- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਨੇ ਦੇਸ਼ ਦੇ ਖੇਡ ਢਾਂਚੇ ਨੂੰ ਜ਼ਮੀਨੀ ਪੱਧਰ ਤੋਂ ਅੰਤਰਰਾਸ਼ਟਰੀ ਮੰਚ ਤੱਕ ਮਜ਼ਬੂਤ ਕਰਨ ਲਈ ਖੇਲੋ ਇੰਡੀਆ ਸਕੀਮ (2026-31) ਦਾ ਵੱਡਾ ਵਿਸਥਾਰ ਕੀਤਾ ਹੈ। 2026-27 ਤੋਂ 2030-31 ਤੱਕ ਇਸ ਲਈ 36,441 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਪਿਛਲੀ ਯੋਜਨਾ ਨਾਲੋਂ ਕਰੀਬ ਅੱਠ ਗੁਣਾ ਵੱਧ ਹੈ।

ਜੇ.ਐੱਸ.ਕਲੇਰ, ਪੰਜਾਬੀ ਜਾਗਰਣ, ਜ਼ੀਰਕਪੁਰ : ਕੇਂਦਰ ਸਰਕਾਰ ਨੇ ਦੇਸ਼ ਦੇ ਖੇਡ ਢਾਂਚੇ ਨੂੰ ਜ਼ਮੀਨੀ ਪੱਧਰ ਤੋਂ ਅੰਤਰਰਾਸ਼ਟਰੀ ਮੰਚ ਤੱਕ ਮਜ਼ਬੂਤ ਕਰਨ ਲਈ ਖੇਲੋ ਇੰਡੀਆ ਸਕੀਮ (2026-31) ਦਾ ਵੱਡਾ ਵਿਸਥਾਰ ਕੀਤਾ ਹੈ। 2026-27 ਤੋਂ 2030-31 ਤੱਕ ਇਸ ਲਈ 36,441 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਪਿਛਲੀ ਯੋਜਨਾ ਨਾਲੋਂ ਕਰੀਬ ਅੱਠ ਗੁਣਾ ਵੱਧ ਹੈ। ਇਸ ਦੇ ਨਾਲ ਵਿੱਤੀ ਸਹਾਇਤਾ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਵੀ ਕਰੀਬ ਦਸ ਗੁਣਾ ਵਧਾਉਣ ਦੀ ਯੋਜਨਾ ਹੈ।
ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਰੀਜਨਲ ਡਾਇਰੈਕਟਰ (ਇੰਚਾਰਜ) ਸ਼ੈਲੇਂਦਰ ਕੁਮਾਰ ਨੇ ਅੱਜ ਪਿੰਡ ਨਾਭਾ ਸਾਹਿਬ ਸਥਿਤ ਕੇਂਦਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਵੀਂ ਯੋਜਨਾ ‘ਖੇਲੋ ਭਾਰਤ ਨੀਤੀ-2025’ ਅਤੇ ਦੇਸ਼ ਦੀ ਲੰਮੀ ਮਿਆਦ ਦੀ ਓਲੰਪਿਕ ਤਿਆਰੀ ਨਾਲ ਜੋੜੀ ਗਈ ਹੈ। ਇਸ ਦਾ ਉਦੇਸ਼ ਪਿੰਡਾਂ ਅਤੇ ਟੀਅਰ-2 ਤੇ ਟੀਅਰ-3 ਸ਼ਹਿਰਾਂ ਵਿੱਚੋਂ ਪ੍ਰਤਿਭਾ ਦੀ ਪਛਾਣ ਕਰਕੇ ਉਸ ਨੂੰ ਵਿਗਿਆਨਕ ਸਿਖਲਾਈ, ਆਧੁਨਿਕ ਖੇਡ ਵਿਗਿਆਨ ਅਤੇ ਉੱਚ ਪੱਧਰੀ ਕੋਚਿੰਗ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ 9,000 ਖੇਲੋ ਇੰਡੀਆ ਐਥਲੀਟਸ ਅਤੇ 18,000 ਐਮਰਜਿੰਗ ਖੇਲੋ ਇੰਡੀਆ ਐਥਲੀਟਸ ਨੂੰ ਤਿਆਰ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਖਿਡਾਰੀਆਂ ਨੂੰ ਕੋਚਿੰਗ, ਰਹਿਣ-ਸਹਿਣ, ਖੁਰਾਕ, ਖੇਡ ਕਿੱਟ, ਯਾਤਰਾ, ਮੈਡੀਕਲ ਸਹਾਇਤਾ, ਅਕਾਦਮਿਕ ਸਹਾਇਤਾ ਅਤੇ ਵਧੇਰੇ ਮੁਕਾਬਲਾਤਮਕ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਨਵੀਂ ਯੋਜਨਾ ਤਹਿਤ ਬੁਨਿਆਦੀ ਢਾਂਚੇ ਨੂੰ ਤਿੰਨ ਹਿੱਸਿਆਂ—ਤਮਗਾ ਰਣਨੀਤੀ ਲਈ ਖੇਡ ਸਹੂਲਤਾਂ, ਮੌਜੂਦਾ ਰਣਨੀਤਕ ਖੇਡ ਸੰਪਤੀਆਂ ਦੀ ਮਜ਼ਬੂਤੀ ਅਤੇ ਸੂਬਾਈ ਕਾਰਜ ਯੋਜਨਾ—ਵਿੱਚ ਵਿਕਸਤ ਕੀਤਾ ਜਾਵੇਗਾ। ਸੂਬਿਆਂ ਨੂੰ ਆਪਣੀਆਂ ਖੇਤਰੀ ਲੋੜਾਂ ਮੁਤਾਬਕ ਖੇਡ ਢਾਂਚਾ ਵਿਕਸਤ ਕਰਨ ਵਿੱਚ ਵਧੇਰੇ ਭੂਮਿਕਾ ਦਿੱਤੀ ਜਾਵੇਗੀ। ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਖੇਡ ਪ੍ਰਣਾਲੀ ਨਾਲ ਜੋੜਨ ਲਈ ਖੇਲੋ ਇੰਡੀਆ ਫੀਡਰ ਸਕੂਲਾਂ ਅਤੇ ਖੇਲੋ ਇੰਡੀਆ ਉਤਕ੍ਰਿਸ਼ਟ ਵਿਦਿਆਲਿਆਵਾਂ ਦੀ ਸਥਾਪਨਾ ਕੀਤੀ ਜਾਵੇਗੀ।
ਇਸ ਦੇ ਨਾਲ ਸਕੂਲ, ਯੂਨੀਵਰਸਿਟੀ, ਖੇਤਰੀ ਅਤੇ ਖੇਡ-ਵਿਸ਼ੇਸ਼ ਲੀਗਾਂ ਦਾ ਵਿਸਥਾਰ ਕੀਤਾ ਜਾਵੇਗਾ, ਤਾਂ ਜੋ ਨੌਜਵਾਨ ਖਿਡਾਰੀਆਂ ਨੂੰ ਲਗਾਤਾਰ ਮੁਕਾਬਲਾਤਮਕ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਯੋਗ ਕੋਚਾਂ ਅਤੇ ਸਹਾਇਕ ਖੇਡ ਮਾਹਿਰਾਂ ਦੀ ਉਪਲਬਧਤਾ ਵਧਾਉਣ ਲਈ ਨੈਸ਼ਨਲ ਕੋਚ ਐਕਰੀਡਿਟੇਸ਼ਨ ਬੋਰਡ ਬਣਾਇਆ ਜਾਵੇਗਾ। ਇਹ ਕੋਚਿੰਗ ਯੋਗਤਾਵਾਂ ਲਈ ਮਿਆਰੀ ਪ੍ਰਣਾਲੀ ਤਿਆਰ ਕਰਨ ਅਤੇ ਕੋਚਾਂ ਦੀ ਪੇਸ਼ੇਵਰ ਸਮਰੱਥਾ ਵਧਾਉਣ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਯੋਜਨਾ ਵਿੱਚ ਏਆਈ ਆਧਾਰਿਤ ਡਿਜੀਟਲ ਖੇਡ ਪਲੇਟਫਾਰਮ ਰਾਹੀਂ ਖਿਡਾਰੀਆਂ, ਬੁਨਿਆਦੀ ਢਾਂਚੇ, ਮੁਕਾਬਲਿਆਂ, ਕੋਚਿੰਗ ਅਤੇ ਪ੍ਰਤਿਭਾ ਪਛਾਣ ਨਾਲ ਸਬੰਧਤ ਡਾਟਾ ਨੂੰ ਇਕੱਠਾ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਇਸ ਨਾਲ ਖਿਡਾਰੀ ਦੀ ਪ੍ਰਤਿਭਾ ਪਛਾਣ ਤੋਂ ਲੈ ਕੇ ਉੱਚ ਪੱਧਰੀ ਮੁਕਾਬਲਿਆਂ ਤੱਕ ਦੀ ਤਰੱਕੀ ਨੂੰ ਟਰੈਕ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ। ‘ਫਿਟ ਇੰਡੀਆ’ ਮੁਹਿੰਮ ਨੂੰ ਵੀ ਵੱਡੇ ਪੱਧਰ ’ਤੇ ਲਿਜਾਣ ਦੀ ਯੋਜਨਾ ਹੈ। ਮਹਿਲਾਵਾਂ, ਦਿਵਿਆਂਗ ਖਿਡਾਰੀਆਂ, ਸਰਹੱਦੀ ਅਤੇ ਦੂਰ-ਦੁਰਾਡੇ ਖੇਤਰਾਂ ਦੇ ਨੌਜਵਾਨਾਂ ਦੀ ਖੇਡਾਂ ਵਿੱਚ ਭਾਗੀਦਾਰੀ ਵਧਾਉਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।