‘ਫੋਰਟਿਸ ਹਸਪਤਾਲ ’ਚ CM Mann ਇਲਾਜ ਕਰਾ ਸਕਦੇ ਹਨ ਤਾਂ ਆਮ ਲੋਕਾਂ ਦੇ ਕਾਰਡ ਕਿਉਂ ਨਹੀਂ ਚੱਲਦੇ?' ਰਵਨੀਤ ਬਿੱਟੂ ਨੇ ਚੁੱਕੇ ਸਵਾਲ
ਮੋਹਾਲੀ ਸਥਿਤ ਫੋਰਟਿਸ ਹਸਪਤਾਲ ਪਹੁੰਚੇ ਬਿੱਟੂ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਸੇ ਹਸਪਤਾਲ ’ਚ ਇਲਾਜ ਕਰਾ ਸਕਦੇ ਹਨ ਤਾਂ ਆਮ ਲੋਕਾਂ ਦੇ ਸਿਹਤ ਕਾਰਡ ਇੱਥੇ ਕਿਉਂ ਨਹੀਂ ਚੱਲ ਰਹੇ।
Publish Date: Mon, 28 Sep 2026 04:10 PM (IST)
Updated Date: Mon, 28 Sep 2026 04:17 PM (IST)
ਜਾਗਰਣ ਸੰਵਾਦਦਾਤਾ, ਮੋਹਾਲੀ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਾਰੀ ਕੀਤੇ ਜਾ ਰਹੇ ਸਿਹਤ ਕਾਰਡਾਂ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਮਵਾਰ ਨੂੰ ਪੰਜਾਬ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ।
ਮੋਹਾਲੀ ਸਥਿਤ ਫੋਰਟਿਸ ਹਸਪਤਾਲ ਪਹੁੰਚੇ ਬਿੱਟੂ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਇਸੇ ਹਸਪਤਾਲ ’ਚ ਇਲਾਜ ਕਰਾ ਸਕਦੇ ਹਨ ਤਾਂ ਆਮ ਲੋਕਾਂ ਦੇ ਸਿਹਤ ਕਾਰਡ ਇੱਥੇ ਕਿਉਂ ਨਹੀਂ ਚੱਲ ਰਹੇ।
ਬਿੱਟੂ ਨੇ ਕਿਹਾ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਕਾਰਡ ਦਿੱਤੇ ਜਾ ਰਹੇ ਹਨ। ਇਸ ਦੇ ਬਾਵਜੂਦ ਮਰੀਜ਼ਾਂ ਨੂੰ ਇਨ੍ਹਾਂ ਕਾਰਡਾਂ ਦੇ ਆਧਾਰ 'ਤੇ ਵੱਡੇ ਹਸਪਤਾਲਾਂ ਵਿੱਚ ਇਲਾਜ ਨਹੀਂ ਮਿਲ ਰਿਹਾ।
ਉਨ੍ਹਾਂ ਦਾਅਵਾ ਕੀਤਾ ਕਿ ਫੋਰਟਿਸ ਹਸਪਤਾਲ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਕਈ ਮਰੀਜ਼ ਇਲਾਜ ਲਈ ਪਹੁੰਚੇ ਸਨ। ਇਨ੍ਹਾਂ ’ਚ ਲੁਧਿਆਣਾ ਸਮੇਤ ਹੋਰ ਸ਼ਹਿਰਾਂ ਦੇ ਮਰੀਜ਼ ਵੀ ਸ਼ਾਮਲ ਸਨ। ਇਨ੍ਹਾਂ ਮਰੀਜ਼ਾਂ ਕੋਲ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਸਨ ਪਰ ਹਸਪਤਾਲ ’ਚ ਕਾਰਡ ਦੇ ਆਧਾਰ 'ਤੇ ਇਲਾਜ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਬਿੱਟੂ ਨੇ ਕਿਹਾ ਕਿ ਅਜਿਹੇ ਵਿੱਚ ਸਿਹਤ ਯੋਜਨਾ ਕਾਰਡ ਦਾ ਕੀ ਫ਼ਾਇਦਾ।
ਸਰਕਾਰ ਸਪੱਸ਼ਟ ਕਰੇ ਕਿੱਥੇ ਚੱਲਣਗੇ ਕਾਰਡ ਅਤੇ ਕਿੱਥੇ ਨਹੀਂ
ਉਨ੍ਹਾਂ ਕਿਹਾ ਕਿ ਜਦੋਂ ਕੋਈ ਮਰੀਜ਼ ਸਰਕਾਰ ਦੀ ਯੋਜਨਾ 'ਤੇ ਭਰੋਸਾ ਕਰਕੇ ਦੂਰ-ਦੁਰਾਡੇ ਦੇ ਸ਼ਹਿਰ ਤੋਂ ਇਲਾਜ ਲਈ ਵੱਡੇ ਹਸਪਤਾਲ ਪਹੁੰਚਦਾ ਹੈ ਅਤੇ ਉੱਥੇ ਉਸ ਦਾ ਕਾਰਡ ਸਵੀਕਾਰ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਯੋਜਨਾ ਤਹਿਤ ਕਿਹੜੇ ਹਸਪਤਾਲਾਂ ’ਚ ਮਰੀਜ਼ਾਂ ਨੂੰ ਇਲਾਜ ਦੀ ਸਹੂਲਤ ਮਿਲ ਰਹੀ ਹੈ ਅਤੇ ਕਿਹੜੇ ਹਸਪਤਾਲਾਂ ’ਚ ਕਾਰਡ ਸਵੀਕਾਰ ਨਹੀਂ ਕੀਤੇ ਜਾ ਰਹੇ ਹਨ।
ਵੱਡੇ ਹਸਪਤਾਲਾਂ ’ਚ ਕਾਰਡ ਨਾ ਚੱਲਣ ਦਾ ਦਾਅਵਾ
ਬਿੱਟੂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਸਿਰਫ਼ ਫੋਰਟਿਸ ਹਸਪਤਾਲ ਵਿੱਚ ਹੀ ਨਹੀਂ, ਸਗੋਂ ਪੰਜਾਬ ਦੇ ਕਈ ਹੋਰ ਵੱਡੇ ਹਸਪਤਾਲਾਂ ਵਿੱਚ ਵੀ ਨਹੀਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਮੁੱਖ ਹਸਪਤਾਲਾਂ ਵਿੱਚ ਕਾਰਡ ਰਾਹੀਂ ਇਲਾਜ ਦੀ ਸੁਵਿਧਾ ਉਪਲਬਧ ਨਹੀਂ ਹੈ, ਤਾਂ ਸਰਕਾਰ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਬਿੱਟੂ ਨੇ ਕਿਹਾ ਕਿ ਸਿਹਤ ਵਰਗੀ ਮਹੱਤਵਪੂਰਨ ਸਹੂਲਤ ਨੂੰ ਲੈ ਕੇ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਕਰਨ ਨਾਲ ਕੰਮ ਨਹੀਂ ਚੱਲੇਗਾ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੂੰ ਸਿਹਤ ਕਾਰਡ ਦਿੱਤਾ ਗਿਆ ਹੈ, ਉਸ ਨੂੰ ਲੋੜ ਪੈਣ 'ਤੇ ਹਸਪਤਾਲ ਵਿੱਚ ਇਲਾਜ ਵੀ ਮਿਲ ਸਕੇ।