ਪਟਿਆਲਾ ਰੋਡ 'ਤੇ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ਿਆਂ ਵਿਰੁੱਧ ਸਖ਼ਤੀ; ਰੇਹੜੀਆਂ ਜ਼ਬਤ ਕਰਕੇ ਕੀਤੀ ਗਈ ਆਵਾਜਾਈ ਬਹਾਲ ਸ਼ਹਿਰ ਵਿਚ ਲਗਾਤਾਰ ਵੱਧ ਰਹੇ ਨਾਜਾਇਜ਼ ਕਬਜ਼ਿਆਂ ਅਤੇ ਬਿਨਾਂ ਪ੍ਰਵਾਨਗੀ ਤੋਂ ਲੱਗਣ ਵਾਲੀਆਂ ਰੇਹੜੀ-ਫੜ੍ਹੀਆਂ ਖ਼ਿਲਾਫ਼ ਨਗਰ ਕੌਂਸਲ ਜ਼ੀਰਕਪੁਰ ਨੇ ਇਕ ਵਾਰ ਫਿਰ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੋਮਵਾਰ ਨੂੰ ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਨੇ ਪਟਿਆਲਾ ਰੋਡ 'ਤੇ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਸੜਕ ਕਿਨਾਰੇ ਗ਼ੈਰ-ਕਾਨੂੰਨੀ ਢੰਗ ਨਾਲ ਲਗਾਈਆਂ ਗਈਆਂ ਕਈ ਰੇਹੜੀਆਂ ਨੂੰ ਜ਼ਬਤ ਕਰ ਲਿਆ। ਕਾਰਵਾਈ ਦੌਰਾਨ ਜਿਵੇਂ ਹੀ ਨਗਰ ਕੌਂਸਲ ਦੀ 'ਕਾਲੀ ਗੱਡੀ' ਮੌਕੇ 'ਤੇ ਪਹੁੰਚੀ ਤਾਂ ਰੇਹੜੀ ਚਾਲਕਾਂ ਵਿਚ ਹਫੜਾ-ਦਫੜੀ ਮਚ ਗਈ ਅਤੇ ਕਈ ਲੋਕ ਆਪਣਾ ਸਾਮਾਨ ਸਮੇਟ ਕੇ ਮੌਕੇ ਤੋਂ ਫ਼ਰਾਰ ਹੋ ਗਏ।
Publish Date: Tue, 11 Aug 2026 11:19 AM (IST)
Updated Date: Tue, 11 Aug 2026 11:20 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਵਿਚ ਲਗਾਤਾਰ ਵੱਧ ਰਹੇ ਨਾਜਾਇਜ਼ ਕਬਜ਼ਿਆਂ ਅਤੇ ਬਿਨਾਂ ਪ੍ਰਵਾਨਗੀ ਤੋਂ ਲੱਗਣ ਵਾਲੀਆਂ ਰੇਹੜੀ-ਫੜ੍ਹੀਆਂ ਖ਼ਿਲਾਫ਼ ਨਗਰ ਕੌਂਸਲ ਜ਼ੀਰਕਪੁਰ ਨੇ ਇਕ ਵਾਰ ਫਿਰ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੋਮਵਾਰ ਨੂੰ ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਨੇ ਪਟਿਆਲਾ ਰੋਡ 'ਤੇ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਸੜਕ ਕਿਨਾਰੇ ਗ਼ੈਰ-ਕਾਨੂੰਨੀ ਢੰਗ ਨਾਲ ਲਗਾਈਆਂ ਗਈਆਂ ਕਈ ਰੇਹੜੀਆਂ ਨੂੰ ਜ਼ਬਤ ਕਰ ਲਿਆ। ਕਾਰਵਾਈ ਦੌਰਾਨ ਜਿਵੇਂ ਹੀ ਨਗਰ ਕੌਂਸਲ ਦੀ 'ਕਾਲੀ ਗੱਡੀ' ਮੌਕੇ 'ਤੇ ਪਹੁੰਚੀ ਤਾਂ ਰੇਹੜੀ ਚਾਲਕਾਂ ਵਿਚ ਹਫੜਾ-ਦਫੜੀ ਮਚ ਗਈ ਅਤੇ ਕਈ ਲੋਕ ਆਪਣਾ ਸਾਮਾਨ ਸਮੇਟ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਪਰਵਿੰਦਰ ਸਿੰਘ ਭੱਟੀ ਦੇ ਨਿਰਦੇਸ਼ਾਂ 'ਤੇ ਇੰਸਪੈਕਟਰ ਵਿਪਨ ਦੀ ਅਗਵਾਈ ਹੇਠ ਇਨਫੋਰਸਮੈਂਟ ਟੀਮ ਵੱਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਨਗਰ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਵੱਧ ਰਹੇ ਟ੍ਰੈਫਿਕ ਦੇ ਦਬਾਅ ਅਤੇ ਅਣਅਧਿਕਾਰਤ ਕਬਜ਼ਿਆਂ ਦੀ ਸਮੱਸਿਆ ਨੂੰ ਦੇਖਦਿਆਂ ਇਹ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਸੜਕਾਂ 'ਤੇ ਬਿਨਾਂ ਮਨਜ਼ੂਰੀ ਲੱਗਣ ਵਾਲੀਆਂ ਰੇਹੜੀਆਂ ਨਾ ਕੇਵਲ ਆਵਾਜਾਈ ਪ੍ਰਭਾਵਿਤ ਕਰਦੀਆਂ ਹਨ, ਸਗੋਂ ਰਾਹਗੀਰਾਂ ਲਈ ਵੀ ਵੱਡੀ ਮੁਸੀਬਤ ਬਣਦੀਆਂ ਹਨ।
ਨਗਰ ਕੌਂਸਲ ਦੀ ਟੀਮ ਨੇ ਚੇਤਾਵਨੀ ਦਿੱਤੀ ਕਿ ਜਨਤਕ ਥਾਵਾਂ 'ਤੇ ਨਾਜਾਇਜ਼ ਕਬਜ਼ਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ, ਗ਼ੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨਾਂ ਅਤੇ ਅਣ-ਅਧਿਕਾਰਤ ਕਬਜ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ।
''ਸ਼ਹਿਰ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਲਗਾਈਆਂ ਜਾ ਰਹੀਆਂ ਰੇਹੜੀ-ਫੜ੍ਹੀਆਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਨਗਰ ਕੌਂਸਲ ਦੀ ਇਨਫੋਰਸਮੈਂਟ ਟੀਮ ਵੱਲੋਂ ਉਲੀਕੀ ਗਈ ਯੋਜਨਾ ਤਹਿਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਵੀ ਇਹ ਅਭਿਆਨ ਪੂਰੀ ਸਖ਼ਤੀ ਨਾਲ ਜਾਰੀ ਰਹੇਗਾ।''
ਵਿਪਨ, ਇੰਸਪੈਕਟਰ, ਨਗਰ ਕੌਂਸਲ ਜ਼ੀਰਕਪੁਰ।