ਮੁਹਾਲੀ 'ਚ ਵੱਡਾ ਹਾਦਸਾ: ਪੰਜਾਬ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, 3 ਔਰਤਾਂ ਸਮੇਤ 6 ਵਿਅਕਤੀ ਗੰਭੀਰ ਜ਼ਖ਼ਮੀ ਖਰੜ-ਲੁਧਿਆਣਾ ਹਾਈਵੇ 'ਤੇ ਪਿੰਡ ਖਾਨਪੁਰ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਦੋ ਕਾਰਾਂ ਵਿਚਾਲੇ ਹੋਈ ਟੱਕਰ 'ਚ ਤਿੰਨ ਔਰਤਾਂ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਫਰੀਦਕੋਟ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਜਦੋਂ ਬੱਸ ਪਿੰਡ ਖਾਨਪੁਰ ਨੇੜੇ ਫਲਾਈਓਵਰ ਤੋਂ ਥੱਲੇ ਉੱਤਰ ਰਹੀ ਸੀ, ਤਾਂ ਹਾਈਵੇ 'ਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਏ ਗਏ ਇਕ ਨਵੇਂ ਕੱਟ ਤੋਂ ਅਚਾਨਕ ਇਕ ਕਾਰ ਬੱਸ ਦੇ ਅੱਗੇ ਆ ਗਈ। ਬੱਸ ਡਰਾਈਵਰ ਨੇ ਕਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਕਾਰ ਬੱਸ ਨਾਲ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨ
Publish Date: Thu, 30 Jul 2026 01:07 PM (IST)
Updated Date: Thu, 30 Jul 2026 01:11 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਖਰੜ-ਲੁਧਿਆਣਾ ਹਾਈਵੇ 'ਤੇ ਪਿੰਡ ਖਾਨਪੁਰ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਦੋ ਕਾਰਾਂ ਵਿਚਾਲੇ ਹੋਈ ਟੱਕਰ 'ਚ ਤਿੰਨ ਔਰਤਾਂ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਫਰੀਦਕੋਟ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਜਦੋਂ ਬੱਸ ਪਿੰਡ ਖਾਨਪੁਰ ਨੇੜੇ ਫਲਾਈਓਵਰ ਤੋਂ ਥੱਲੇ ਉੱਤਰ ਰਹੀ ਸੀ, ਤਾਂ ਹਾਈਵੇ 'ਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣਾਏ ਗਏ ਇਕ ਨਵੇਂ ਕੱਟ ਤੋਂ ਅਚਾਨਕ ਇਕ ਕਾਰ ਬੱਸ ਦੇ ਅੱਗੇ ਆ ਗਈ। ਬੱਸ ਡਰਾਈਵਰ ਨੇ ਕਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਕਾਰ ਬੱਸ ਨਾਲ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਨੂੰ ਬਚਾਉਂਦਿਆਂ ਬੱਸ ਡਰਾਈਵਰ ਨੇ ਬੱਸ ਨੂੰ ਸੜਕ ਕਿਨਾਰੇ ਇਕ ਪਲਾਟ ਵਿਚ ਉਤਾਰ ਦਿੱਤਾ, ਜਿਸ ਕਾਰਨ ਬੱਸ ਵਿਚ ਸਵਾਰ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ।
ਇਸ ਹਾਦਸੇ ਵਿਚ ਅਮਿਤਾ ਸ਼ਰਮਾ ਵਾਸੀ ਲੁਧਿਆਣਾ, ਸਭੋਦ ਕੁਮਾਰੀ ਵਾਸੀ ਲੁਧਿਆਣਾ, ਰਾਜਵੀਰ ਸਿੰਘ ਵਾਸੀ ਲੁਧਿਆਣਾ, ਸੰਦੀਪ ਸਿੰਘ ਵਾਸੀ ਲੁਧਿਆਣਾ, ਸੁਰਿੰਦਰ ਕੌਰ ਪੰਜਾਬ ਪੁਲਿਸ ਮੁਲਾਜ਼ਮ ਥਾਣਾ ਸਾਹਨੇਵਾਲ ਅਤੇ ਅਭਿਸ਼ੇਕ ਆਹੂਜਾ ਕਾਰ ਚਾਲਕ ਦੇ ਜ਼ਖ਼ਮੀ ਹੋਣ ਸਬੰਧੀ ਪਛਾਣ ਹੋਈ ਹੈ। ਘਟਨਾ ਤੋਂ ਤੁਰੰਤ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਖੇ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਫੇਜ਼-6, ਮੁਹਾਲੀ ਲਈ ਰੈਫ਼ਰ ਕਰ ਦਿੱਤਾ।
ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਰਾਜਵੀਰ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਚੰਡੀਗੜ੍ਹ ਆ ਰਹੇ ਸਨ। ਬੱਸ ਆਪਣੀ ਆਮ ਰਫ਼ਤਾਰ 'ਤੇ ਹੀ ਸੀ ਕਿ ਫਲਾਈਓਵਰ ਤੋਂ ਉੱਤਰਦਿਆਂ ਹੀ ਇਕ ਕਾਰ ਅਚਾਨਕ ਕੱਟ ਤੋਂ ਬੱਸ ਦੇ ਅੱਗੇ ਆ ਗਈ। ਬੱਸ ਚਾਲਕ ਨੇ ਸਮਝਦਾਰੀ ਦਿਖਾਉਂਦਿਆਂ ਗੱਡੀ ਹੇਠਾਂ ਖਾਲੀ ਪਲਾਟ ਵਿਚ ਲਾਹ ਦਿੱਤੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ, ਪਰ ਪਲਾਟ ਡੂੰਘਾ ਹੋਣ ਕਰਕੇ ਸਵਾਰੀਆਂ ਨੂੰ ਝਟਕਾ ਲੱਗਣ ਨਾਲ ਸੱਟਾਂ ਲੱਗੀਆਂ।
ਪੰਜਾਬ ਰੋਡਵੇਜ਼ ਦੇ ਬੱਸ ਚਾਲਕ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਬੱਸ ਨੂੰ ਨਾਰਮਲ ਸਪੀਡ 'ਤੇ ਲੈ ਕੇ ਜਾ ਰਹੇ ਸਨ। ਕਾਰ ਚਾਲਕ ਨੇ ਅਚਾਨਕ ਹਾਈਵੇ ਦੇ ਕੱਟ ਤੋਂ ਗੱਡੀ ਦੂਜੀ ਸਾਈਡ ਮੋੜ ਲਈ, ਜਿਸ ਕਾਰਨ ਉਸ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਖਰੜ ਤੋਂ ਤਫ਼ਤੀਸ਼ੀ ਅਫ਼ਸਰ ਲਖਵਿੰਦਰ ਪਾਲ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਹਾਈਵੇ 'ਤੇ ਬਣੇ ਨਵੇਂ ਕੱਟ ਤੋਂ ਕਾਰ ਮੋੜਨ ਵੇਲੇ ਵਾਪਰਿਆ ਜਾਪਦਾ ਹੈ। ਨੁਕਸਾਨੀ ਗਈ ਕਾਰ ਦੇ ਪਿੱਛੇ ਆ ਰਹੀ ਇਕ ਹੋਰ ਕਾਰ, ਜਿਸ ਨੂੰ ਜੰਮੂ-ਕਸ਼ਮੀਰ ਵਾਸੀ ਰੌਸ਼ਨ ਸਿੰਘ ਚਲਾ ਰਿਹਾ ਸੀ ਵੀ ਇਸ ਟੱਕਰ ਦੀ ਲਪੇਟ ਵਿਚ ਆ ਗਈ, ਪਰ ਉਸ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।