ਮਜੀਠੀਆ ਦੀ ਵਿਦੇਸ਼ ਫੇਰੀ ਵਾਲੀ ਪਟੀਸ਼ਨ ’ਤੇ ਸੁਣਵਾਈ ਅੱਜ, ਵਿਜੀਲੈਂਸ ਦੇ ਇਤਰਾਜ਼ਾਂ ਮਗਰੋਂ ਆਵੇਗਾ ਫ਼ੈਸਲਾ
ਜ਼ਿਕਰਯੋਗ ਹੈ ਕਿ 21 ਨਵੰਬਰ ਨੂੰ ਹੋਈ ਪੇਸ਼ੀ ਵੇਲੇ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੀ ਇਸ ਮੰਗ ਦਾ ਸਖ਼ਤ ਵਿਰੋਧ ਕੀਤਾ ਸੀ। ਜਾਂਚ ਏਜੰਸੀ ਦਾ ਤਰਕ ਸੀ ਕਿ ਸਾਬਕਾ ਮੰਤਰੀ ਨੇ ਆਪਣੀ ਯਾਤਰਾ ਦਾ ਪੂਰਾ ਖਾਕਾ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ। ਵਿਜੀਲੈਂਸ ਅਨੁਸਾਰ, ਪਟੀਸ਼ਨ ’ਚ ਇਹ ਜਾਣਕਾਰੀ ਲੁਕੋਈ ਗਈ ਹੈ ਕਿ ਉਨ੍ਹਾਂ ਨੇ ਕਿਸ ਮੁਲਕ ਤੇ ਸ਼ਹਿਰ ਦਾ ਦੌਰਾ ਕਰਨਾ ਹੈ ਅਤੇ ਨਾ ਹੀ ਹਵਾਈ ਉਡਾਣਾਂ ਜਾਂ ਉੱਥੇ ਰੁਕਣ ਦੇ ਟਿਕਾਣੇ ਬਾਰੇ ਕੋਈ ਵੇਰਵਾ ਦਰਜ ਕੀਤਾ ਗਿਆ ਹੈ। ਇਨ੍ਹਾਂ ਖ਼ਾਮੀਆਂ ਦੇ ਮੱਦੇਨਜ਼ਰ ਅਦਾਲਤ ਨੇ ਸੁਣਵਾਈ ਅੱਜ ਤੱਕ ਲਈ ਅੱਗੇ ਪਾ ਦਿੱਤੀ ਸੀ।
Publish Date: Mon, 23 Nov 2026 10:50 AM (IST)
Updated Date: Mon, 23 Nov 2026 10:56 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਦੇਸ਼ ਜਾਣ ਦੀ ਇਜਾਜ਼ਤ ਲੈਣ ਲਈ ਪਾਈ ਪਟੀਸ਼ਨ ’ਤੇ ਅੱਜ (23 ਨਵੰਬਰ) ਮੁਹਾਲੀ ਦੀ ਅਦਾਲਤ ਵਿੱਚ ਅਹਿਮ ਸੁਣਵਾਈ ਹੋਵੇਗੀ। ਬੀਤੀ ਸੁਣਵਾਈ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਉਠਾਏ ਗਏ ਸਵਾਲਾਂ ਤੋਂ ਬਾਅਦ ਅੱਜ ਇਸ ਅਰਜ਼ੀ ’ਤੇ ਅੰਤਿਮ ਫ਼ੈਸਲਾ ਆਉਣ ਦੀ ਪੂਰੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ 21 ਨਵੰਬਰ ਨੂੰ ਹੋਈ ਪੇਸ਼ੀ ਵੇਲੇ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੀ ਇਸ ਮੰਗ ਦਾ ਸਖ਼ਤ ਵਿਰੋਧ ਕੀਤਾ ਸੀ। ਜਾਂਚ ਏਜੰਸੀ ਦਾ ਤਰਕ ਸੀ ਕਿ ਸਾਬਕਾ ਮੰਤਰੀ ਨੇ ਆਪਣੀ ਯਾਤਰਾ ਦਾ ਪੂਰਾ ਖਾਕਾ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ। ਵਿਜੀਲੈਂਸ ਅਨੁਸਾਰ, ਪਟੀਸ਼ਨ ’ਚ ਇਹ ਜਾਣਕਾਰੀ ਲੁਕੋਈ ਗਈ ਹੈ ਕਿ ਉਨ੍ਹਾਂ ਨੇ ਕਿਸ ਮੁਲਕ ਤੇ ਸ਼ਹਿਰ ਦਾ ਦੌਰਾ ਕਰਨਾ ਹੈ ਅਤੇ ਨਾ ਹੀ ਹਵਾਈ ਉਡਾਣਾਂ ਜਾਂ ਉੱਥੇ ਰੁਕਣ ਦੇ ਟਿਕਾਣੇ ਬਾਰੇ ਕੋਈ ਵੇਰਵਾ ਦਰਜ ਕੀਤਾ ਗਿਆ ਹੈ। ਇਨ੍ਹਾਂ ਖ਼ਾਮੀਆਂ ਦੇ ਮੱਦੇਨਜ਼ਰ ਅਦਾਲਤ ਨੇ ਸੁਣਵਾਈ ਅੱਜ ਤੱਕ ਲਈ ਅੱਗੇ ਪਾ ਦਿੱਤੀ ਸੀ।
ਹੁਣ ਤੱਕ ਦੀ ਅਦਾਲਤੀ ਕਾਰਵਾਈ ’ਤੇ ਇੱਕ ਨਜ਼ਰ:
16 ਨਵੰਬਰ
ਮਜੀਠੀਆ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਪਾਲਣਾ ਕਰਦਿਆਂ 18 ਦਸੰਬਰ 2026 ਤੋਂ 6 ਜਨਵਰੀ 2027 ਦਰਮਿਆਨ ਵਿਦੇਸ਼ ਯਾਤਰਾ ਦੀ ਪ੍ਰਵਾਨਗੀ ਲਈ ਮੁਹਾਲੀ ਕੋਰਟ ਦਾ ਰੁਖ਼ ਕੀਤਾ।
18-19 ਨਵੰਬਰ
ਅਦਾਲਤ ਨੇ ਇਸ ਅਰਜ਼ੀ ’ਤੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਤੋਂ ਜਵਾਬ ਤਲਬ ਕੀਤਾ ਪਰ ਜਵਾਬ ਦਾਖ਼ਲ ਨਾ ਹੋਣ ਕਾਰਨ ਤਰੀਕ 21 ਨਵੰਬਰ ਪੈ ਗਈ।
21 ਨਵੰਬਰ
ਵਿਜੀਲੈਂਸ ਨੇ ਯਾਤਰਾ ਦੇ ਅਧੂਰੇ ਵੇਰਵਿਆਂ ਨੂੰ ਆਧਾਰ ਬਣਾ ਕੇ ਇਤਰਾਜ਼ ਜਤਾਇਆ, ਜਿਸ ਕਾਰਨ ਮਾਮਲਾ 23 ਨਵੰਬਰ ਤੱਕ ਮੁਲਤਵੀ ਹੋ ਗਿਆ।
ਕਿਉਂ ਲਾਜ਼ਮੀ ਹੈ ਅਦਾਲਤ ਦੀ ਮਨਜ਼ੂਰੀ?
ਬਿਕਰਮ ਸਿੰਘ ਮਜੀਠੀਆ ਇਸ ਸਮੇਂ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਸ਼ਰਤੀਆ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਹਨ। ਸਿਖਰਲੀ ਅਦਾਲਤ ਦੀਆਂ ਹਦਾਇਤਾਂ ਮੁਤਾਬਕ ਉਹ ਮੁਹਾਲੀ ਦੀ ਹੇਠਲੀ ਅਦਾਲਤ (ਟਰਾਇਲ ਕੋਰਟ) ਦੀ ਲਿਖਤੀ ਪ੍ਰਵਾਨਗੀ ਤੋਂ ਬਗੈਰ ਮੁਲਕ ਨਹੀਂ ਛੱਡ ਸਕਦੇ, ਨਿਯਮਾਂ ਦੀ ਉਲੰਘਣਾ ਕਰਨ ’ਤੇ ਉਨ੍ਹਾਂ ਦੀ ਜ਼ਮਾਨਤ ਖ਼ਾਰਜ ਹੋ ਸਕਦੀ ਹੈ। ਇਸ ਤੋਂ ਇਲਾਵਾ, ਭਾਵੇਂ ਉਨ੍ਹਾਂ ਖ਼ਿਲਾਫ਼ ਜਾਰੀ ਲੁੱਕਆਊਟ ਸਰਕੂਲਰ (LOC) ’ਤੇ ਰੋਕ ਲੱਗੀ ਹੋਈ ਹੈ ਪਰ ਅਦਾਲਤੀ ਹੁਕਮਾਂ ਤੋਂ ਬਿਨਾਂ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਰੋਕੇ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕੇਸ ਦਾ ਟਰਾਇਲ ਚੱਲ ਰਿਹਾ ਹੈ ਅਤੇ ਅਗਲੀ ਪੇਸ਼ੀ 6 ਜਨਵਰੀ 2027 ਨੂੰ ਨਿਸ਼ਚਿਤ ਹੈ, ਜਿਸ ਕਾਰਨ ਵਿਦੇਸ਼ ਜਾਣ ਤੋਂ ਪਹਿਲਾਂ ਕਾਨੂੰਨੀ ਮਨਜ਼ੂਰੀ ਲੈਣੀ ਜ਼ਰੂਰੀ ਹੈ।