ਮੋਹਾਲੀ ਦਾ ਨਸ਼ਾ ਮੁਕਤੀ ਕੇਂਦਰ : ਦੀਵਾਲੀ 'ਤੇ ਨਸ਼ੇ ਦੇ ਹਨੇਰੇ ਤੋਂ ਬਾਹਰ ਆ ਰਹੇ ਬੱਚੇ ਆਪ ਬਣਾ ਰਹੇ ਨੇ ਦੀਵੇ, ਮਿਲ ਰਹੀ ਹੈ ਨਵੀਂ ਜ਼ਿੰਦਗੀ
ਬੱਚਿਆਂ ਵੱਲੋਂ ਤਿਆਰ ਕੀਤੇ ਦੀਵਿਆਂ ਅਤੇ ਹੋਰ ਸਮਾਨ ਦੀ ਵਿਕਰੀ ਤੋਂ ਜੋ ਵੀ ਆਮਦਨ ਹੁੰਦੀ ਹੈ, ਉਹ ਬੱਚਿਆਂ ਦੀਆਂ ਲੋੜਾਂ ਅਤੇ ਖੁਸ਼ੀ ਲਈ ਹੀ ਵਰਤੀ ਜਾਂਦੀ ਹੈ। ਦਿਵਾਲੀ ਮੌਕੇ ਇਸ ਆਮਦਨ ਨਾਲ ਬੱਚਿਆਂ ਲਈ ਦੁੱਧ, ਕੌਫੀ, ਖੀਰ ਅਤੇ ਹੋਰ ਮਿਠਾਈਆਂ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ
Publish Date: Tue, 03 Nov 2026 02:16 PM (IST)
Updated Date: Tue, 03 Nov 2026 02:24 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐਸ.ਏ.ਐਸ.ਨਗਰ : ਦੀਵਾਲੀ ਦਾ ਤਿਉਹਾਰ ਜਿੱਥੇ ਘਰਾਂ ਨੂੰ ਦੀਵਿਆਂ ਦੀ ਰੌਸ਼ਨੀ ਨਾਲ ਰੌਸ਼ਨ ਕਰਨ ਦਾ ਸੰਦੇਸ਼ ਦਿੰਦਾ ਹੈ, ਉੱਥੇ ਹੀ ਮੋਹਾਲੀ ਦੇ ਸੈਕਟਰ-66 ਸਥਿਤ ਨਸ਼ਾ ਮੁਕਤੀ ਕੇਂਦਰ ਵਿੱਚ ਇਸ ਵਾਰ ਇਹ ਤਿਉਹਾਰ ਨਸ਼ੇ ਦੀ ਹਨੇਰੀ ਦੁਨੀਆ ਤੋਂ ਬਾਹਰ ਨਿਕਲ ਕੇ ਨਵੀਂ ਜ਼ਿੰਦਗੀ ਵੱਲ ਵਧ ਰਹੇ ਬੱਚਿਆਂ ਲਈ ਉਮੀਦ ਦੀ ਕਿਰਨ ਬਣ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੇਂਦਰ ਵਿੱਚ ਭਰਤੀ ਬੱਚਿਆਂ ਨੂੰ ਦਿਵਾਲੀ ਦੇ ਮੌਕੇ ਕਲਾ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਿਆ ਜਾ ਰਿਹਾ ਹੈ। ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਦੀਵੇ ਅਤੇ ਹੋਰ ਸਜਾਵਟੀ ਸਮਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਵੇਚ ਕੇ ਹੋਣ ਵਾਲੀ ਆਮਦਨ ਮੁੜ ਇਨ੍ਹਾਂ ਬੱਚਿਆਂ ਦੀ ਭਲਾਈ ਅਤੇ ਖੁਸ਼ੀ ਲਈ ਹੀ ਵਰਤੀ ਜਾ ਰਹੀ ਹੈ।
ਕੇਂਦਰ ਦੀ ਇੰਚਾਰਜ ਡਾ. ਪੂਜਾ ਨੇ ਦੱਸਿਆ ਕਿ ਬੱਚਿਆਂ ਨੂੰ ਸਿਰਫ਼ ਨਸ਼ੇ ਤੋਂ ਦੂਰ ਕਰਨਾ ਹੀ ਕੇਂਦਰ ਦਾ ਮਕਸਦ ਨਹੀਂ, ਸਗੋਂ ਉਨ੍ਹਾਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੋੜ ਕੇ ਆਤਮ-ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਦੇ ਅੰਦਰ ਨਵੀਆਂ ਕਾਬਲੀਅਤਾਂ ਵਿਕਸਿਤ ਕਰਨਾ ਵੀ ਇਲਾਜ ਦਾ ਅਹਿਮ ਹਿੱਸਾ ਹੈ। ਇਸੇ ਤਹਿਤ ਦਿਵਾਲੀ ਮੌਕੇ ਬੱਚਿਆਂ ਨੂੰ ਦੀਵੇ ਅਤੇ ਹੋਰ ਸਜਾਵਟੀ ਵਸਤਾਂ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੱਚਿਆਂ ਵੱਲੋਂ ਤਿਆਰ ਕੀਤੇ ਦੀਵਿਆਂ ਅਤੇ ਹੋਰ ਸਮਾਨ ਦੀ ਵਿਕਰੀ ਤੋਂ ਜੋ ਵੀ ਆਮਦਨ ਹੁੰਦੀ ਹੈ, ਉਹ ਬੱਚਿਆਂ ਦੀਆਂ ਲੋੜਾਂ ਅਤੇ ਖੁਸ਼ੀ ਲਈ ਹੀ ਵਰਤੀ ਜਾਂਦੀ ਹੈ। ਦਿਵਾਲੀ ਮੌਕੇ ਇਸ ਆਮਦਨ ਨਾਲ ਬੱਚਿਆਂ ਲਈ ਦੁੱਧ, ਕੌਫੀ, ਖੀਰ ਅਤੇ ਹੋਰ ਮਿਠਾਈਆਂ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਤਿਉਹਾਰ ਦੌਰਾਨ ਉਨ੍ਹਾਂ ਨੂੰ ਖੁਸ਼ੀਆਂ ਸਾਂਝੀਆਂ ਕਰਨ ਅਤੇ ਤਿਉਹਾਰ ਦਾ ਆਨੰਦ ਮਾਣਨ ਦਾ ਮੌਕਾ ਦਿੱਤਾ ਜਾਂਦਾ ਹੈ।
ਨਸ਼ਾ ਮੁਕਤੀ ਦੇ ਨਾਲ ਹੁਨਰ ਵਿਕਾਸ 'ਤੇ ਵੀ ਜ਼ੋਰ ਡਾ. ਪੂਜਾ ਨੇ ਦੱਸਿਆ ਕਿ ਕੇਂਦਰ ਵਿੱਚ ਬੱਚਿਆਂ ਨੂੰ ਨਸ਼ੇ ਦੀ ਆਦਤ ਤੋਂ ਬਾਹਰ ਕੱਢਣ ਦੇ ਨਾਲ-ਨਾਲ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਬੱਚਿਆਂ ਨੂੰ ਜਿਮ ਅਤੇ ਯੋਗਾ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਕੁਕਿੰਗ, ਮੋਬਾਇਲ ਰਿਪੇਅਰਿੰਗ ਅਤੇ ਕੰਪਿਊਟਰ ਦੇ ਬੇਸਿਕ ਕੋਰਸ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੀ ਜ਼ਿੰਦਗੀ ਮੁੜ ਪਟੜੀ 'ਤੇ ਲਿਆਉਣ ਅਤੇ ਭਵਿੱਖ ਵਿੱਚ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਹੁਨਰਮੰਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਦੀਵੇ ਬਣਾਉਣ ਤੋਂ ਮਿਲ ਰਿਹਾ ਆਤਮ-ਵਿਸ਼ਵਾਸ ਕੇਂਦਰ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੇ ਜਾ ਰਹੇ ਦੀਵੇ ਸਿਰਫ਼ ਦਿਵਾਲੀ ਦੀ ਸਜਾਵਟ ਦਾ ਸਾਮਾਨ ਨਹੀਂ ਹਨ, ਸਗੋਂ ਇਹ ਉਨ੍ਹਾਂ ਬੱਚਿਆਂ ਦੀ ਮਿਹਨਤ, ਸਿਰਜਣਾਤਮਕਤਾ ਅਤੇ ਨਵੀਂ ਜ਼ਿੰਦਗੀ ਵੱਲ ਵਧ ਰਹੇ ਕਦਮਾਂ ਦਾ ਪ੍ਰਤੀਕ ਵੀ ਹਨ। ਆਪਣੇ ਹੱਥਾਂ ਨਾਲ ਤਿਆਰ ਕੀਤੇ ਸਮਾਨ ਨੂੰ ਲੋਕਾਂ ਵੱਲੋਂ ਪਸੰਦ ਕੀਤੇ ਜਾਣ ਅਤੇ ਉਸ ਦੀ ਵਿਕਰੀ ਤੋਂ ਮਿਲਣ ਵਾਲੀ ਆਮਦਨ ਨੂੰ ਆਪਣੇ ਲਈ ਵਰਤਿਆ ਜਾਂਦਾ ਦੇਖ ਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ ਵੀ ਪੈਦਾ ਹੋ ਰਿਹਾ ਹੈ।
ਇਸ ਤਰ੍ਹਾਂ ਸੈਕਟਰ-66 ਦਾ ਨਸ਼ਾ ਮੁਕਤੀ ਕੇਂਦਰ ਇਸ ਦਿਵਾਲੀ 'ਤੇ ਸਿਰਫ਼ ਦੀਵੇ ਹੀ ਨਹੀਂ ਬਣਾ ਰਿਹਾ, ਬਲਕਿ ਨਸ਼ੇ ਦੇ ਹਨੇਰੇ ਵਿੱਚੋਂ ਨਿਕਲ ਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਉਮੀਦ, ਹੁਨਰ ਅਤੇ ਆਤਮ-ਨਿਰਭਰਤਾ ਦੀ ਰੌਸ਼ਨੀ ਜਗਾਉਣ ਦਾ ਉਪਰਾਲਾ ਵੀ ਕਰ ਰਿਹਾ ਹੈ।