ਮੁੱਖ ਸੜਕ 'ਤੇ ਲਟਕਦਾ ਬਿਜਲੀ ਟਰਾਂਸਫਾਰਮਰ ਦੇ ਰਿਹਾ ਹਾਦਸਿਆਂ ਨੂੰ ਸੱਦਾ, ਪੈਟਰੋਲ ਪੰਪ ਦੇ ਸਾਹਮਣੇ ਮੰਡਰਾ ਰਿਹਾ ਵੱਡਾ ਖ਼ਤਰਾ ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਮੁਬਾਰਕਪੁਰ ਵਿਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੁੱਖ ਸੜਕ ਦੇ ਨਾਲ ਇਕ ਖੰਭੇ 'ਤੇ ਲਾਇਆ ਗਿਆ ਬਿਜਲੀ ਦਾ ਟਰਾਂਸਫਾਰਮਰ ਲੰਬੇ ਸਮੇਂ ਤੋਂ ਅਸੁਰੱਖਿਅਤ ਸਥਿਤੀ ਵਿਚ ਲਟਕ ਰਿਹਾ ਹੈ, ਜਿਸ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ।
Publish Date: Thu, 30 Jul 2026 12:45 PM (IST)
Updated Date: Thu, 30 Jul 2026 12:46 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਮੁਬਾਰਕਪੁਰ ਵਿਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਮੁੱਖ ਸੜਕ ਦੇ ਨਾਲ ਇਕ ਖੰਭੇ 'ਤੇ ਲਾਇਆ ਗਿਆ ਬਿਜਲੀ ਦਾ ਟਰਾਂਸਫਾਰਮਰ ਲੰਬੇ ਸਮੇਂ ਤੋਂ ਅਸੁਰੱਖਿਅਤ ਸਥਿਤੀ ਵਿਚ ਲਟਕ ਰਿਹਾ ਹੈ, ਜਿਸ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਟਰਾਂਸਫਾਰਮਰ ਦੇ ਢਾਂਚੇ ਨੂੰ ਸਹਾਰਾ ਦੇਣ ਵਾਲੇ ਸਪੋਰਟਾਂ ਵਿਚ ਜ਼ਰੂਰੀ ਨਟ-ਬੋਲਟ ਹੀ ਨਹੀਂ ਲਗਾਏ ਗਏ, ਜਿਸ ਕਾਰਨ ਇਸ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਚੁੱਕਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਟਰਾਂਸਫਾਰਮਰ ਇਕ ਪੈਟਰੋਲ ਪੰਪ ਦੇ ਬਿਲਕੁਲ ਉਲਟ ਸਥਿਤ ਹੈ। ਜੇਕਰ ਟਰਾਂਸਫਾਰਮਰ ਡਿੱਗਦਾ ਹੈ ਜਾਂ ਸ਼ਾਰਟ ਸਰਕਟ ਕਾਰਨ ਅੱਗ ਲੱਗਦੀ ਹੈ, ਤਾਂ ਇਕ ਵੱਡਾ ਧਮਾਕਾ ਹੋ ਸਕਦਾ ਹੈ। ਇਸ ਰਸਤੇ ਤੋਂ ਰੋਜ਼ਾਨਾ ਸਕੂਲੀ ਬੱਚੇ, ਔਰਤਾਂ, ਬਜ਼ੁਰਗ ਅਤੇ ਸੈਂਕੜੇ ਵਾਹਨ ਲੰਘਦੇ ਹਨ। ਹਾਦਸਾ ਹੋਣ ਦੀ ਸੂਰਤ ਵਿਚ ਰਾਹਗੀਰਾਂ ਦੇ ਨਾਲ-ਨਾਲ ਪੈਟਰੋਲ ਪੰਪ ਦੇ ਕਰਮਚਾਰੀਆਂ ਤੇ ਗਾਹਕਾਂ ਦੀ ਜਾਨ ਵੀ ਖ਼ਤਰੇ ਵਿਚ ਪੈ ਸਕਦੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਨ, ਪਰ ਵਿਭਾਗ ਵੱਲੋਂ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸਿਰਫ਼ ਬਿਜਲੀ ਸਪਲਾਈ ਚਾਲੂ ਰੱਖਣਾ ਹੀ ਨਹੀਂ, ਬਲਕਿ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਵੀ ਹੈ। ਪਿੰਡ ਵਿਚ ਬਿਜਲੀ ਨਾਲ ਸਬੰਧਤ ਛੋਟੀਆਂ-ਮੋਟੀਆਂ ਸ਼ਿਕਾਇਤਾਂ ਦਾ ਹੱਲ ਵੀ ਦੇਰੀ ਨਾਲ ਹੁੰਦਾ ਹੈ, ਪਰ ਟਰਾਂਸਫਾਰਮਰ ਵਰਗੀ ਗੰਭੀਰ ਸਮੱਸਿਆ ਨੂੰ ਅਣਗੌਲਿਆ ਕਰਨਾ ਵਿਭਾਗ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਕਿ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਤੁਰੰਤ ਮੌਕੇ ਦਾ ਮੁਆਇਨਾ ਕਰਨ ਅਤੇ ਢਾਂਚੇ ਨੂੰ ਸਾਰੇ ਜ਼ਰੂਰੀ ਨਟ-ਬੋਲਟ ਲਗਾ ਕੇ ਮਜ਼ਬੂਤ ਕਰਨ। ਜੇਕਰ ਵਿਭਾਗ ਨੇ ਕਿਸੇ ਹਾਦਸੇ ਦਾ ਇੰਤਜ਼ਾਰ ਕਰਨ ਦੀ ਬਜਾਏ ਜਲਦ ਕਾਰਵਾਈ ਨਾ ਕੀਤੀ, ਤਾਂ ਸਾਨੂੰ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।