ਦਿਲ ਕੰਬਾਊ ਘਟਨਾ : ਤਨਖਾਹ ਨਾ ਮਿਲਣ ਤੋਂ ਪਰੇਸ਼ਾਨ ਸਫ਼ਾਈ ਕਰਮੀ ਨੇ ਖ਼ੁਦ ਨੂੰ ਲਾਈ ਸੀ ਅੱਗ, PGI 'ਚ ਤੋੜਿਆ ਦਮ
ਪਰਿਵਾਰ ਮੁਤਾਬਕ 22 ਅਕਤੂਬਰ ਨੂੰ ਲਖਵੀਰ ਸਿੰਘ ਸੁਸਾਇਟੀ ਦੇ ਮੁੱਖ ਗੇਟ 'ਤੇ ਗਿਆ ਅਤੇ ਆਖਿਆ ਕਿ ਉਹ ਆਪਣੀ 7 ਮਹੀਨਿਆਂ ਦੀ ਤਨਖ਼ਾਹ ਲਏ ਬਿਨਾਂ ਨਹੀਂ ਜਾਣਗੇ। ਸੁਣਵਾਈ ਨਾ ਹੋਣ ਕਾਰਨ ਅਤੇ ਪਰੇਸ਼ਾਨੀ ਤੋਂ ਤੰਗ ਆ ਕੇ ਉਸਨੇ ਆਪਣੇ ਉੱਤੇ ਤੇਲ ਛਿੜਕ ਕੇ ਅੱਗ ਲਗਾ ਲਈ ਸੀ।
Publish Date: Mon, 02 Nov 2026 10:47 AM (IST)
Updated Date: Mon, 02 Nov 2026 10:53 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਖਰੜ। ਮੁਹਾਲੀ ਦੇ ਖਰੜ ਵਿਚ ਸਥਿਤ ਸੈਕਟਰ-116, ਲਾਂਡਰਾਂ-ਖਰੜ ਰੋਡ 'ਤੇ ਇਕ ਸੁਸਾਇਟੀ 'ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਕੰਮ ਕਰਨ ਵਾਲੇ ਇਕ ਸਫ਼ਾਈ ਕਰਮੀ ਲਖਵੀਰ ਸਿੰਘ (49) ਨੇ 7 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਮਾਨਸਿਕ ਅਤੇ ਸਰੀਰਕ ਤਸ਼ੱਦਦ ਤੋਂ ਪਰੇਸ਼ਾਨ ਹੋ ਕੇ ਉਸ ਨੇ ਆਪਣੇ ’ਤੇ ਤੇਲ ਛਿੜਕ ਕੇ ਅੱਗ ਲਗਾ ਲਈ ਸੀ, ਜਿਸਦੀ ਪੀਜੀਆਈ (PGI) ਚੰਡੀਗੜ੍ਹ ਵਿਖੇ 8 ਦਿਨ ਜ਼ੇਰੇ ਇਲਾਜ ਰਹਿਣ ਉਪਰੰਤ 30 ਅਕਤੂਬਰ ਨੂੰ ਮੌਤ ਹੋ ਗਈ।
7 ਮਹੀਨਿਆਂ ਤੋਂ ਰੋਕੀ ਗਈ ਸੀ ਤਨਖ਼ਾਹ, ਕਰੰਟ ਲਗਾਉਣ ਦੇ ਵੀ ਗੰਭੀਰ ਦੋਸ਼
ਮ੍ਰਿਤਕ ਦੇ ਪੁੱਤਰ ਮੰਨਤ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਪਿਤਾ ਦੀ ਕਮਾਈ 'ਤੇ ਹੀ ਨਿਰਭਰ ਸੀ। ਸ਼ਿਕਾਇਤਕਰਤਾ ਅਨੁਸਾਰ ਲਖਵੀਰ ਸਿੰਘ ਸੁਸਾਇਟੀ ਵਿੱਚ ਕੂੜਾ ਚੁੱਕਣ ਦਾ ਕੰਮ ਕਰਦਾ ਸੀ। ਉਸਦਾ ਦੋਸ਼ ਹੈ ਕਿ ਸੁਸਾਇਟੀ ਦੇ ਮੈਨੇਜਰ ਗੁਰਵੇਲ ਸਿੰਘ, ਸੁਪਰਵਾਈਜ਼ਰ ਗੁਰਵਿੰਦਰ ਸਿੰਘ ਅਤੇ ਚੂੜ ਸਿੰਘ ਪਿਛਲੇ 2-3 ਸਾਲਾਂ ਤੋਂ ਉਸਦੇ ਪਿਤਾ ਨੂੰ ਤੰਗ ਕਰ ਰਹੇ ਸਨ।
ਪੁੱਤਰ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਅਕਸਰ ਉਸਦੇ ਪਿਤਾ ਨੂੰ ਇੱਕ ਕਮਰੇ ਵਿੱਚ ਲੈ ਜਾ ਕੇ ਬਿਜਲੀ ਦਾ ਕਰੰਟ ਲਗਾਉਂਦੇ ਸਨ, ਜਾਤੀਸੂਚਕ ਸ਼ਬਦ ਬੋਲਦੇ ਅਤੇ ਗਾਲ਼ਾਂ ਕੱਢਦੇ ਸਨ। 7 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਸੀ ਅਤੇ ਦੁਕਾਨਦਾਰਾਂ ਦਾ ਕਰਜ਼ਾ ਕਾਫ਼ੀ ਵੱਧ ਗਿਆ ਸੀ। ਜਦੋਂ ਪਿਤਾ ਨੇ ਤਨਖ਼ਾਹ ਮੰਗੀ ਤਾਂ ਉਸਨੂੰ ਪੈਸੇ ਦੇਣ ਦੀ ਬਜਾਏ ਬੇਇਜ਼ਤ ਕੀਤਾ ਗਿਆ।
ਅਕਤੂਬਰ ਮਹੀਨੇ ’ਚ ਚੁੱਕਿਆ ਸੀ ਖ਼ੌਫ਼ਨਾਕ ਕਦਮ
ਪਰਿਵਾਰ ਮੁਤਾਬਕ 22 ਅਕਤੂਬਰ ਨੂੰ ਲਖਵੀਰ ਸਿੰਘ ਸੁਸਾਇਟੀ ਦੇ ਮੁੱਖ ਗੇਟ 'ਤੇ ਗਿਆ ਅਤੇ ਆਖਿਆ ਕਿ ਉਹ ਆਪਣੀ 7 ਮਹੀਨਿਆਂ ਦੀ ਤਨਖ਼ਾਹ ਲਏ ਬਿਨਾਂ ਨਹੀਂ ਜਾਣਗੇ। ਸੁਣਵਾਈ ਨਾ ਹੋਣ ਕਾਰਨ ਅਤੇ ਪਰੇਸ਼ਾਨੀ ਤੋਂ ਤੰਗ ਆ ਕੇ ਉਸਨੇ ਆਪਣੇ ਉੱਤੇ ਤੇਲ ਛਿੜਕ ਕੇ ਅੱਗ ਲਗਾ ਲਈ ਸੀ।
ਸੁਸਾਇਟੀ ਦੇ ਗਾਰਡਾਂ ਦੀ ਮਦਦ ਨਾਲ ਅੱਗ ਬੁਝਾਈ ਗਈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਖਰੜ, ਫਿਰ ਫੇਜ਼-6 ਮੁਹਾਲੀ ਅਤੇ ਬਾਅਦ ਵਿੱਚ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ (PGI) ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਕਾਰਵਾਈ: ਕੇਸ ਦਰਜ, ਇੱਕ ਗ੍ਰਿਫ਼ਤਾਰ
ਮਾਮਲੇ ਦੀ ਜਾਣਕਾਰੀ ਦਿੰਦਿਆਂ ਖਰੜ ਦੇ ਡੀਐੱਸਪੀ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਖੁਦਕੁਸ਼ੀ ਲਈ ਉਕਸਾਉਣ ਅਤੇ ਐੱਸਸੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਕਾਰਵਾਈ ਕਰਦਿਆਂ ਸੁਪਰਵਾਈਜ਼ਰ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।