ਗਮਾਡਾ ਦੀ ਵੱਡੀ ਕਮਾਈ: 27 ਜਾਇਦਾਦਾਂ ਦੀ ਨਿਲਾਮੀ ਤੋਂ ਆਏ 5400 ਕਰੋੜ ਰੁਪਏ, ਨਵੀਆਂ ਅਰਬਨ ਅਸਟੇਟਾਂ ’ਤੇ ਖ਼ਰਚ ਹੋਵੇਗੀ ਰਕਮ
ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ (ਪੁੱਡਾ) ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪ੍ਰਾਪਰਟੀਆਂ ਹਾਸਲ ਕਰਨ ਲਈ ਬੋਲੀਕਾਰਾਂ ’ਚ ਹੋਏ ਜ਼ਬਰਦਸਤ ਮੁਕਾਬਲੇ ਕਾਰਨ 20 ਅਗਸਤ, 2026 ਨੂੰ ਖ਼ਤਮ ਹੋਣ ਵਾਲੀ ਨਿਲਾਮੀ 21 ਅਗਸਤ, 2026 ਨੂੰ ਤੜਕੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ 20 ਜੁਲਾਈ ਨੂੰ ਸ਼ੁਰੂ ਹੋਈ ਇਸ ਨਿਲਾਮੀ ’ਚ ਕੁੱਲ 36 ਪ੍ਰਾਪਰਟੀਆਂ ਬੋਲੀ ਲਈ ਪੇਸ਼ ਕੀਤੀਆਂ ਗਈਆਂ ਸਨ।
Publish Date: Sat, 22 Aug 2026 03:50 PM (IST)
Updated Date: Sat, 22 Aug 2026 03:53 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਪ੍ਰਾਪਰਟੀਆਂ ਦੀ ਨਿਲਾਮੀ ਸਬੰਧੀ ਹੁਣ ਤੱਕ ਦੇ ਆਪਣੇ ਸਰਬੋਤਮ ਪ੍ਰਦਰਸ਼ਨ ’ਚ 27 ਪ੍ਰਾਪਰਟੀਆਂ ਨੂੰ ਸਫ਼ਲਤਾਪੂਰਵਕ ਨਿਲਾਮ ਕਰਕੇ ਕੁੱਲ 5391 ਕਰੋੜ ਦੀ ਆਮਦਨ ਪ੍ਰਾਪਤ ਕੀਤੀ ਹੈ।
ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ (ਪੁੱਡਾ) ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪ੍ਰਾਪਰਟੀਆਂ ਹਾਸਲ ਕਰਨ ਲਈ ਬੋਲੀਕਾਰਾਂ ’ਚ ਹੋਏ ਜ਼ਬਰਦਸਤ ਮੁਕਾਬਲੇ ਕਾਰਨ 20 ਅਗਸਤ, 2026 ਨੂੰ ਖ਼ਤਮ ਹੋਣ ਵਾਲੀ ਨਿਲਾਮੀ 21 ਅਗਸਤ, 2026 ਨੂੰ ਤੜਕੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ 20 ਜੁਲਾਈ ਨੂੰ ਸ਼ੁਰੂ ਹੋਈ ਇਸ ਨਿਲਾਮੀ ’ਚ ਕੁੱਲ 36 ਪ੍ਰਾਪਰਟੀਆਂ ਬੋਲੀ ਲਈ ਪੇਸ਼ ਕੀਤੀਆਂ ਗਈਆਂ ਸਨ।
ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗਮਾਡਾ ਵੱਲੋਂ ਸਮੇਂ-ਸਮੇਂ ’ਤੇ ਕਰਵਾਈਆਂ ਗਈਆਂ ਆਕਸ਼ਨਾਂ ਨੂੰ ਨਿਵੇਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵੱਡੇ ਨਿਵੇਸ਼ਕਾਂ ਵੱਲੋਂ ਮੋਹਾਲੀ ਵਿੱਚ ਨੇੜੇ ਭਵਿੱਖ ’ਚ ਆਪਣੇ ਪ੍ਰਾਜੈਕਟ ਸਥਾਪਤ ਕਰਨ ਨਾਲ ਸ਼ਹਿਰ ਦੀ, ਜਿਥੇ ਰਾਸ਼ਟਰੀ ਪੱਧਰ ’ਤੇ ਨਿਵੇਕਲੀ ਪਛਾਣ ਬਣੇਗੀ, ਉਥੇ ਸੂਬੇ ਨੂੰ ਆਰਥਿਕ ਮਜ਼ਬੂਤੀ ਮਿਲੇਗੀ ਅਤੇ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਹੋਣਗੇ।
ਮੁੰਡੀਆਂ ਨੇ ਦੱਸਿਆ ਕਿ ਨਿਲਾਮੀ ’ਚ ਪੇਸ਼ ਕੀਤੀਆਂ ਪ੍ਰਾਪਰਟੀਆਂ ਦੀ ਰਾਖਵੀਂ ਕੀਮਤ 3872 ਕਰੋੜ ਰੱਖੀ ਗਈ ਸੀ ਅਤੇ ਇਨ੍ਹਾਂ ਪ੍ਰਾਪਰਟੀਆਂ ਨੂੰ ਨਿਲਾਮ ਕਰਕੇ ਅਥਾਰਟੀ ਨੇ ਕੁੱਲ 5391 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਆਮਦਨ ਗਮਾਡਾ ਦੇ ਅਧਿਕਾਰ-ਖੇਤਰ ਅਧੀਨ ਆਉਂਦੇ ਇਲਾਕੇ ’ਚ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ’ਤੇ ਖ਼ਰਚ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਨਿਲਾਮ ਕੀਤੀਆਂ ਗਈਆਂ ਪ੍ਰਾਪਰਟੀਆਂ ’ਚ ਮੁਹਾਲੀ ਦੇ ਵੱਖ-ਵੱਖ ਸੈਕਟਰਾਂ/ਪ੍ਰਾਜੈਕਟਾਂ ਵਿਖੇ ਸਥਿਤ ਮਿਕਸ ਲੈਂਡ ਯੂਜ਼, ਹੋਟਲ, ਹਸਪਤਾਲ ਅਤੇ ਵਪਾਰਕ ਸਾਈਟਾਂ ਸ਼ਾਮਲ ਹਨ।