ਗੈਂਗਸਟਰ ਗੁੱਗਨੀ ਨੂੰ ਵੱਡਾ ਝਟਕਾ : ਵਿੱਕੀ ਮਿੱਡੂਖੇੜਾ ਕਤਲ ਕਾਂਡ 'ਚ ਨਹੀਂ ਮਿਲੀ ਰਾਹਤ, ਅਦਾਲਤ ਨੇ ਰੱਦ ਕੀਤੀ ਜ਼ਮਾਨਤ ਦੀ ਅਰਜ਼ੀ
ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਤਲ ਕੇਸ ’ਚ ਮੁਲਜ਼ਮ ਗੈਂਗਸਟਰ ਧਰਮਿੰਦਰ ਸਿੰਘ ਗੁੱਗਨੀ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਉਸ ਦੀ ਨਿਯਮਤ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਮੁਹਾਲੀ ਪੁਲਿਸ ਨੇ ਗੁੱਗਨੀ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਸੀ।
Publish Date: Tue, 17 Nov 2026 09:16 AM (IST)
Updated Date: Tue, 17 Nov 2026 09:17 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਕਤਲ ਕੇਸ ’ਚ ਮੁਲਜ਼ਮ ਗੈਂਗਸਟਰ ਧਰਮਿੰਦਰ ਸਿੰਘ ਗੁੱਗਨੀ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ। ਅਦਾਲਤ ਨੇ ਉਸ ਦੀ ਨਿਯਮਤ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਮੁਹਾਲੀ ਪੁਲਿਸ ਨੇ ਗੁੱਗਨੀ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਸੀ।
ਸੁਣਵਾਈ ਦੌਰਾਨ ਅਦਾਲਤ ਨੇ ਕਤਲ ਦੀ ਸਾਜ਼ਿਸ਼ ’ਚ ਉਸ ਦੀ ਕਥਿਤ ਸਰਗਰਮ ਭੂਮਿਕਾ ਨੂੰ ਗੰਭੀਰ ਮੰਨਿਆ। ਨਾਲ ਹੀ ਜ਼ਮਾਨਤ ਮਿਲਣ ’ਤੇ ਫ਼ਰਾਰ ਹੋਣ, ਸਬੂਤਾਂ ਨਾਲ ਛੇੜਛਾੜ ਕਰਨ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਖ਼ਦਸ਼ਾ ਵੀ ਪ੍ਰਗਟਾਇਆ।
ਜ਼ਿਕਰਯੋਗ ਹੈ ਕਿ ਜਨਵਰੀ 2025 ’ਚ ਮੁਹਾਲੀ ਦੀ ਅਦਾਲਤ ਨੇ ਇਸ ਮਾਮਲੇ ਦੇ ਤਿੰਨ ਸ਼ੂਟਰਾਂ ਅਜੈ ਉਰਫ਼ ਸੰਨੀ/ਲੈਫਟੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਸੈਕਟਰ-71 ’ਚ ਪ੍ਰਾਪਰਟੀ ਦਾ ਸੌਦਾ ਕਰਨ ਪਹੁੰਚੇ ਸਨ ਵਿੱਕੀ ਅਦਾਲਤ ’ਚ ਦਿੱਤੇ ਬਿਆਨਾਂ ਅਨੁਸਾਰ 7 ਅਗਸਤ 2021 ਨੂੰ ਵਿੱਕੀ ਮਿੱਡੂਖੇੜਾ ਸੈਕਟਰ-71 ਸਥਿਤ ਇਕ ਪ੍ਰਾਪਰਟੀ ਕੰਸਲਟੈਂਟ ਦੇ ਦਫ਼ਤਰ ’ਚ ਸੌਦੇ ਲਈ ਪਹੁੰਚਿਆ ਸੀ। ਉੱਥੇ ਘਾਤ ਲਾ ਕੇ ਬੈਠੇ ਨਕਾਬਪੋਸ਼ ਹਮਲਾਵਰਾਂ ਨੇ ਉਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜਾਨ ਬਚਾਉਣ ਲਈ ਭੱਜੇ ਵਿੱਕੀ ਦਾ ਹਮਲਾਵਰਾਂ ਨੇ ਪਿੱਛਾ ਕੀਤਾ ਅਤੇ ਗੋਲ਼ੀਆਂ ਮਾਰ ਕੇ ਫ਼ਰਾਰ ਹੋ ਗਏ। ਪੁਲਿਸ ਦੀ ਪੀਸੀਆਰ ਟੀਮ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।