ਮੁਹਾਲੀ ਹਾਕੀ ਸਟੇਡੀਅਮ 'ਚ ਤਿਆਰੀਆਂ ਜ਼ੋਰਾਂ 'ਤੇ, ਪ੍ਰਸ਼ਾਸਨਿਕ ਸਕੱਤਰ ਵਰੁਣ ਰੂਜ਼ਮ ਨੇ ਲਿਆ ਜਾਇਜ਼ਾ; ਟ੍ਰੈਫਿਕ ਤੇ ਸੁੰਦਰੀਕਰਨ ਦੇ ਸਖ਼ਤ ਹੁਕਮ ਖੇਡ ਨਗਰੀ ਮੁਹਾਲੀ ਦੇ ਫੇਜ਼-9 ਵਿੱਚ ਸਥਿਤ ਅਤਿ-ਆਧੁਨਿਕ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ’ ਵਿਖੇ ਆਉਣ ਵਾਲੇ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੇ ਅਹਿਮ ਹਾਕੀ ਮੁਕਾਬਲਿਆਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦਾ ਵਾਧੂ ਚਾਰਜ ਸੰਭਾਲ ਰਹੇ ਸੀਨੀਅਰ ਆਈਏਐਸ ਅਧਿਕਾਰੀ ਵਰੁਣ ਰੂਜ਼ਮ ਨੇ ਖ਼ੁਦ ਸਟੇਡੀਅਮ ਦਾ ਦੌਰਾ ਕਰਕੇ ਮੌਜੂਦਾ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
Publish Date: Thu, 22 Oct 2026 01:43 PM (IST)
Updated Date: Thu, 22 Oct 2026 01:45 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਖੇਡ ਨਗਰੀ ਮੁਹਾਲੀ ਦੇ ਫੇਜ਼-9 ਵਿੱਚ ਸਥਿਤ ਅਤਿ-ਆਧੁਨਿਕ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ’ ਵਿਖੇ ਆਉਣ ਵਾਲੇ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੇ ਅਹਿਮ ਹਾਕੀ ਮੁਕਾਬਲਿਆਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦਾ ਵਾਧੂ ਚਾਰਜ ਸੰਭਾਲ ਰਹੇ ਸੀਨੀਅਰ ਆਈਏਐਸ ਅਧਿਕਾਰੀ ਵਰੁਣ ਰੂਜ਼ਮ ਨੇ ਖ਼ੁਦ ਸਟੇਡੀਅਮ ਦਾ ਦੌਰਾ ਕਰਕੇ ਮੌਜੂਦਾ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਸਕੂਲੀ ਬੱਚਿਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ‘ਟ੍ਰੈਫਿਕ ਰੂਟ ਪਲਾਨ’ ਮੈਚਾਂ ਦੌਰਾਨ ਖੇਡ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਜਾਮ ਜਾਂ ਟਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਵਰੁਣ ਰੂਜ਼ਮ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਵਿਸ਼ੇਸ਼ ਰੂਟ ਮੈਪ ਤਿਆਰ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਖ਼ਾਸ ਤੌਰ ’ਤੇ ਹਦਾਇਤ ਕੀਤੀ ਕਿ ਮੁਹਾਲੀ ਦੇ ਫੇਜ਼-10 ਵਿੱਚ ਕ੍ਰਿਕਟ ਮੈਚਾਂ ਦੌਰਾਨ ਅਪਣਾਏ ਜਾਣ ਵਾਲੇ ਸਫ਼ਲ ਟਰੈਫਿਕ ਰੂਟ ਦੀ ਤਰਜ਼ ’ਤੇ ਹੀ ਹਾਕੀ ਮੈਚਾਂ ਲਈ ਵੀ ਰੂਟ ਮੈਪ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਮੈਚਾਂ ਵਾਲੇ ਦਿਨਾਂ ਵਿੱਚ ਸਕੂਲੀ ਬੱਚਿਆਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ ਅਤੇ ਉਨ੍ਹਾਂ ਨੂੰ ਟ੍ਰੈਫਿਕ ਜਾਮ ਕਾਰਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਹਾਕੀ ਦੇ ਫਾਈਨਲ ਮੁਕਾਬਲੇ ਤੋਂ ਮਹਿਜ਼ ਦੋ ਦਿਨ ਬਾਅਦ ਦੀਵਾਲੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪੁਖ਼ਤਾ ਅਗਾਊਂ ਪ੍ਰਬੰਧ ਕੀਤੇ ਜਾ ਰਹੇ ਹਨ।
ਰੰਗ-ਰੋਗਨ, ਪਾਰਕਿੰਗ ਅਤੇ ਰਸਤਿਆਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਸਟੇਡੀਅਮ ਦੀ ਨੁਹਾਰ ਨੂੰ ਨਿਖਾਰਨ ਅਤੇ ਇਸ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲਾਉਣ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹਨ। ਸਟੇਡੀਅਮ ਦੀ ਬਿਲਡਿੰਗ ਨੂੰ ਨਵਾਂ ਰੂਪ ਦੇਣ ਲਈ ਰੰਗ-ਰੋਗਨ (ਪੇਂਟਿੰਗ) ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਮੈਚਾਂ ਦੌਰਾਨ ਵੀਆਈਪੀ ਅਤੇ ਆਮ ਗੱਡੀਆਂ ਦੇ ਅੰਦਰ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ਦੀ ਰਿਪੇਅਰਿੰਗ ਅਤੇ ਪੀਸੀਸੀ ਫ਼ਰਸ਼ਾਂ ਦੀ ਮੁਰੰਮਤ ਦਾ ਕੰਮ ਪੂਰੀ ਗਤੀ ਨਾਲ ਚੱਲ ਰਿਹਾ ਹੈ। ਸਟੇਡੀਅਮ ਦੇ ਬਾਹਰ ਅਤੇ ਅੰਦਰੂਨੀ ਹਿੱਸਿਆਂ ਵਿੱਚ ਲਾਈਟਿੰਗ, ਸਾਫ਼-ਸਫ਼ਾਈ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦਰਸ਼ਕਾਂ ਦੀ ਸਹੂਲਤ ਅਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਮੀਟਿੰਗ ਦੌਰਾਨ ਵਰੁਣ ਰੂਜ਼ਮ ਨੇ ਕਿਹਾ ਕਿ ਮੈਚਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਦਰਸ਼ਕਾਂ ਦੀ ਸਹੂਲਤ ਲਈ ਪੀਣ ਵਾਲੇ ਸਾਫ਼ ਪਾਣੀ, ਬੈਠਣ ਦੀ ਉੱਚਿਤ ਵਿਵਸਥਾ, ਮੈਡੀਕਲ ਸਹਾਇਤਾ ਅਤੇ ਐਮਰਜੈਂਸੀ ਰੂਟਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਸਮੂਹ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਤੈਅ ਸਮੇਂ ਤੋਂ ਪਹਿਲਾਂ ਸਾਰੇ ਕੰਮ ਨੇਪਰੇ ਚਾੜ੍ਹਨ ਦੀ ਤਾਕੀਦ ਕੀਤੀ ਹੈ, ਤਾਂ ਜੋ ਨਵੰਬਰ ਵਿੱਚ ਹੋਣ ਵਾਲੇ ਇਹ ਮੁਕਾਬਲੇ ਇਤਿਹਾਸਕ ਅਤੇ ਸਫ਼ਲ ਸਾਬਤ ਹੋ ਸਕਣ।