ਸ਼ਰਾਬ ਤਸਕਰਾਂ ਨੂੰ ਵੱਡਾ ਝਟਕਾ: ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਦੀ ਖੇਪ ਬਰਾਮਦ, ਇੱਕ ਕਾਬੂ
ਡੇਰਾਬੱਸੀ ਪੁਲਿਸ ਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਚੰਡੀਗੜ੍ਹ ਤੋਂ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀ ਇਕ ਵੱਡੀ ਖੇਪ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਕ ਕੈਂਟਰ ਵਿਚੋਂ ਕੁੱਲ 8,400 ਬੋਤਲਾਂ ਗ਼ੈਰ-ਕਾਨੂੰਨੀ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
Publish Date: Sat, 08 Aug 2026 11:18 AM (IST)
Updated Date: Sat, 08 Aug 2026 11:18 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਚੰਡੀਗੜ੍ਹ ਤੋਂ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਦੀ ਇਕ ਵੱਡੀ ਖੇਪ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਕ ਕੈਂਟਰ ਵਿਚੋਂ ਕੁੱਲ 8,400 ਬੋਤਲਾਂ ਗ਼ੈਰ-ਕਾਨੂੰਨੀ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਅਧਿਕਾਰੀ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਟੀਮ ਸਮੇਤ ਟੀ-ਪੁਆਇੰਟ ਮੁਬਾਰਕਪੁਰ ਵਿਖੇ ਗਸ਼ਤ ਅਤੇ ਚੈਕਿੰਗ ਦੌਰਾਨ ਮੌਜੂਦ ਸਨ। ਇਸੇ ਦੌਰਾਨ ਸ਼ਾਮ ਕਰੀਬ 3:30 ਵਜੇ ਇਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਾਜ ਕੁਮਾਰ ਨਾਮ ਦਾ ਵਿਅਕਤੀ ਆਪਣੇ ਕੈਂਟਰ ਨੰ. ਐੱਚਪੀ-67-3735, ਮਾਰਕਾ ਟਾਟਾ 1109 ਵਿਚ ਚੰਡੀਗੜ੍ਹ ਤੋਂ ਸ਼ਰਾਬ ਲੱਦ ਕੇ ਜ਼ੀਰਕਪੁਰ ਅਤੇ ਡੇਰਾਬੱਸੀ ਵੱਲ ਵੇਚਣ ਲਈ ਆ ਰਿਹਾ ਹੈ। ਇਤਲਾਹ ਦੇ ਆਧਾਰ 'ਤੇ ਪੁਲਿਸ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ ਅਤੇ ਉਕਤ ਕੈਂਟਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਕੈਂਟਰ ਦੀ ਤਲਾਸ਼ੀ ਦੌਰਾਨ 'ਫਾਰ ਸੇਲ ਇਨ ਚੰਡੀਗੜ੍ਹ' ਦੀਆਂ 8400 ਬੋਤਲਾਂ ਬਰਾਮਦ ਹੋਈਆਂ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜ ਕੁਮਾਰ ਪੁੱਤਰ ਜੋਗਿੰਦਰ, ਵਾਸੀ ਪਿੰਡ ਚਨਿਆਨੀ ਖੁਰਦ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।