- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸੂਬੇ ਦੀ ਸ਼ਾਨਦਾਰ ਖੇਡ ਵਿਰਾਸਤ ਅਤੇ ਕੌਮਾਂਤਰੀ ਖੇਡ ਨਕਸ਼ੇ ’ਤੇ ਵਧਦੀ ਪਛਾਣ ਦਾ ਪ੍ਰਤੀਕ ਹੈ। ਇਸ ਵੱਕਾਰੀ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਵਰਗੇ ਅਹਿਮ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੁਹਾਲੀ ਦੀ ਚੋਣ ਸ਼ਹਿਰ ਵਾਸੀਆਂ ਲਈ ਮਾਣ ਵਾਲਾ ਪਲ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸੂਬੇ ਦੀ ਸ਼ਾਨਦਾਰ ਖੇਡ ਵਿਰਾਸਤ ਅਤੇ ਕੌਮਾਂਤਰੀ ਖੇਡ ਨਕਸ਼ੇ ’ਤੇ ਵਧਦੀ ਪਛਾਣ ਦਾ ਪ੍ਰਤੀਕ ਹੈ। ਇਸ ਵੱਕਾਰੀ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਵਰਗੇ ਅਹਿਮ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਮੁਹਾਲੀ ਦੀ ਚੋਣ ਸ਼ਹਿਰ ਵਾਸੀਆਂ ਲਈ ਮਾਣ ਵਾਲਾ ਪਲ ਹੈ।
ਇਹ ਪ੍ਰਗਟਾਵਾ ਨਗਰ ਨਿਗਮ ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਬੁੱਧਵਾਰ ਨੂੰ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਕੌਮਾਂਤਰੀ ਖੇਡ ਮਹਾਂਕੁੰਭ ਨਾ ਸਿਰਫ਼ ਮੁਹਾਲੀ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦੇਵੇਗਾ, ਸਗੋਂ ਪੰਜਾਬ ਦੇ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਜਜ਼ਬੇ ਨੂੰ ਹੋਰ ਪ੍ਰਬਲ ਕਰਨ ਅਤੇ ਸੂਬੇ ਵਿੱਚ ਕੌਮਾਂਤਰੀ ਖੇਡ ਮੁਕਾਬਲਿਆਂ ਦੇ ਨਵੇਂ ਰਾਹ ਖੋਲ੍ਹਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
ਮੇਅਰ ਨੇ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਹੋਣ ਵਾਲਾ ਇਹ ਟੂਰਨਾਮੈਂਟ ਪੰਜਾਬ ਵਿੱਚ ਹਾਕੀ ਦੀ ਅਮੀਰ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ 4 ਨਵੰਬਰ ਨੂੰ ਦੋ ਸੈਮੀਫਾਈਨਲ ਅਤੇ 5 ਨਵੰਬਰ ਨੂੰ ਤੀਜੇ ਸਥਾਨ ਲਈ ਮੁਕਾਬਲੇ ਸਮੇਤ ਫਾਈਨਲ ਖੇਡਿਆ ਜਾਣਾ ਸ਼ਹਿਰ ਨੂੰ ਕੌਮਾਂਤਰੀ ਖੇਡ ਨਕਸ਼ੇ 'ਤੇ ਹੋਰ ਵੱਡਾ ਕਰਕੇ ਉਭਾਰੇਗਾ।
ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਰਤ, ਜਾਪਾਨ, ਕੋਰੀਆ, ਮਲੇਸ਼ੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਸਾਰੇ ਮੈਚਾਂ ਲਈ ਦਰਸ਼ਕਾਂ ਦੀ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ, ਜਿਸ ਨਾਲ ਹਾਕੀ ਪ੍ਰੇਮੀ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਉਤਸ਼ਾਹ ਵਧਾ ਸਕਣਗੇ।
ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ 25.40 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੇ ਅਪਗ੍ਰੇਡੇਸ਼ਨ ਲਈ 14 ਕਰੋੜ ਰੁਪਏ ਅਤੇ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਲਈ 8.96 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਬੁਨਿਆਦੀ ਢਾਂਚੇ ਵਿੱਚ ਕੀਤਾ ਜਾ ਰਿਹਾ ਇਹ ਨਿਵੇਸ਼ ਭਵਿੱਖ ਵਿੱਚ ਵੀ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਸਹਾਈ ਹੋਵੇਗਾ।
ਮੇਅਰ ਨੇ ਕਿਹਾ ਕਿ ਓਲੰਪਿਕ ਤਮਗਾ ਜੇਤੂਆਂ ਨੂੰ ਸੋਨੇ ਦੇ ਤਮਗੇ ਲਈ 3 ਕਰੋੜ ਰੁਪਏ, ਚਾਂਦੀ ਦੇ ਤਮਗੇ ਲਈ 2 ਕਰੋੜ ਰੁਪਏ ਅਤੇ ਕਾਂਸੀ ਦੇ ਤਮਗੇ ਲਈ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਇਹ ਉਪਰਾਲੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕਰਦੇ ਹਨ।ਉਨ੍ਹਾਂ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਰਗੇ ਕੌਮਾਂਤਰੀ ਟੂਰਨਾਮੈਂਟ ਦਾ ਸਫ਼ਲ ਆਯੋਜਨ ਪੰਜਾਬ ਵਿੱਚ ਵੱਡੇ ਖੇਡ ਮੁਕਾਬਲਿਆਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ। ਪੰਜਾਬ ਵੱਲੋਂ 2030 ਦੇ ਹਾਕੀ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਲਈ ਦਾਅਵਾ ਪੇਸ਼ ਕਰਨ ਦੀ ਤਜ਼ਵੀਜ਼ ਵੀ ਇਸੇ ਦਿਸ਼ਾ ਵਿੱਚ ਅਹਿਮ ਕਦਮ ਹੈ।
ਮੇਅਰ ਨੇ ਸ਼ਹਿਰ ਵਾਸੀਆਂ ਅਤੇ ਹਾਕੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਕੌਮਾਂਤਰੀ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਪੰਜਾਬ ਦੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਨ।
ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਵੀ ਮੌਜੂਦ ਸਨ।