ਪੰਜਾਬ ਦੀਆਂ ਅਧਿਆਪਕਾਂ ਜਥੇਬੰਦੀਆਂ ਦਾ ਵੱਡਾ ਐਲਾਨ: ਗੈਰ-ਵਿੱਦਿਅਕ ਕੰਮਾਂ, ਖੇਡਾਂ ਤੇ ਮਿਡ ਡੇਅ ਮੀਲ ਦਾ ਬਾਈਕਾਟ ਰਹੇਗਾ ਜਾਰੀ
ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਆਗਾਮੀ ਮੈਗਾ PTM ਨੂੰ ਕੋਈ ਸਿਆਸੀ ਪ੍ਰਚਾਰ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ। ਇਸ ਦੌਰਾਨ ਸਕੂਲਾਂ ਵਿੱਚ ਆਉਣ ਵਾਲੇ ਮਾਪਿਆਂ ਨੂੰ ਰਾਜ ਦੀ ਸਿੱਖਿਆ ਨੀਤੀ ਦੀਆਂ ਖਾਮੀਆਂ, ਖਾਲੀ ਪਈਆਂ ਅਸਾਮੀਆਂ, ਗੈਰ ਵਿਦਿਅਕ ਕੰਮਾਂ ਦੇ ਬੋਝ ਅਤੇ ਮਿਡ ਡੇਅ ਮੀਲ ਤੇ ਖੇਡ ਫੰਡ ਜਾਰੀ ਨਾ ਹੋਣ ਵਰਗੀਆਂ ਹਕੀਕਤਾਂ ਤੋਂ ਜਾਣੂ ਕਰਵਾਇਆ ਜਾਵੇਗਾ।
Publish Date: Thu, 08 Oct 2026 04:19 PM (IST)
Updated Date: Thu, 08 Oct 2026 04:23 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਲਟਕਦੀਆਂ ਮੰਗਾਂ ਅਤੇ ਫੰਡ ਜਾਰੀ ਨਾ ਕਰਨ ਦੇ ਰੋਸ ਵਿੱਚ ਗੈਰ ਵਿੱਦਿਅਕ ਕੰਮਾਂ, ਖੇਡਾਂ, ਮਿਡ ਡੇਅ ਮੀਲ ਅਤੇ ਸਕੂਲਾਂ ਦੀ ਸਫ਼ਾਈ ਵਰਗੇ ਕਾਰਜਾਂ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਅੱਜ ਸਮੂਹ ਅਧਿਆਪਕ ਜਥੇਬੰਦੀਆਂ ਦੀ ਇਕ ਅਹਿਮ ਵਰਚੁਅਲ ਮੀਟਿੰਗ ਹੋਈ, ਜਿਸ ਵਿੱਚ ਚੱਲ ਰਹੇ ਬਾਈਕਾਟ ਦੀ ਸਮੀਖਿਆ ਤੋਂ ਬਾਅਦ ਸਰਬਸੰਮਤੀ ਨਾਲ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦਾ ਮਤਾ ਪਾਸ ਕੀਤਾ ਗਿਆ।
ਮੀਟਿੰਗ ’ਚ ਸ਼ਾਮਲ ਪ੍ਰਮੁੱਖ ਆਗੂ
ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਪਾਲ ਸਿੰਘ ਪੰਨੂ, ਵਿਕਰਮਦੇਵ ਸਿੰਘ, ਸੁਰਿੰਦਰ ਕੰਬੋਜ, ਸੁਖਚੈਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਲਛਮਣ ਸਿੰਘ ਨਬੀਪੁਰ, ਦਿਗਵਿਜੇ ਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਹਰਿੰਦਰਜੀਤ ਸਿੰਘ, ਗੁਰਮੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਜਗਪਾਲ ਸਿੰਘ ਬੰਗੀ, ਗੁਰਿੰਦਰ ਸਿੰਘ ਘੁੱਕੇਵਾਲੀ, ਹਰੀਕ੍ਰਿਸ਼ਨ ਅਤੇ ਤੇਜਿੰਦਰ ਸਿੰਘ ਮੋਹਾਲੀ ਸਮੇਤ ਕਈ ਪ੍ਰਮੁੱਖ ਅਧਿਆਪਕ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੈਗਾ PTM ਵਿੱਚ ਪੋਲ ਖੋਲ੍ਹਣ ਦੀ ਚਿਤਾਵਨੀ
ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਆਗਾਮੀ ਮੈਗਾ PTM ਨੂੰ ਕੋਈ ਸਿਆਸੀ ਪ੍ਰਚਾਰ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ। ਇਸ ਦੌਰਾਨ ਸਕੂਲਾਂ ਵਿੱਚ ਆਉਣ ਵਾਲੇ ਮਾਪਿਆਂ ਨੂੰ ਰਾਜ ਦੀ ਸਿੱਖਿਆ ਨੀਤੀ ਦੀਆਂ ਖਾਮੀਆਂ, ਖਾਲੀ ਪਈਆਂ ਅਸਾਮੀਆਂ, ਗੈਰ ਵਿਦਿਅਕ ਕੰਮਾਂ ਦੇ ਬੋਝ ਅਤੇ ਮਿਡ ਡੇਅ ਮੀਲ ਤੇ ਖੇਡ ਫੰਡ ਜਾਰੀ ਨਾ ਹੋਣ ਵਰਗੀਆਂ ਹਕੀਕਤਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਖੇਡਾਂ ਅਤੇ ਮਿਡ ਡੇਅ ਮੀਲ ਦੇ ਬਕਾਏ ਦਾ ਮੁੱਦਾ
ਆਗੂਆਂ ਨੇ ਦੱਸਿਆ ਕਿ ਸਰਕਾਰ ਨੇ 'ਖੇਡਾਂ ਵਤਨ ਪੰਜਾਬ ਦੀਆਂ' ਉੱਤੇ 1700 ਕਰੋੜ ਰੁਪਏ ਖਰਚ ਦਿੱਤੇ ਹਨ ਪਰ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਲਈ ਕੋਈ ਫੰਡ ਜਾਰੀ ਨਹੀਂ ਕੀਤਾ। ਉਨ੍ਹਾਂ ਮੁਤਾਬਕ ਬਲਾਕ ਪੱਧਰ 'ਤੇ 1 ਲੱਖ ਅਤੇ ਜ਼ਿਲ੍ਹਾ ਪੱਧਰ 'ਤੇ 2 ਲੱਖ ਰੁਪਏ ਖਰਚ ਕੇ ਮਾਤਰ 2.74 ਕਰੋੜ ਰੁਪਏ ਵਿੱਚ ਪੰਜਾਬ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ।
ਇਸ ਤੋਂ ਇਲਾਵਾ, ਪਿਛਲੇ 5 ਮਹੀਨਿਆਂ ਤੋਂ ਮਿਡ ਡੇਅ ਮੀਲ ਦਾ ਬਕਾਇਆ ਨਾ ਮਿਲਣ ਕਾਰਨ ਅਧਿਆਪਕਾਂ ਨੇ ਆਪਣੀ ਜੇਬ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ ਹਨ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਇਹ ਬਕਾਇਆ ਫੰਡ ਰਿਲੀਜ਼ ਨਹੀਂ ਹੁੰਦਾ, ਮਿਡ ਡੇਅ ਮੀਲ ਦਾ ਕੰਮ ਪੂਰੀ ਤਰ੍ਹਾਂ ਠੱਪ ਰਹੇਗਾ।
ਅਗਲੀ ਰਣਨੀਤੀ ਅਤੇ ਸੰਗਰੂਰ ਰੈਲੀ
ਸਮੂਹ ਅਧਿਆਪਕ ਜਥੇਬੰਦੀਆਂ ਦਾ ਇੱਕ ਉੱਚ ਪੱਧਰੀ ਵਫ਼ਦ 14 ਅਕਤੂਬਰ ਨੂੰ ਸਿੱਖਿਆ ਵਿਭਾਗ ਦੇ ਉੱਚ ਅਧਿਆਪਕਾਂ ਨਾਲ ਮੁਲਾਕਾਤ ਕਰੇਗਾ। ਇਸ ਮੀਟਿੰਗ ਵਿੱਚ 5 ਮਹੀਨਿਆਂ ਦੇ ਮਿਡ ਡੇਅ ਮੀਲ ਦੇ ਫੰਡਾਂ, ਖੇਡ ਫੰਡ, ਪਦ-ਉੱਨਤੀਆਂ, ਸਟੇਸ਼ਨ ਚੋਣ ਅਤੇ ਸੀਨੀਅਰ ਅਧਿਆਪਕਾਂ ਦੇ ਲਟਕਦੇ ਮਸਲਿਆਂ 'ਤੇ ਚਰਚਾ ਕੀਤੀ ਜਾਵੇਗੀ।
ਨਾਲ ਹੀ, ਜਥੇਬੰਦੀਆਂ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਿ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋ ਰਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ।