ਨੌਕਰੀ ਦਾ ਝਾਂਸਾ ਦੇ ਕੇ ਮੁਹਾਲੀ ਲਿਆਂਦੀਆਂ ਕੁੜੀਆਂ, ਸਪਾ ਸੈਂਟਰ ’ਚ ਕਰਵਾਇਆ ਜਾ ਰਿਹਾ ਸੀ ਗਲਤ ਕੰਮ; 2 ਕਾਬੂ ਮੁਹਾਲੀ ਦੇ ਸੈਕਟਰ-79 ਸਥਿਤ ਫੈਮਿਲੀ ਟ੍ਰੀ ਸਪਾ ਸੈਂਟਰ 'ਤੇ ਪੁਲਿਸ ਨੇ ਛਾਪਾ ਮਾਰਿਆ। ਮੌਕੇ ਤੋਂ ਪੰਜ ਕੁੜੀਆਂ ਨੂੰ ਰੈਸਕਿਊ ਕੀਤਾ ਗਿਆ, ਜਦਕਿ ਸੈਂਟਰ ਦੇ ਦੋ ਸੰਚਾਲਕਾਂ ਸੰਦੀਪ ਤੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Publish Date: Thu, 01 Oct 2026 01:22 PM (IST)
Updated Date: Thu, 01 Oct 2026 01:23 PM (IST)
ਜਾਗਰਣ ਸੰਵਾਦਦਾਤਾ, ਮੁਹਾਲੀ। ਸਪਾ ਸੈਂਟਰ ਦੀ ਆੜ ’ਚ ਅਨੈਤਿਕ ਗਤੀਵਿਧੀਆਂ ਚਲਾਏ ਜਾਣ ਦੀ ਸੂਚਨਾ 'ਤੇ ਥਾਣਾ ਸੋਹਾਣਾ ਪੁਲਿਸ ਨੇ ਸੈਕਟਰ-79 ਸਥਿਤ ਫੈਮਿਲੀ ਟ੍ਰੀ ਸਪਾ ਸੈਂਟਰ 'ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਮੌਕੇ ਤੋਂ ਪੰਜ ਕੁੜੀਆਂ ਨੂੰ ਰੈਸਕਿਊ ਕੀਤਾ, ਜਦਕਿ ਸੈਂਟਰ ਦੇ ਸੰਚਾਲਕ ਸੰਦੀਪ ਤੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੋਵਾਂ ਖ਼ਿਲਾਫ਼ ਇਮੋਰਲ ਟ੍ਰੈਫਿਕ (ਪ੍ਰਿਵੈਂਸ਼ਨ) ਐਕਟ ਦੀਆਂ ਧਾਰਾਵਾਂ 3, 4 ਤੇ 5 ਤਹਿਤ ਕੇਸ ਦਰਜ ਕੀਤਾ ਹੈ। ਕਾਰਵਾਈ ਤੋਂ ਬਾਅਦ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ। ਥਾਣਾ ਸੋਹਾਣਾ ਦੇ ਐਸਐਚਓ ਗਗਨਦੀਪ ਸਿੰਘ ਮੁਤਾਬਕ ਪੁਲਿਸ ਨੂੰ ਸੈਂਟਰ ’ਚ ਅਨੈਤਿਕ ਗਤੀਵਿਧੀਆਂ ਚਲਾਏ ਜਾਣ ਦੀ ਗੁਪਤ ਸੂਚਨਾ ਮਿਲੀ ਸੀ।
ਇਸ ਦੇ ਆਧਾਰ 'ਤੇ ਪੁਲਿਸ ਟੀਮ ਨੇ ਸੈਂਟਰ ’ਤੇ ਛਾਪਾ ਮਾਰਿਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇੱਥੇ ਕੰਮ ਕਰਨ ਵਾਲੀਆਂ ਕੁੜੀਆਂ ’ਚੋਂ ਕੁਝ ਨੂੰ ਦੂਜੇ ਸੂਬਿਆਂ ਤੋਂ ਰੋਜ਼ਗਾਰ ਤੇ ਚੰਗੀ ਕਮਾਈ ਦਾ ਝਾਂਸਾ ਦੇ ਕੇ ਮੁਹਾਲੀ ਲਿਆਂਦਾ ਗਿਆ ਸੀ। ਪੁਲਿਸ ਮੁਤਾਬਕ ਸਪਾ ਸੇਵਾਵਾਂ ਦੀ ਆੜ ’ਚ ਉੱਥੇ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ।
ਪਰਿਵਾਰ ਨਾਲ ਸੰਪਰਕ ਕਰਕੇ ਕੁੜੀਆਂ ਨੂੰ ਸੌਂਪਿਆ ਪੁਲਿਸ ਨੇ ਰੈਸਕਿਊ ਕੀਤੀਆਂ ਪੰਜਾਂ ਕੁੜੀਆਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਗ੍ਰਿਫ਼ਤਾਰ ਕੀਤੇ ਦੋਵਾਂ ਸੰਚਾਲਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਸੈਂਟਰ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੂਜੇ ਸੂਬਿਆਂ ਤੋਂ ਕੁੜੀਆਂ ਨੂੰ ਮੁਹਾਲੀ ਲਿਆਉਣ ਦੇ ਪਿੱਛੇ ਕਿਹੜੇ ਲੋਕ ਸਰਗਰਮ ਸਨ।