ਮੁਹਾਲੀ-ਜ਼ੀਰਕਪੁਰ ਤੇ ਖਰੜ ’ਚ ਸਾਈਬਰ ਠੱਗੀ ਦਾ ਵੱਡਾ ਜਾਲ, ₹17.16 ਲੱਖ ਤੋਂ ਵੱਧ ਦੀ ਧੋਖਾਧੜੀ; ਡਾਟਾ ਚੋਰੀ ਸਣੇ 6 ਨਵੇਂ ਕੇਸ ਦਰਜ ਡਿਜੀਟਲ ਲੈਣ-ਦੇਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਧਣ ਦੇ ਨਾਲ ਹੀ ਸਾਈਬਰ ਠੱਗਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਨਵੇਂ ਤਰੀਕੇ ਲੱਭ ਲਏ ਹਨ। ਤਾਜ਼ਾ ਮਾਮਲਿਆਂ ਮੁਤਾਬਕ 20 ਨਵੰਬਰ 2026 ਨੂੰ ਸਾਈਬਰ ਕ੍ਰਾਈਮ ਥਾਣੇ ’ਚ ਕੁੱਲ ਛੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਪੰਜ ਵਿੱਤੀ ਧੋਖਾਧੜੀ ਦੇ ਕੇਸਾਂ ਤਹਿਤ 17,16,926 ਰੁਪਏ ਦੀ ਠੱਗੀ ਮਾਰੀ ਗਈ ਹੈ, ਜਦਕਿ ਛੇਵਾਂ ਮਾਮਲਾ ਕੰਪਨੀ ਦਾ ਡਾਟਾ ਚੋਰੀ ਕਰਕੇ ਵੱਖਰੀ ਫਰਮ ਚਲਾਉਣ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਬੀਐੱਨਐੱਸ (BNS) ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
Publish Date: Sat, 21 Nov 2026 11:56 AM (IST)
Updated Date: Sat, 21 Nov 2026 12:03 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਡਿਜੀਟਲ ਲੈਣ-ਦੇਣ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਵਧਣ ਦੇ ਨਾਲ ਹੀ ਸਾਈਬਰ ਠੱਗਾਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਨਵੇਂ ਤਰੀਕੇ ਲੱਭ ਲਏ ਹਨ। ਤਾਜ਼ਾ ਮਾਮਲਿਆਂ ਮੁਤਾਬਕ 20 ਨਵੰਬਰ 2026 ਨੂੰ ਸਾਈਬਰ ਕ੍ਰਾਈਮ ਥਾਣੇ ’ਚ ਕੁੱਲ ਛੇ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ ਪੰਜ ਵਿੱਤੀ ਧੋਖਾਧੜੀ ਦੇ ਕੇਸਾਂ ਤਹਿਤ 17,16,926 ਰੁਪਏ ਦੀ ਠੱਗੀ ਮਾਰੀ ਗਈ ਹੈ, ਜਦਕਿ ਛੇਵਾਂ ਮਾਮਲਾ ਕੰਪਨੀ ਦਾ ਡਾਟਾ ਚੋਰੀ ਕਰਕੇ ਵੱਖਰੀ ਫਰਮ ਚਲਾਉਣ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਬੀਐੱਨਐੱਸ (BNS) ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਮਾਮਲਿਆਂ ਦਾ ਪੂਰਾ ਵੇਰਵਾ :-
ਫ਼ੋਨ ਐਪ ਬੰਦ ਹੋਣ ਮਗਰੋਂ ਖਾਤੇ 'ਚੋਂ 6.98 ਲੱਖ ਰੁਪਏ ਉੱਡੇ
ਸੋਹਾਣਾ ਦੇ ਸੈਕਟਰ 114 ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 18 ਅਕਤੂਬਰ 2026 ਨੂੰ ਉਨ੍ਹਾਂ ਦੇ ਮੋਬਾਈਲ ’ਚ ਐਪ ਚੱਲਣੀ ਬੰਦ ਹੋ ਗਈ ਸੀ। ਜਦੋਂ ਉਨ੍ਹਾਂ ਨੇ ਐਪ ਦੁਬਾਰਾ ਡਾਊਨਲੋਡ ਕਰਕੇ ਬੈਲੇਂਸ ਚੈੱਕ ਕੀਤਾ ਤਾਂ 99,000 ਰੁਪਏ ਕੱਟੇ ਜਾਣ ਦਾ ਪਤਾ ਲੱਗਾ। ਬਾਅਦ ’ਚ ਬੈਂਕ ਸਟੇਟਮੈਂਟ ਕਢਵਾਉਣ 'ਤੇ ਖ਼ੁਲਾਸਾ ਹੋਇਆ ਕਿ ਖਾਤੇ ’ਚੋਂ ਕੁੱਲ 6,98,000 ਰੁਪਏ ਕੱਢੇ ਜਾ ਚੁੱਕੇ ਸਨ। ਪੁਲਿਸ ਨੇ ਧਾਰਾ 318(4) ਬੀਐੱਨਐੱਸ ਅਤੇ 66 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਫੇਸਬੁੱਕ ਇਸ਼ਤਿਹਾਰ ਰਾਹੀਂ ਪੈਸੇ ਰਲੀਜ਼ ਕਰਵਾਉਣ ਦੇ ਬਹਾਨੇ ਇਕੋ ਮਹਿਲਾ ਨਾਲ ਦੋ ਠੱਗੀਆਂ :- ਪਹਿਲਾ ਮਾਮਲਾ ਨਯਾਗਾਓਂ ਦੇ ਸ਼ਿਵਾਲਿਕ ਵਿਹਾਰ ਵਾਸੀ 53 ਸਾਲਾ ਗੀਤਾ ਅਰੋੜਾ ਪੁੱਤਰੀ ਸੁਰਿੰਦਰ ਕੁਮਾਰ ਅਰੋੜਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਪੈਸਿਆਂ ਦੀ ਸਖ਼ਤ ਲੋੜ ਸੀ, ਜਿਸ ਕਾਰਨ ਉਨ੍ਹਾਂ ਨੇ ਫੇਸਬੁੱਕ 'ਤੇ ਇਕ ਇਸ਼ਤਿਹਾਰ ਦੇਖ ਕੇ ਆਪਣਾ ਮੋਬਾਈਲ ਨੰਬਰ ਸਾਂਝਾ ਕੀਤਾ ਸੀ। ਕੁਝ ਸਮੇਂ ਬਾਅਦ ਠੱਗਾਂ ਨੇ ਫ਼ੋਨ ਕਰਕੇ ਪੈਸੇ ਰਲੀਜ਼ ਕਰਵਾਉਣ ਦੇ ਬਹਾਨੇ 4 ਲੱਖ ਰੁਪਏ ਦੀ ਮੰਗ ਕੀਤੀ। ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ’ਚੋਂ 4,76,326 ਰੁਪਏ ਕੱਟ ਲਏ ਗਏ ਹਨ। ਇਸ ਸਬੰਧੀ ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਧਾਰਾ 318(4), 319(2) ਬੀਐੱਨਐੱਸ ਅਤੇ 66ਡੀ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੂਜਾ ਮਾਮਲਾ ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਵੀ ਨਯਾਗਾਓਂ ਦੇ ਸ਼ਿਵਾਲਿਕ ਵਿਹਾਰ ਵਾਸੀ ਗੀਤਾ ਅਰੋੜਾ ਪੁੱਤਰੀ ਸੁਰਿੰਦਰ ਕੁਮਾਰ ਅਰੋੜਾ ਨੇ ਦੱਸਿਆ ਕਿ ਪੈਸਿਆਂ ਦੀ ਲੋੜ ਹੋਣ ਕਾਰਨ ਉਸਨੇ ਫੇਸਬੁੱਕ 'ਤੇ ਇਸ਼ਤਿਹਾਰ ਦੇਖ ਕੇ ਆਪਣਾ ਮੋਬਾਈਲ ਨੰਬਰ ਦਿੱਤਾ ਸੀ। ਕੁਝ ਸਮੇਂ ਬਾਅਦ ਅਣਪਛਾਤੇ ਵਿਅਕਤੀਆਂ ਦਾ ਫ਼ੋਨ ਆਇਆ, ਜਿਨ੍ਹਾਂ ਨੇ ਪੈਸੇ ਰਲੀਜ਼ ਕਰਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 1,15,600 ਰੁਪਏ ਦੀ ਮੰਗ ਕੀਤੀ। ਗੱਲਬਾਤ ਦੌਰਾਨ ਠੱਗੀ ਦਾ ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਨੇ ਆਪਣੇ ਖਾਤੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ’ਚੋਂ 1,15,600 ਰੁਪਏ ਪਹਿਲਾਂ ਹੀ ਕੱਟੇ ਜਾ ਚੁੱਕੇ ਸਨ। ਇਸ ਸ਼ਿਕਾਇਤ 'ਤੇ ਪੁਲਿਸ ਨੇ ਧਾਰਾ 318(4) ਬੀਐੱਨਐੱਸ ਤਹਿਤ ਵੱਖਰਾ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭੀ ਹੈ।
ਏਟੀਐੱਮ ਕਾਰਡ ਬਦਲ ਕੇ 2.25 ਲੱਖ ਰੁਪਏ ਦੀ ਠੱਗੀ ਖਰੜ ਦੇ ਸ਼ਿਵਜੋਤ ਇਨਕਲੇਵ ਦੀ ਵਸਨੀਕ ਨੀਨਾ ਕੁਮਾਰ ਪਤਨੀ ਰਵਿੰਦਰ ਕੁਮਾਰ ਨੇ ਦੱਸਿਆ ਕਿ 1 ਨਵੰਬਰ 2026 ਨੂੰ ਸ਼ਾਮ ਕਰੀਬ 5 ਵਜੇ ਉਨ੍ਹਾਂ ਦੇ ਪਤੀ ਏਟੀਐੱਮ ਕਾਰਡ ਲੈ ਕੇ ਲਾਂਡਰਾਂ ਚੌਕ ਪੈਸੇ ਕਢਵਾਉਣ ਗਏ ਸਨ। ਉੱਥੇ ਏਟੀਐੱਮ ’ਚ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਧੋਖੇ ਨਾਲ ਉਨ੍ਹਾਂ ਦਾ ਕਾਰਡ ਬਦਲ ਲਿਆ। ਅਗਲੇ ਦਿਨ 2 ਨਵੰਬਰ ਨੂੰ ਫ਼ੋਨ 'ਤੇ 80,000 ਰੁਪਏ ਕੱਟਣ ਦਾ ਮੈਸੇਜ ਆਇਆ ਅਤੇ ਸਟੇਟਮੈਂਟ ਕਢਵਾਉਣ 'ਤੇ ਕੁੱਲ 2,25,000 ਰੁਪਏ ਦੀ ਠੱਗੀ ਹੋਣ ਦਾ ਪਤਾ ਲੱਗਾ। ਪੁਲਿਸ ਨੇ ਧਾਰਾ 318(4), 61(2) ਬੀਐੱਨਐੱਸ ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
5,000 ਰੁਪਏ ਕੱਟਣ ਦਾ ਮੈਸੇਜ ਆਇਆ, ਖਾਤੇ 'ਚੋਂ ਨਿਕਲੇ 2.02 ਲੱਖ ਚੰਡੀਗੜ੍ਹ ਦੇ ਸੈਕਟਰ 28-ਬੀ ਅਤੇ ਹਾਲ ਵਾਸੀ ਪ੍ਰਭਾਤ ਜ਼ੀਰਕਪੁਰ ਦੇ ਹੰਸ ਰਾਜ ਨੂੰ 5 ਨਵੰਬਰ 2026 ਨੂੰ ਫ਼ੋਨ 'ਤੇ 5,000 ਰੁਪਏ ਕੱਟੇ ਜਾਣ ਦਾ ਮੈਸੇਜ ਪ੍ਰਾਪਤ ਹੋਇਆ। ਸ਼ੱਕ ਪੈਣ 'ਤੇ ਜਦੋਂ ਉਨ੍ਹਾਂ ਨੇ ਬੈਂਕ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਖਾਤੇ ’ਚੋਂ 2,02,000 ਰੁਪਏ ਕੱਟੇ ਗਏ ਹਨ। ਇਸ ਮਾਮਲੇ ਵਿਚ ਧਾਰਾ 318(4), 61(2) ਬੀਐੱਨਐੱਸ ਅਤੇ 66 ਆਈਟੀ ਐਕਟ ਤਹਿਤ ਮੁਕੱਦਮਾ ਦਰਜ ਹੋਇਆ ਹੈ।
ਕੰਪਨੀ ਦਾ ਡਾਟਾ ਵਰਤ ਕੇ ਵੱਖਰੀ ਕੰਪਨੀ ਚਲਾਉਣ ਦਾ ਦੋਸ਼ ਮੁਹਾਲੀ ਦੇ ਸੈਕਟਰ 83, ਆਈਟੀ ਸਿਟੀ ਸਥਿਤ ਮਾਸਟਰ ਸੋਫਟਵੇਅਰ ਸਲਿਊਸ਼ਨ ਦੇ ਸੁਨੀਲ ਗਰਗ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੇਸ ’ਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਵਿਚ ਅਹਿਮ ਅਹੁਦਿਆਂ 'ਤੇ ਕੰਮ ਕਰਦਿਆਂ ਮੁਲਜ਼ਮਾਂ ਨੇ ਨੌਕਰੀ ਦੌਰਾਨ ਹੀ 'ਸੋਮ ਨੇਚਰ ਦੀ ਵੈੱਬਕੌਸ ਲੈਂਬ' ਨਾਮ ਦੀ ਵੱਖਰੀ ਕੰਪਨੀ ਚਲਾਉਣ ਲਈ ਮੌਜੂਦਾ ਕੰਪਨੀ ਦਾ ਡਾਟਾ ਅਤੇ ਹੋਰ ਸਾਮਾਨ ਵਰਤਿਆ। ਇਸ ਮਾਮਲੇ ’ਚ ਸਜਲ ਬਜਾਜ (ਵਾਸੀ ਹਰਮਿਲਾਪ ਨਗਰ, ਬਲਟਾਣਾ), ਅੰਕੁਸ਼ ਕੋਰਾ (ਵਾਸੀ ਸਿਗਮਾ ਸਿਟੀ ਐਕਸਟੈਂਸ਼ਨ, ਜ਼ੀਰਕਪੁਰ) ਅਤੇ ਮਨੀਸ਼ ਕੁਮਾਰ ਵਰਮਾ (ਵਾਸੀ ਸੈਕਟਰ 71, ਮੁਹਾਲੀ) ਖ਼ਿਲਾਫ਼ ਧਾਰਾ 318(4) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਵੱਲੋਂ ਉਕਤ ਸਾਰੇ ਕੇਸਾਂ ’ਚ ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਬੈਂਕ ਲੈਣ-ਦੇਣ ਦੇ ਵੇਰਵਿਆਂ ਦੇ ਆਧਾਰ 'ਤੇ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ ਜਾ ਸਕੇ।