
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਾਇਦਾਦ ਦੇ ਅੰਨ੍ਹੇ ਮੋਹ ਅਤੇ ਰੰਜਿਸ਼ ਨੇ ਇਕ ਵਾਰ ਫਿਰ ਖ਼ੂਨੀ ਰੂਪ ਧਾਰਨ ਕਰ ਲਿਆ ਹੈ। ਮੁਹਾਲੀ ਦੇ ਸੈਕਟਰ 87 ਵਿਚ ਇਕ ਸਾਲੇ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਹੀ ਜੀਜੇ 'ਤੇ ਚਾਕੂਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਜਾਇਦਾਦ ਦੇ ਅੰਨ੍ਹੇ ਮੋਹ ਅਤੇ ਰੰਜਿਸ਼ ਨੇ ਇਕ ਵਾਰ ਫਿਰ ਖ਼ੂਨੀ ਰੂਪ ਧਾਰਨ ਕਰ ਲਿਆ ਹੈ। ਮੁਹਾਲੀ ਦੇ ਸੈਕਟਰ 87 ਵਿਚ ਇਕ ਸਾਲੇ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਹੀ ਜੀਜੇ 'ਤੇ ਚਾਕੂਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਭੰਗੂ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਪ੍ਰਾਪਰਟੀ ਡੀਲਰ ਸੀ।
ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ, ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜਾਇਦਾਦ ਉਸ ਦੀ ਮਾਂ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਉਸਦਾ ਭਰਾ ਪ੍ਰਦੀਪ ਸਿੰਘ ਦੀਆਂ ਗ਼ਲਤ ਆਦਤਾਂ ਅਤੇ ਮਾੜੀ ਸੰਗਤ ਕਾਰਨ ਮਾਂ ਨੇ ਉਸ ਨੂੰ ਜਾਇਦਾਦ ਤੋਂ ਬੇਦਖ਼ਲ ਕੀਤਾ ਹੋਇਆ ਸੀ। ਸੈਕਟਰ 87 ਸਥਿਤ 2 ਕਨਾਲ ਜ਼ਮੀਨ 'ਚ ਉਸ ਦੇ ਪਤੀ ਅਮਨਦੀਪ ਸਿੰਘ ਭੰਗੂ ਨੇ ਆਪਣਾ ਦਫ਼ਤਰ ਅਤੇ ਫਾਰਮ ਹਾਊਸ ਬਣਾਇਆ ਸੀ। ਪ੍ਰਦੀਪ ਨੂੰ ਸ਼ੱਕ ਸੀ ਕਿ ਉਸ ਦਾ ਜੀਜਾ ਅਮਨਦੀਪ ਹੀ ਉਸ ਦੀ ਮਾਂ ਨੂੰ ਉਸ ਦੇ ਨਾਮ ਵਸੀਅਤ ਕਰਨ ਤੋਂ ਰੋਕ ਰਿਹਾ ਹੈ।
ਘਟਨਾ ਦਾ ਵੇਰਵਾ :
ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ 2019 ’ਚ ਅਮਨਦੀਪ ਸਿੰਘ ਭੰਗੂ ਨਾਲ ਹੋਇਆ ਸੀ ਅਤੇ ਦੋਵਾਂ ਦੇ ਦੋ ਬੱਚੇ ਹਨ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਮੀਨ-ਜਾਇਦਾਦ ਉਸ ਦੀ ਮਾਤਾ ਸਰਵਨਜੀਤ ਕੌਰ ਦੇ ਨਾਮ ਹੋ ਗਈ ਸੀ।
ਰਮਨਦੀਪ ਅਨੁਸਾਰ, ਉਸ ਦਾ ਭਰਾ ਪ੍ਰਦੀਪ ਸਿੰਘ ਮਾੜੀ ਸੰਗਤ ਵਿਚ ਪੈ ਗਿਆ ਸੀ, ਜਿਸ ਕਾਰਨ ਉਸ ਦੀ ਮਾਂ ਨੇ ਉਸ ਨੂੰ ਜਾਇਦਾਦ ਦਾ ਵਾਰਸ ਨਹੀਂ ਬਣਾਇਆ। ਪ੍ਰਦੀਪ ਇਸੇ ਗੱਲ ਦੀ ਰੰਜਿਸ਼ ਰੱਖਦਾ ਸੀ ਕਿ ਉਸ ਦਾ ਜੀਜਾ ਅਮਨਦੀਪ ਸਿੰਘ ਪ੍ਰਾਪਰਟੀ ਉਸ ਦੇ ਨਾਮ ਨਹੀਂ ਹੋਣ ਦੇ ਰਿਹਾ।
ਦਫ਼ਤਰ ਵਿਚ ਵੜ ਕੇ ਕੀਤਾ ਹਮਲਾ
ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਅਨੁਸਾਰ ਬੀਤੀ ਦੇਰ ਸ਼ਾਮ ਪ੍ਰਦੀਪ ਸਿੰਘ ਆਪਣੇ ਇਕ ਅਣਪਛਾਤੇ ਦੋਸਤ ਨਾਲ ਸੈਕਟਰ 87 ਸਥਿਤ ਦਫ਼ਤਰ ਪਹੁੰਚਿਆ। ਇਸ ਦੌਰਾਨ ਪ੍ਰਦੀਪ ਨੇ ਅਮਨਦੀਪ ਸਿੰਘ ਭੰਗੂ ਨਾਲ ਜ਼ਮੀਨ ਦੀ ਵਸੀਅਤ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ ਅਤੇ ਤੇਜ਼ਧਾਰ ਚਾਕੂ ਕੱਢ ਕੇ ਹਮਲਾ ਕਰ ਦਿੱਤਾ। ਅਮਨਦੀਪ ਸਿੰਘ ਆਪਣੀ ਜਾਨ ਬਚਾਉਣ ਲਈ ਦਫ਼ਤਰ ਦੇ ਪਿਛਲੇ ਪਾਸੇ ਭੱਜਿਆ, ਪਰ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਦੋਵਾਂ ਨੇ ਅਮਨਦੀਪ ਦੀ ਧੌਣ ਅਤੇ ਸਰੀਰ 'ਤੇ ਚਾਕੂ ਦੇ ਕਈ ਵਾਰ ਕੀਤੇ, ਜਦਕਿ ਉਸ ਦੇ ਦੋਸਤ ਨੇ ਸਿਰ ਅਤੇ ਛਾਤੀ 'ਚ ਲੋਹੇ ਦੀ ਰਾਡ ਨਾਲ ਹਮਲਾ ਕੀਤਾ।
ਹਮਲੇ ਤੋਂ ਬਾਅਦ ਦੋਵੇਂ ਮੁਲਜ਼ਮ ਆਪਣੀ ਇਨੋਵਾ ਗੱਡੀ 'ਚ ਫ਼ਰਾਰ ਹੋ ਗਏ। ਗੰਭੀਰ ਰੂਪ 'ਚ ਜ਼ਖ਼ਮੀ ਅਮਨਦੀਪ ਸਿੰਘ ਭੰਗੂ ਨੂੰ ਤੁਰੰਤ ਸੋਹਾਣਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਕਾਰਵਾਈ
ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਪ੍ਰਦੀਪ ਸਿੰਘ (ਵਾਸੀ ਨਾਨੂ ਮਾਜਰਾ) ਅਤੇ ਉਸ ਦੇ ਅਣਪਛਾਤੇ ਦੋਸਤ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 103 (ਕਤਲ) ਅਤੇ 3(5) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਜਾਵੇਗਾ।