ਹੈੱਡਮਾਸਟਰ ਗੁਰਸੇਵਕ ਸਿੰਘ ਕਤਲ ਕਾਂਡ : ਮਹਿਲਾ ਅਧਿਆਪਕਾ 'ਤੇ ਪੁਰਾਣੀ ਰੰਜਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ, ਪੁਲਿਸ ਕਰ ਰਹੀ ਹੈ ਡੂੰਘਾਈ ਨਾਲ ਜਾਂਚ
ਖਰੜ ਦੇ ਸੰਨੀ ਐਨਕਲੈਵ 'ਚ ਹੈੱਡਮਾਸਟਰ ਗੁਰਸੇਵਕ ਸਿੰਘ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਪਰਿਵਾਰ ਨੇ ਇਕ ਮਹਿਲਾ ਅਧਿਆਪਕਾ 'ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਰਾਣੀ ਰੰਜਿਸ਼ ਤਹਿਤ ਹਮਲਾ ਕਰਵਾਉਣ ਦਾ ਖ਼ਦਸ਼ਾ ਜਤਾਇਆ ਹੈ। ਪਿਛਲੇ ਦਿਨੀਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਨਿੱਜੀ ਹਸਪਤਾਲ 'ਚ ਦਮ ਤੋੜਨ ਵਾਲੇ ਗੁਰਸੇਵਕ ਸਿੰਘ (48) ਦਾ ਐਤਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Publish Date: Tue, 11 Aug 2026 11:34 AM (IST)
Updated Date: Tue, 11 Aug 2026 11:35 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਖਰੜ ਦੇ ਸੰਨੀ ਐਨਕਲੈਵ 'ਚ ਹੈੱਡਮਾਸਟਰ ਗੁਰਸੇਵਕ ਸਿੰਘ ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਪਰਿਵਾਰ ਨੇ ਇਕ ਮਹਿਲਾ ਅਧਿਆਪਕਾ 'ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਰਾਣੀ ਰੰਜਿਸ਼ ਤਹਿਤ ਹਮਲਾ ਕਰਵਾਉਣ ਦਾ ਖ਼ਦਸ਼ਾ ਜਤਾਇਆ ਹੈ। ਪਿਛਲੇ ਦਿਨੀਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਨਿੱਜੀ ਹਸਪਤਾਲ 'ਚ ਦਮ ਤੋੜਨ ਵਾਲੇ ਗੁਰਸੇਵਕ ਸਿੰਘ (48) ਦਾ ਐਤਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਤਬਾਦਲੇ ਦੀ ਰੰਜਿਸ਼ ਬਣੀ ਵਜ੍ਹਾ ? ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ, ਕੁਝ ਸਮਾਂ ਪਹਿਲਾਂ ਸਕੂਲ ਵਿਚ ਤਾਇਨਾਤ ਇਕ ਮਹਿਲਾ ਅਧਿਆਪਕਾ ਵੱਲੋਂ ਬੱਚਿਆਂ ਦੀ ਪੜ੍ਹਾਈ ਅਤੇ ਸਕੂਲੀ ਕੰਮਾਂ ਵਿਚ ਵਰਤੀ ਜਾ ਰਹੀ ਲਾਪਰਵਾਹੀ ਦੀ ਸ਼ਿਕਾਇਤ ਗੁਰਸੇਵਕ ਸਿੰਘ ਨੇ ਸਿੱਖਿਆ ਵਿਭਾਗ ਨੂੰ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਸਬੰਧਤ ਅਧਿਆਪਕਾ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਪਰਿਵਾਰ ਨੂੰ ਸ਼ੱਕ ਹੈ ਕਿ ਇਸੇ ਬਦਲੇ ਦੀ ਭਾਵਨਾ ਨਾਲ ਹੈੱਡਮਾਸਟਰ 'ਤੇ ਕਾਤਲਾਨਾ ਹਮਲਾ ਕਰਵਾਇਆ ਗਿਆ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਗੁਰਸੇਵਕ ਸਿੰਘ ਖਰੜ ਦੇ ਸੰਨੀ ਐਨਕਲੇਵ ਸਥਿਤ ਆਪਣੇ ਘਰ ਪਹੁੰਚੇ ਤਾਂ ਇਕ ਕਾਰ ਵਿਚ ਆਏ ਕੁੱਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਗੰਭੀਰ ਹਾਲਤ 'ਚ ਉਨ੍ਹਾਂ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰਾਂ ਨੂੰ ਛੱਡ ਗਏ।
ਸਿੱਖਿਆ ਵਿਭਾਗ ਲਈ ਵੱਡਾ ਘਾਟਾ : ਡੀਈਓ ਗਿੰਨੀ ਦੁੱਗਲ ਮੁਹਾਲੀ ਦੀ ਡੀਈਓ ਗਿੰਨੀ ਦੁੱਗਲ ਨੇ ਹੈੱਡਮਾਸਟਰ ਗੁਰਸੇਵਕ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਜਤਾਇਆ ਹੈ। ਡੀਈਓ ਗਿੰਨੀ ਦੁੱਗਲ ਨੇ ਗੁਰਸੇਵਕ ਸਿੰਘ ਨੂੰ ਇਕ ਮਿਹਨਤੀ ਅਤੇ ਜ਼ਿੰਮੇਵਾਰ ਅਧਿਕਾਰੀ ਦੱਸਦਿਆਂ ਕਿਹਾ ਕਿ ਉਹ ਕੰਮ ਦੇ ਮਾਮਲੇ ਵਿਚ ਬੇਹੱਦ ਇਮਾਨਦਾਰ ਸਨ। ਵਿਭਾਗ ਨੂੰ ਜਦੋਂ ਵੀ ਕਿਸੇ ਤਰ੍ਹਾਂ ਦੇ ਡੇਟਾ ਦੀ ਲੋੜ ਹੁੰਦੀ ਸੀ, ਤਾਂ ਉਹ ਕਈ ਵਾਰ ਪੂਰੀ ਰਾਤ ਬੈਠ ਕੇ ਕੰਮ ਮੁਕੰਮਲ ਕਰਦੇ ਸਨ ਅਤੇ ਅਗਲੇ ਦਿਨ ਦੀ ਬੈਠਕ ਤੋਂ ਪਹਿਲਾਂ ਸਾਰਾ ਡੇਟਾ ਉਨ੍ਹਾਂ ਦੀ ਟੇਬਲ 'ਤੇ ਉਪਲਬਧ ਕਰਵਾ ਦਿੰਦੇ ਸਨ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਦਾ ਦੇਹਾਂਤ ਸਿੱਖਿਆ ਵਿਭਾਗ ਲਈ ਇਕ ਬਹੁਤ ਵੱਡਾ ਘਾਟਾ ਹੈ।
ਫਿਲਹਾਲ ਉਕਤ ਮਾਮਲੇ ’ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕਤਲ ਦੀ ਅਸਲ ਵਜ੍ਹਾ ਸਾਹਮਣੇ ਆਵੇਗੀ। ਦੂਜੇ ਪਾਸੇ ਮਾਮਲੇ ਦੀ ਤਫਤੀਸ਼ ਕਰ ਰਹੀ ਪੁਲਿਸ ਦੀ ਟੀਮ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਮਹਿਲਾ ਅਧਿਆਪਕਾ 'ਤੇ ਲਗਾਏ ਦੋਸ਼ਾਂ ਸਮੇਤ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।