ਜ਼ਰਾ ਜਿੰਨੀ ਗੱਲ ਨੇ ਮਚਾਇਆ ਤਹਿਲਕਾ! ਮਾਮੂਲੀ ਬਹਿਸ ਤੋਂ ਬਾਅਦ ਪ੍ਰਾਪਰਟੀ ਡੀਲਰ 'ਤੇ ਜਾਨਲੇਵਾ ਹਮਲਾ, ਦੋ ਖ਼ਿਲਾਫ਼ ਪਰਚਾ ਦਰਜ ਜਗਤਪੁਰਾ ਇਲਾਕੇ ਵਿਚ ਰਸਤਾ ਰੋਕਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਇਕ ਪ੍ਰਾਪਰਟੀ ਡੀਲਰ 'ਤੇ ਬੇਸਬਾਲ ਬੈਟ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੋਹਾਣਾ ਦੀ ਪੁਲਿਸ ਨੇ ਜਗਤਪੁਰਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਵਿੱਕੀ ਅਤੇ ਬਲਜੀਤ ਸਿੰਘ ਵਜੋਂ ਹੋਈ ਹੈ। ਦੋਸ਼ ਹੈ ਕਿ ਦੋਵਾਂ ਨੇ ਪ੍ਰਾਪਰਟੀ ਕਾਰੋਬਾਰੀ ਰਣਜੀਤ ਰਾਣਾ 'ਤੇ ਹਮਲਾ ਕਰ ਕੇ ਉਸ ਦੇ ਸਿਰ ਅਤੇ ਪਿੱਠ 'ਤੇ ਡੰਡੇ ਨਾਲ ਕਈ ਵਾਰ ਕੀਤੇ। ਜ਼ਖ਼ਮੀ ਦਾ ਚੰਡੀਗੜ੍ਹ ਦੇ ਜੀਐੱਮਸੀਐੱਚ-32 ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
Publish Date: Wed, 19 Aug 2026 01:19 PM (IST)
Updated Date: Wed, 19 Aug 2026 01:20 PM (IST)
ਕ੍ਰਾਇਮ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਜਗਤਪੁਰਾ ਇਲਾਕੇ ਵਿਚ ਰਸਤਾ ਰੋਕਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਇਕ ਪ੍ਰਾਪਰਟੀ ਡੀਲਰ 'ਤੇ ਬੇਸਬਾਲ ਬੈਟ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੋਹਾਣਾ ਦੀ ਪੁਲਿਸ ਨੇ ਜਗਤਪੁਰਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪਛਾਣ ਵਿੱਕੀ ਅਤੇ ਬਲਜੀਤ ਸਿੰਘ ਵਜੋਂ ਹੋਈ ਹੈ। ਦੋਸ਼ ਹੈ ਕਿ ਦੋਵਾਂ ਨੇ ਪ੍ਰਾਪਰਟੀ ਕਾਰੋਬਾਰੀ ਰਣਜੀਤ ਰਾਣਾ 'ਤੇ ਹਮਲਾ ਕਰ ਕੇ ਉਸ ਦੇ ਸਿਰ ਅਤੇ ਪਿੱਠ 'ਤੇ ਡੰਡੇ ਨਾਲ ਕਈ ਵਾਰ ਕੀਤੇ। ਜ਼ਖ਼ਮੀ ਦਾ ਚੰਡੀਗੜ੍ਹ ਦੇ ਜੀਐੱਮਸੀਐੱਚ-32 ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਜਾਂਚ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਰਣਜੀਤ ਰਾਣਾ ਨੇ ਦੱਸਿਆ ਕਿ 15 ਅਗਸਤ ਨੂੰ ਉਹ ਆਪਣੀ ਬੇਟੀ ਨਵਜੋਤ ਕੌਰ ਨਾਲ ਕਾਰ 'ਚ ਘਰ ਜਾ ਰਿਹਾ ਸੀ। ਉਸ ਦੀ ਬੇਟੀ ਕਾਰ ਚਲਾ ਰਹੀ ਸੀ। ਜਗਤਪੁਰਾ ਵਿਖੇ ਰਸਤੇ 'ਚ ਇਕ ਪਾਸੇ ਆਟੋ ਅਤੇ ਦੂਜੇ ਪਾਸੇ ਹੋਰ ਵਾਹਨ ਖੜ੍ਹੇ ਸਨ। ਜਦੋਂ ਰਣਜੀਤ ਰਾਣਾ ਨੇ ਇਕ ਚਾਲਕ ਨੂੰ ਆਟੋ ਪਾਸੇ ਕਰਨ ਲਈ ਕਿਹਾ ਤਾਂ ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਦੋਸ਼ ਹੈ ਕਿ ਆਟੋ ਚਾਲਕ ਨੇ ਉਸ ਨਾਲ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕੀਤੀ। ਇਸੇ ਦੌਰਾਨ ਮੌਕੇ 'ਤੇ ਪੁੱਜੀ ਪੀਜੀ ਸੰਚਾਲਕ 'ਤੇ ਵੀ ਰਣਜੀਤ ਰਾਣਾ ਨੇ ਆਪਣੀ ਬੇਟੀ ਨਾਲ ਹੱਥੋਪਾਈ ਕਰਨ ਦੇ ਦੋਸ਼ ਲਾਏ ਹਨ। ਬਾਅਦ 'ਚ ਗੱਡੀ ਹਟਾਉਣ 'ਤੇ ਉਹ ਆਪਣੀ ਬੇਟੀ ਨਾਲ ਘਰ ਚਲਾ ਗਿਆ।
ਸ਼ਿਕਾਇਤ ਅਨੁਸਾਰ 16 ਅਗਸਤ ਨੂੰ ਰਣਜੀਤ ਰਾਣਾ ਨੂੰ ਪਤਾ ਲੱਗਾ ਕਿ ਪੀਜੀ ਸੰਚਾਲਕ ਕਿਸੇ ਵਿਅਕਤੀ ਰਾਹੀਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ। ਇਸ ਤੋਂ ਅਗਲੇ ਦਿਨ 17 ਅਗਸਤ ਨੂੰ ਸਵੇਰੇ ਲਗਭਗ 10:30 ਵਜੇ ਜਦੋਂ ਉਹ ਐਕਟਿਵਾ 'ਤੇ ਆਪਣੇ ਦਫ਼ਤਰ ਜਾ ਰਿਹਾ ਸੀ, ਤਾਂ ਗੁਰਦੁਆਰਾ ਸਾਹਿਬ ਦੀ ਪਿਛਲੀ ਸਾਈਡ ਗੰਦੇ ਨਾਲੇ ਦੇ ਪੁਲ਼ ਕੋਲ ਵਿੱਕੀ ਅਤੇ ਬਲਜੀਤ ਸਿੰਘ ਰਸਤੇ 'ਚ ਖੜ੍ਹੇ ਸਨ। ਬਲਜੀਤ ਸਿੰਘ ਨੇ ਧਮਕੀ ਦਿੰਦਿਆਂ ਕਿਹਾ ਕਿ ਅੱਜ ਇਸ ਨੂੰ ਜਾਣ ਨਹੀਂ ਦੇਣਾ, ਜਿਸ ਤੋਂ ਬਾਅਦ ਵਿੱਕੀ ਨੇ ਬੇਸਬਾਲ ਬੈਟ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ। ਸੱਟ ਲੱਗਣ ਕਾਰਨ ਉਹ ਸੜਕ 'ਤੇ ਡਿੱਗ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਪਿੱਠ 'ਤੇ ਵੀ 4-5 ਵਾਰ ਕੀਤੇ ਗਏ।
ਪੁਲਿਸ ਵੱਲੋਂ ਮਾਮਲਾ ਦਰਜ, ਜਾਂਚ ਜਾਰੀ ਜੀਐੱਮਸੀਐੱਚ-32 ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਹਸਪਤਾਲ ਪਹੁੰਚ ਕੇ ਡਾਕਟਰਾਂ ਵੱਲੋਂ ਜ਼ਖ਼ਮੀ ਨੂੰ ਫਿੱਟ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਦੇ ਬਿਆਨ ਦਰਜ ਕੀਤੇ। ਬਿਆਨਾਂ ਦੇ ਆਧਾਰ 'ਚ ਪੁਲਿਸ ਨੇ ਵਿੱਕੀ ਅਤੇ ਬਲਜੀਤ ਸਿੰਘ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 109, 115(2) ਅਤੇ 351(2) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਿਕਾਇਤ 'ਚ ਲਗਾਏ ਗਏ ਹੋਰ ਦੋਸ਼ਾਂ ਦੀ ਵੀ ਪੜਤਾਲ ਜਾਰੀ ਹੈ।