ਵਿਧਾਨ ਸਭਾ 'ਚ ਗੂੰਜਿਆ ਵਿਦਿਆਰਥੀਆਂ ਦਾ ਭਵਿੱਖ : ਵਿਧਾਇਕ ਰੰਧਾਵਾ ਨੇ ਸਕੂਲਾਂ ਦੀ ਅੱਪਗਰੇਡੇਸ਼ਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਡੇਰਾਬੱਸੀ ਤੇ ਲਾਲੜੂ ਖੇਤਰ ਵਿਚ ਵੱਧ ਰਹੀ ਆਬਾਦੀ ਅਤੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਨੂੰ ਜ਼ਮੀਨ ਦੀ ਉਪਲੱਬਧਤਾ ਦੇ ਆਧਾਰ ’ਤੇ ਪਹਿਲ ਦੇ ਆਧਾਰ ’ਤੇ ਅੱਪਗਰੇਡ ਕੀਤਾ ਜਾਵੇਗਾ। ਇਹ ਭਰੋਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਵਿਚ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਉਠਾਏ ਮੁੱਦੇ ’ਤੇ ਦਿੱਤਾ।
Publish Date: Tue, 11 Aug 2026 11:28 AM (IST)
Updated Date: Tue, 11 Aug 2026 11:28 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਤੇ ਲਾਲੜੂ ਖੇਤਰ ਵਿਚ ਵੱਧ ਰਹੀ ਆਬਾਦੀ ਅਤੇ ਵਿਦਿਆਰਥੀਆਂ ਦੀਆਂ ਵਿੱਦਿਅਕ ਲੋੜਾਂ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਨੂੰ ਜ਼ਮੀਨ ਦੀ ਉਪਲੱਬਧਤਾ ਦੇ ਆਧਾਰ ’ਤੇ ਪਹਿਲ ਦੇ ਆਧਾਰ ’ਤੇ ਅੱਪਗਰੇਡ ਕੀਤਾ ਜਾਵੇਗਾ। ਇਹ ਭਰੋਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿਧਾਨ ਸਭਾ ਵਿਚ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਉਠਾਏ ਮੁੱਦੇ ’ਤੇ ਦਿੱਤਾ।
ਸਦਨ ਵਿਚ ਚਰਚਾ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਡੇਰਾਬੱਸੀ ਅਤੇ ਲਾਲੜੂ ਵਰਗੇ ਸ਼ਹਿਰੀ ਖੇਤਰਾਂ ਵਿਚ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਬੰਧੀ ਵਿਭਾਗ ਨੂੰ ਪਹਿਲਾਂ ਕੋਈ ਰਸਮੀ ਮੰਗ ਪ੍ਰਾਪਤ ਨਹੀਂ ਹੋਈ ਸੀ, ਪਰ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਜਿਨ੍ਹਾਂ ਸਕੂਲਾਂ ਕੋਲ ਅੱਪਗਰੇਡੇਸ਼ਨ ਲਈ ਲੋੜੀਂਦੀ ਜ਼ਮੀਨ ਜਾਂ ਥਾਂ ਉਪਲਬਧ ਹੈ, ਉਨ੍ਹਾਂ ਨੂੰ ਉੱਚ ਦਰਜਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸ਼੍ਰੀ ਰੰਧਾਵਾ ਨੇ ਦੱਸਿਆ ਕਿ ਮਕੰਦਪੁਰ ਦੇ ਸਰਕਾਰੀ ਹਾਈ ਸਕੂਲ ਵਿਚ ਕਰੀਬ 800 ਵਿਦਿਆਰਥੀ ਪੜ੍ਹ ਰਹੇ ਹਨ। ਨੇੜਲੇ ਮੀਆਂਪੁਰ, ਬਿੱਜਨਪੁਰ, ਖੇੜੀ ਗੁਜਰਾਂ, ਦੰਦਰਾਲਾ ਅਤੇ ਤੋਗਾਪੁਰ ਦੇ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਸੀਨੀਅਰ ਸੈਕੰਡਰੀ ਸਿੱਖਿਆ ਲਈ ਕਰੀਬ 7 ਕਿਲੋਮੀਟਰ ਦੂਰ ਡੇਰਾਬੱਸੀ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਧਰਮਗੜ੍ਹ ਹਾਈ ਸਕੂਲ ਵਿਚ ਬੱਲੋਪੁਰ, ਤੋਫਾਪੁਰ, ਜਸਤਾਨਾ ਕਲਾਂ ਅਤੇ ਜਸਤਾਨਾ ਖੁਰਦ ਦੇ ਲਗਭਗ 150 ਤੋਂ 400 ਵਿਦਿਆਰਥੀ ਪੜ੍ਹਦੇ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਦੀ ਪੜ੍ਹਾਈ ਲਈ ਕਰੀਬ 6 ਕਿਲੋਮੀਟਰ ਦੂਰ ਲਾਲੜੂ ਜਾਣਾ ਪੈਂਦਾ ਹੈ, ਜਿੱਥੇ ਸਕੂਲ ਪਹਿਲਾਂ ਹੀ ਦੋ ਸ਼ਿਫਟਾਂ ਵਿਚ ਚੱਲ ਰਿਹਾ ਹੈ। ਇਸੇ ਤਰ੍ਹਾਂ ਬਲਟਾਣਾ ਹਾਈ ਸਕੂਲ ਦੇ ਕਰੀਬ 450 ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ 8 ਕਿਲੋਮੀਟਰ ਦੂਰ ਲੋਹਗੜ੍ਹ, ਦਿਆਲਪੁਰਾ ਜਾਂ ਭਬਾਤ ਜਾਣਾ ਪੈਂਦਾ ਹੈ। ਸਿੱਖਿਆ ਮੰਤਰੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ), ਮੁਹਾਲੀ ਨੂੰ ਸਥਾਨਕ ਵਿਧਾਇਕ ਨਾਲ ਤਾਲਮੇਲ ਕਰਕੇ ਸਬੰਧਤ ਸਕੂਲਾਂ ਦੀ ਜ਼ਮੀਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋੜੀਂਦੀ ਜ਼ਮੀਨ ਉਪਲਬਧ ਹੋਣ ਦੀ ਸੂਰਤ ਵਿਚ ਸਕੂਲਾਂ ਦੀ ਅੱਪਗਰੇਡੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ।