ਮੋਹਾਲੀ ਦੀ ਬਲਟਾਣਾ ਫਰਨੀਚਰ ਮਾਰਕੀਟ 'ਚ ਭਿਆਨਕ ਅੱਗ, 22 ਦੁਕਾਨਾਂ ਸੜ ਕੇ ਸੁਆਹ; ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਪਾਇਆ ਕਾਬੂ ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਇੱਕ ਵਾਰ ਫਿਰ ਅੱਗ ਨੇ ਭਾਰੀ ਤਬਾਹੀ ਮਚਾਈ। ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਰੀਬ 22 ਫਰਨੀਚਰ ਸ਼ੈੱਡ ਸੜ ਕੇ ਸੁਆਹ ਹੋ ਗਏ। ਸ਼ੈੱਡਾਂ ਵਿੱਚ ਰੱਖਿਆ ਲੱਖਾਂ ਰੁਪਏ ਦਾ ਫਰਨੀਚਰ ਅਤੇ ਹੋਰ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਾਹਰ ਕੱਢਣ ਤੱਕ ਦਾ ਮੌਕਾ ਨਹੀਂ ਮਿਲਿਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਕਾਰਨ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
Publish Date: Wed, 04 Nov 2026 01:27 PM (IST)
Updated Date: Wed, 04 Nov 2026 02:30 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ: ਬਲਟਾਣਾ ਦੀ ਫਰਨੀਚਰ ਮਾਰਕੀਟ ਵਿੱਚ ਇੱਕ ਵਾਰ ਫਿਰ ਅੱਗ ਨੇ ਭਾਰੀ ਤਬਾਹੀ ਮਚਾਈ। ਭਿਆਨਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਰੀਬ 22 ਫਰਨੀਚਰ ਸ਼ੈੱਡ ਸੜ ਕੇ ਸੁਆਹ ਹੋ ਗਏ। ਸ਼ੈੱਡਾਂ ਵਿੱਚ ਰੱਖਿਆ ਲੱਖਾਂ ਰੁਪਏ ਦਾ ਫਰਨੀਚਰ ਅਤੇ ਹੋਰ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਬਾਹਰ ਕੱਢਣ ਤੱਕ ਦਾ ਮੌਕਾ ਨਹੀਂ ਮਿਲਿਆ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਕਾਰਨ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਅੱਗ ਦੀ ਭਿਆਨਕਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ 7 ਤੋਂ 8 ਗੱਡੀਆਂ ਬੁਲਾਈਆਂ ਗਈਆਂ। ਫਾਇਰ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਇਸ ਦੌਰਾਨ ਅੱਗ ਨੂੰ ਆਲੇ-ਦੁਆਲੇ ਦੇ ਹੋਰ ਸ਼ੈੱਡਾਂ ਤੱਕ ਫੈਲਣ ਤੋਂ ਰੋਕਣ ਲਈ ਵੀ ਯਤਨ ਕੀਤੇ ਗਏ। ਇਸ ਹਾਦਸੇ ਕਾਰਨ ਕਾਰੋਬਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਹਾਲਾਂਕਿ, ਨੁਕਸਾਨ ਦਾ ਅਸਲ ਅੰਦਾਜ਼ਾ ਅਜੇ ਨਹੀਂ ਲਗਾਇਆ ਜਾ ਸਕਿਆ।
ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ, ਫਿਰ ਵੀ ਸੁਰੱਖਿਆ ਪ੍ਰਬੰਧਾਂ ਦੀ ਘਾਟ
ਬਲਟਾਣਾ ਦੀ ਇਸ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਕਾਰਨ ਕਾਰੋਬਾਰੀਆਂ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਵਾਰ-ਵਾਰ ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਮਾਰਕੀਟ ਵਿੱਚ ਪੱਕੇ ਅੱਗ ਬੁਝਾਊ ਪ੍ਰਬੰਧ ਨਾ ਹੋਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹਰ ਵਾਰ ਅੱਗ ਲੱਗਣ ਤੋਂ ਬਾਅਦ ਕੁਝ ਸਮੇਂ ਲਈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਹੁੰਦੀ ਹੈ, ਪਰ ਬਾਅਦ ਵਿੱਚ ਹਾਲਾਤ ਪਹਿਲਾਂ ਵਰਗੇ ਹੀ ਰਹਿ ਜਾਂਦੇ ਹਨ।
ਮਾਰਕੀਟ ਵਿੱਚ ਲੋੜੀਂਦੇ ਅੱਗ ਬੁਝਾਊ ਯੰਤਰਾਂ, ਪਾਣੀ ਦੀ ਉਪਲਬਧਤਾ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਘਾਟ ਕਾਰਨ ਅਜਿਹੇ ਹਾਦਸਿਆਂ ਵਿੱਚ ਨੁਕਸਾਨ ਵਧਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮਾਰਕੀਟ ਦਾ ਸੁਰੱਖਿਆ ਆਡਿਟ ਕਰਵਾਉਣ ਅਤੇ ਪੱਕੇ ਅੱਗ ਬੁਝਾਊ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।