜੇ, ਮਲੇਸ਼ੀਆ ਤੀਜੇ, ਦੱਖਣੀ ਕੋਰੀਆ ਚੌਥੇ, ਚੀਨ ਪੰਜਵੇਂ ਤੇ ਬੰਗਲਾਦੇਸ਼ ਛੇਵੇਂ ਸਥਾਨ ’ਤੇ ਰਿਹਾ। ਭਲਕੇ 4 ਨਵੰਬਰ ਨੂੰ ਨਾਕ ਆਊਟ ਸਟੇਜ ਦੇ ਤਿੰਨ ਮੈਚ ਖੇਡੇ ਜਾਣਗੇ। ਦੋ ਸੈਮੀ ਫ਼ਾਈਨਲ ਅਤੇ ਇਕ ਕਲਾਸੀਫਿਕੇਸ਼ਨ ਮੈਚ ਖੇਡਿਆ ਜਾਵੇਗਾ। ਦਿਨ ਦਾ ਪਹਿਲਾ ਮੈਚ ਦੁਪਹਿਰ ਦੋ ਵਜੇ ਚੀਨ ਤੇ ਬੰਗਲਾਦੇਸ਼ ਵਿਚਾਲੇ ਪੰਜਵੀਂ ਪੁਜੀਸ਼ਨ ਲਈ ਮੈਚ ਖੇਡਿਆ ਜਾਵੇਗਾ।
ਸ਼ਾਮ ਸਾਢੇ ਚਾਰ ਵਜੇ ਪਹਿਲੇ ਸੈਮੀ ਫ਼ਾਈਨਲ ’ਚ ਜਾਪਾਨ ਤੇ ਮਲੇਸ਼ੀਆ ਅਤੇ ਸ਼ਾਮ ਸੱਤ ਵਜੇ ਦੂਜੇ ਸੈਮੀ ਫ਼ਾਈਨਲ ਲਈ ਭਾਰਤ ਤੇ ਦੱਖਣੀ ਕੋਰੀਆ ਆਹਮੋ-ਸਾਹਮਣੇ ਹੋਣਗੇ। ਚਾਰੇ ਟੀਮਾਂ 5 ਨਵੰਬਰ ਨੂੰ ਮੁਹਾਲੀ ਵਿਖੇ ਹੀ ਹੋਣ ਵਾਲੇ ਫ਼ਾਈਨਲ ਮੁਕਾਬਲੇ ਵਿੱਚ ਪੁੱਜਣ ਲਈ ਪੂਰਾ ਜ਼ੋਰ ਲਗਾਉਣਗੀਆਂ। ਸੈਮੀ ਫ਼ਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ ਕਾਂਸੀ ਦੇ ਤਮਗ਼ੇ ਲਈ ਖੇਡਣਗੀਆਂ।
ਹੁਣ ਤੱਕ ਪਹਿਲਾ ਅੱਠ ਚੈਂਪੀਅਨਜ਼ ਟਰਾਫੀ ਮੁਕਾਬਲੇ ਹੋਏ ਹਨ ਜਿਨ੍ਹਾਂ ’ਚ ਸਭ ਤੋਂ ਵੱਧ ਵਾਰ ਭਾਰਤ ਨੇ ਛੇ ਵਾਰ ਫ਼ਾਈਨਲ ਖੇਡਿਆ ਹੈ। ਭਾਰਤ ਇਕ ਵਾਰ ਸਾਂਝੇ ਜੇਤੂ ਸਮੇਤ ਪੰਜ ਵਾਰ ਜੇਤੂ ਬਣਿਆ ਹੈ ਅਤੇ ਇਕ ਵਾਰ ਉਪ ਜੇਤੂ ਬਣਿਆ ਹੈ। ਇਸ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੀਆਂ ਟੀਮਾਂ ’ਚ ਭਾਰਤ ਤੋਂ ਬਾਅਦ ਜਾਪਾਨ ਦੋ ਵਾਰ ਅਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਇੱਕ-ਇੱਕ ਵਾਰ ਫ਼ਾਈਨਲ ਵਿੱਚ ਪੁੱਜੇ ਹਨ।
ਭਾਰਤ ਸੱਤਵੀਂ ਵਾਰ, ਜਾਪਾਨ ਤੀਜੀ ਵਾਰ ਅਤੇ ਦੱਖਣੀ ਕੋਰੀਆ, ਮਲੇਸ਼ੀਆ ਤੇ ਚੀਨ ਦੂਜੀ ਵਾਰ ਫ਼ਾਈਨਲ ਖੇਡਣ ਲਈ ਪੂਰੀ ਵਾਹ ਲਗਾਉਣਗੇ। ਟਰਾਫੀ ਦੀ ਦੌੜ ਵਿੱਚ ਚਾਰ ਟੀਮਾਂ ਵਿੱਚੋਂ ਭਾਰਤ ਨੇ ਹੁਣ ਪੰਜ ਵਾਰ ਟਰਾਫੀ ਜਿੱਤੀ ਹੈ ਜਦੋਂ ਕਿ ਦੱਖਣੀ ਕੋਰੀਆ ਨੇ ਇਕ ਵਾਰ ਜਿੱਤੀ ਹੈ। ਜਾਪਾਨ ਦੋ ਵਾਰ ਤੇ ਮਲੇਸ਼ੀਆ ਇਕ ਵਾਰ ਉਪ ਜੇਤੂ ਰਿਹਾ ਹੈ। ਇਸ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਹੁਣ ਤੱਕ ਅਜੇਤੂ ਰਿਹਾ ਹੈ