- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ 07 ਨਵੰਬਰ 2026 ਨੂੰ ਖਰੜ ਇਲਾਕੇ ਵਿੱਚ ਗਸ਼ਤ ਦੌਰਾਨ ਖ਼ੁਫ਼ੀਆ ਇਤਲਾਹ ਮਿਲੀ ਸੀ ਕਿ ਇਹ ਮੁਲਜ਼ਮ ਆਪਣੀ ਹੁੰਡਈ ਕਰੇਟਾ ਕਾਰ ਵਿੱਚ ਸਵਾਰ ਹੋ ਕੇ ਮੋਹਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨਸ਼ੇ ਅਤੇ ਅਸਲੇ ਦੀ ਖੇਪ ਵੇਚਣ ਲਈ ਘੁੰਮ ਰਹੇ ਹਨ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਪਾਕਿਸਤਾਨ ਅਧਾਰਿਤ ਹੈਂਡਲਰਾਂ ਦੇ ਇਸ਼ਾਰੇ 'ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਮੰਗਵਾ ਕੇ ਟ੍ਰਾਈਸਿਟੀ ਖੇਤਰ ਵਿੱਚ ਸਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਗਿਰੋਹ ਦੇ ਚਾਰ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਹਾਲੀ ਦੇ ਐੱਸਐੱਸਪੀ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸਪੀ (ਡੀ) ਸੌਰਵ ਜਿੰਦਲ, ਐੱਸਪੀ (ਆਪਰੇਸ਼ਨ) ਅਕਾਸ਼ਦੀਪ ਸਿੰਘ ਅਤੇ ਡੀਐਸਪੀ (ਤਫ਼ਤੀਸ਼ੀ ) ਰਾਜਨਪਰਮਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਦੀ ਟੀਮ ਨੇ ਇਹ ਸਫ਼ਲ ਕਾਰਵਾਈ ਕੀਤੀ। ਫੜੇ ਗਏ ਚਾਰੇ ਮੁਲਜ਼ਮ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਹਨ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ (ਉਮਰ 23 ਸਾਲ) ਪੁੱਤਰ ਗੁਰਨਾਮ ਸਿੰਘ, ਵਾਸੀ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ, ਸੁਨੀਲ ਉਰਫ਼ ਸੰਨੀ (ਉਮਰ 26 ਸਾਲ) ਪੁੱਤਰ ਬਲਵਿੰਦਰ ਸਿੰਘ, ਵਾਸੀ ਪਿੰਡ ਕਮਾਲਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਉਰਫ਼ ਗੁਰੀ (ਉਮਰ 24 ਸਾਲ) ਪੁੱਤਰ ਮੰਗਲ ਸਿੰਘ, ਵਾਸੀ ਪਿੰਡ ਇਸਾ ਪੰਜ ਗਰਾਈਂ, ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਅਤੇ ਸੁਖਚੈਨ ਸਿੰਘ ਉਰਫ਼ ਸੁੱਖਾ (ਉਮਰ 23 ਸਾਲ) ਪੁੱਤਰ ਜਗਦੀਸ਼ ਸਿੰਘ, ਵਾਸੀ ਗੱਦੂ ਖਿਲਚਾ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਇਨ੍ਹਾਂ ਦਾ ਪਿਹਲਾਂ ਕੋਈ ਅਪਰਾਧਿਕ ਰਿਕਾਰਡ ਦਰਜ ਨਹੀਂ ਹੈ।
ਗ੍ਰਿਫ਼ਤਾਰੀ ਅਤੇ ਬਰਾਮਦਗੀ ਦਾ ਵੇਰਵਾ:
ਪੁਲਿਸ ਨੂੰ 07 ਨਵੰਬਰ 2026 ਨੂੰ ਖਰੜ ਇਲਾਕੇ ਵਿੱਚ ਗਸ਼ਤ ਦੌਰਾਨ ਖ਼ੁਫ਼ੀਆ ਇਤਲਾਹ ਮਿਲੀ ਸੀ ਕਿ ਇਹ ਮੁਲਜ਼ਮ ਆਪਣੀ ਹੁੰਡਈ ਕਰੇਟਾ ਕਾਰ ਵਿੱਚ ਸਵਾਰ ਹੋ ਕੇ ਮੋਹਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨਸ਼ੇ ਅਤੇ ਅਸਲੇ ਦੀ ਖੇਪ ਵੇਚਣ ਲਈ ਘੁੰਮ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਘੇਰ ਕੇ ਕਾਬੂ ਕੀਤਾ ਜਿਨ੍ਹਾਂ ਕੋਲੋਂ 1 ਜ਼ਿਗਾਨਾ (30 ਬੋਰ), 2 ਪਿਸਟਲ (32 ਬੋਰ) ਅਤੇ 2 ਪਿਸਟਲ (315 ਬੋਰ), 100 ਗ੍ਰਾਮ ਹੈਰੋਇਨ, 1,00,000/- ਡਰੱਗ ਮਨੀ ਅਤੇ 1 ਕਰੇਟਾ ਕਾਰ ਬਰਾਮਦ ਕੀਤੀ।
ਸਰਹੱਦ ਪਾਰ ਤੋਂ ਤਸਕਰੀ ਅਤੇ ਅਗਲੇਰੀ ਕਾਰਵਾਈ
ਮੁੱਢਲੀ ਜਾਂਚ ਦੌਰਾਨ ਇਹ ਸਨਸਨੀਖੇਜ਼ ਤੱਥ ਸਾਹਮਣੇ ਆਏ ਹਨ ਕਿ ਇਹ ਗਿਰੋਹ ਪਾਕਿਸਤਾਨ ਅਧਾਰਿਤ ਪੀ.ਆਈ.ਓਜ਼ (PIOs) ਨਾਲ ਸਿੱਧੇ ਸੰਪਰਕ ਵਿੱਚ ਸੀ। ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਸੁੱਟੀ ਜਾਂਦੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਇਹ ਨਿਰਧਾਰਤ ਥਾਵਾਂ ਤੋਂ ਚੁੱਕਦੇ ਸਨ ਅਤੇ ਮੁਹਾਲੀ, ਚੰਡੀਗੜ੍ਹ ਸਮੇਤ ਪੂਰੇ ਟ੍ਰਾਈਸਿਟੀ ਵਿੱਚ ਮੋਟੇ ਮੁਨਾਫ਼ੇ 'ਤੇ ਵੇਚਦੇ ਸਨ।
ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਖਰੜ ਵਿਖੇ ਐਨ.ਡੀ.ਪੀ.ਐਸ. ਐਕਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ (ਮੁਕੱਦਮਾ ਨੰ. 388) ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ 04 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਸ ਅੰਤਰਰਾਸ਼ਟਰੀ ਨੈੱਟਵਰਕ ਦੀਆਂ ਹੋਰ ਕੜੀਆਂ ਅਤੇ ਖਰੀਦਦਾਰਾਂ ਦਾ ਪਰਦਾਫਾਸ਼ ਕੀਤਾ ਜਾ ਸਕੇ।