ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮੁਹਾਲੀ ਤੇ ਚੰਡੀਗੜ੍ਹ ਪੁਲਿਸ ਦੀ ਵੱਡੀ ਰਣਨੀਤੀ, ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਲੱਗਣਗੇ ਸਾਂਝੇ ਨਾਕੇ 15 ਅਗਸਤ ਦੇ ਆਜ਼ਾਦੀ ਦਿਹਾੜੇ ਸਮਾਰੋਹਾਂ ਨੂੰ ਅਮਨ-ਅਮਾਨ, ਸ਼ਾਂਤੀ ਅਤੇ ਪੂਰੀ ਸੁਰੱਖਿਆ ਨਾਲ ਨੇਪਰੇ ਚਾੜ੍ਹਨ ਲਈ ਮੁਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਇਕ ਵੱਡੀ ਅਤੇ ਅਹਿਮ ਰਣਨੀਤੀ ਉਲੀਕੀ ਹੈ। ਤਿਉਹਾਰੀ ਸੀਜ਼ਨ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਦੋਵਾਂ ਰਾਜਾਂ ਦੀ ਪੁਲਿਸ ਨੇ ਆਪਸੀ ਤਾਲਮੇਲ ਮਜ਼ਬੂਤ ਕਰਦਿਆਂ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਸੁਰੱਖਿਆ ਘੇਰਾ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਡੀਐੱਸਪੀ ਸਿਟੀ-2 ਮੁਹਾਲੀ ਹਰਸਿਮਰਨ ਸਿੰਘ ਬੱਲ ਅਤੇ ਚੰਡੀਗੜ੍ਹ ਪੁਲਿਸ ਦੀ ਡੀਐੱਸਪੀ ਗੁਰਜੀਤ ਕੌਰ ਦੀ ਸਾਂਝੀ ਅਗਵਾਈ ਹੇਠ ਇਕ ਉੱਚ ਪੱਧਰੀ ਤਾਲਮੇਲ ਬੈਠਕ ਹੋਈ, ਜਿਸ ਵਿਚ ਦੋਵਾਂ ਸ਼ਹਿਰਾਂ ਦੇ ਉੱਚ ਪੁਲਿਸ ਅ
Publish Date: Thu, 13 Aug 2026 01:38 PM (IST)
Updated Date: Thu, 13 Aug 2026 01:40 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : 15 ਅਗਸਤ ਦੇ ਆਜ਼ਾਦੀ ਦਿਹਾੜੇ ਸਮਾਰੋਹਾਂ ਨੂੰ ਅਮਨ-ਅਮਾਨ, ਸ਼ਾਂਤੀ ਅਤੇ ਪੂਰੀ ਸੁਰੱਖਿਆ ਨਾਲ ਨੇਪਰੇ ਚਾੜ੍ਹਨ ਲਈ ਮੁਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਇਕ ਵੱਡੀ ਅਤੇ ਅਹਿਮ ਰਣਨੀਤੀ ਉਲੀਕੀ ਹੈ। ਤਿਉਹਾਰੀ ਸੀਜ਼ਨ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਦੋਵਾਂ ਰਾਜਾਂ ਦੀ ਪੁਲਿਸ ਨੇ ਆਪਸੀ ਤਾਲਮੇਲ ਮਜ਼ਬੂਤ ਕਰਦਿਆਂ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਸੁਰੱਖਿਆ ਘੇਰਾ ਹੋਰ ਸਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਡੀਐੱਸਪੀ ਸਿਟੀ-2 ਮੁਹਾਲੀ ਹਰਸਿਮਰਨ ਸਿੰਘ ਬੱਲ ਅਤੇ ਚੰਡੀਗੜ੍ਹ ਪੁਲਿਸ ਦੀ ਡੀਐੱਸਪੀ ਗੁਰਜੀਤ ਕੌਰ ਦੀ ਸਾਂਝੀ ਅਗਵਾਈ ਹੇਠ ਇਕ ਉੱਚ ਪੱਧਰੀ ਤਾਲਮੇਲ ਬੈਠਕ ਹੋਈ, ਜਿਸ ਵਿਚ ਦੋਵਾਂ ਸ਼ਹਿਰਾਂ ਦੇ ਉੱਚ ਪੁਲਿਸ ਅਧਿਕਾਰੀ ਅਤੇ ਥਾਣਾ ਮੁਖੀ ਸ਼ਾਮਲ ਹੋਏ।
ਸਰਹੱਦੀ ਖੇਤਰਾਂ 'ਚ 'ਨੋ ਮੈਨਜ਼ ਲੈਂਡ' ਦਾ ਬਹਾਨਾ ਨਹੀਂ ਚੱਲੇਗਾ : ਬੈਠਕ ਦੌਰਾਨ ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਕ ਖੇਤਰ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਦੂਜੇ ਖੇਤਰ ’ਚ ਜਾ ਕੇ ਛੁਪ ਜਾਂਦੇ ਹਨ ਜਾਂ ਸੀਮਾ ਸਪੱਸ਼ਟ ਨਾ ਹੋਣ (‘ਨੋ ਮੈਨਜ਼ ਲੈਂਡ’) ਦਾ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਦੋਵਾਂ ਪੁਲਿਸ ਟੀਮਾਂ ਨੇ ਆਪਸੀ ਸਹਿਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਦੇ ਸਮੇਂ ਖੇਤਰ ਦੀ ਸੀਮਾ ਆੜ ਨਹੀਂ ਬਣੇਗੀ। ਜੇਕਰ ਅਪਰਾਧੀ ਹੱਦ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰਨਗੇ ਤਾਂ ਦੋਵੇਂ ਪੁਲਿਸ ਬਲ ਮਿਲ ਕੇ ਤੁਰੰਤ ਸਾਂਝੀ ਕਾਰਵਾਈ ਕਰਨਗੇ।
ਟ੍ਰੈਫਿਕ ਅਤੇ ਸੁਰੱਖਿਆ ਲਈ ਬਣਾਇਆ ਸਾਂਝਾ ਐਕਸ਼ਨ ਪਲਾਨ ਸਾਂਝੀ ਨਾਕਾਬੰਦੀ : ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਮੁੱਖ ਸਰਹੱਦਾਂ ਅਤੇ ਸੰਵੇਦਨਸ਼ੀਲ ਪੁਆਇੰਟਾਂ 'ਤੇ ਦੋਵਾਂ ਸ਼ਹਿਰਾਂ ਦੀ ਪੁਲਿਸ ਵੱਲੋਂ ਸਾਂਝੇ ਨਾਕੇ ਲਗਾਏ ਜਾਣਗੇ। ਇਸ ਦੌਰਾਨ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਹਰੇਕ ਆਉਣ-ਜਾਣ ਵਾਲੇ ਵਾਹਨ ਅਤੇ ਸ਼ੱਕੀ ਵਿਅਕਤੀ ਦੀ ਗੰਭੀਰਤਾ ਨਾਲ ਚੈਕਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਆਵਾਜਾਈ ਵਿਚ ਕੋਈ ਪਰੇਸ਼ਾਨੀ ਨਾ ਆਵੇ, ਇਸ ਲਈ ਦੋਵਾਂ ਸ਼ਹਿਰਾਂ ਦੇ ਟ੍ਰੈਫਿਕ ਵਿਭਾਗ ਮਿਲ ਕੇ ਟ੍ਰੈਫਿਕ ਸੁਚਾਰੂ ਚਲਾਉਣਗੇ।
ਥਾਣਾ ਮੁਖੀਆਂ ਦੀ ਸਾਂਝੀ ਜਵਾਬਦੇਹੀ : ਸਬ-ਡਿਵੀਜ਼ਨ 2 ਦੇ ਅਧੀਨ ਆਉਂਦੇ ਸਾਰੇ ਥਾਣਾ ਇੰਚਾਰਜ ਅਤੇ ਚੰਡੀਗੜ੍ਹ ਦੇ ਸਰਹੱਦੀ ਥਾਣਿਆਂ ਦੇ ਮੁਖੀ ਆਪਸ ਵਿਚ ਲਗਾਤਾਰ ਸੰਪਰਕ ’ਚ ਰਹਿਣਗੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜਨਤਾ ਦੀ ਜਾਗਰੂਕਤਾ ਬਹੁਤ ਜ਼ਰੂਰੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਕੋਈ ਵੀ ਲਾਵਾਰਿਸ ਵਸਤੂ, ਸ਼ੱਕੀ ਵਾਹਨ ਜਾਂ ਕੋਈ ਸ਼ੱਕੀ ਵਿਅਕਤੀ ਦਿਖਾਈ ਦੇਵੇ, ਤਾਂ ਉਸ ਦੀ ਸੂਚਨਾ ਤੁਰੰਤ ਨੇੜਲੇ ਥਾਣੇ ਜਾਂ ਪੁਲਿਸ ਹੈਲਪਲਾਈਨ ਨੰਬਰ 'ਤੇ ਦੇਣ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਇਤਲਾਹ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।