ਪ੍ਰਸ਼ਾਸਨਿਕ ਅਣਦੇਖੀ ਦੀ ਭੇਂਟ ਚੜ੍ਹਿਆ ਗਾਜ਼ੀਪੁਰ ਕਾਜ਼ਵੇਅ, ਫਾਈਲਾਂ ’ਚ ਅਟਕੀ ਮੁਰੰਮਤ; ਖੋਖਲੇ ਢਾਂਚੇ ਤੋਂ ਲੰਘ ਰਹੇ ਭਾਰੀ ਵਾਹਨ ਗਾਜ਼ੀਪੁਰ ਰੋਡ 'ਤੇ ਸੁਖਨਾ-ਚੋਅ ਦੇ ਉੱਪਰ ਬਣਿਆ ਕਾਜ਼ਵੇਅ ਪਿਛਲੇ ਕਰੀਬ ਇਕ ਸਾਲ ਤੋਂ ਪ੍ਰਸ਼ਾਸਨਿਕ ਅਣਦੇਖੀ ਅਤੇ ਦੋ ਵਿਭਾਗਾਂ ਦੀ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਕੇ ਬਦਹਾਲੀ ਦੇ ਕੰਢੇ ਪਹੁੰਚ ਚੁੱਕਾ ਹੈ। ਅਧਿਕਾਰੀਆਂ ਦੇ ਟਾਲ-ਮਟੋਲ ਵਾਲੇ ਰਵੱਈਏ ਕਾਰਨ ਇਹ ਖ਼ਸਤਾਹਾਲ ਕਾਜ਼ਵੇਅ ਹੁਣ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਸਤੰਬਰ 2025 ਦੀਆਂ ਭਾਰੀ ਬਾਰਿਸ਼ਾਂ ਦੌਰਾਨ ਪਾਣੀ ਦੇ ਤੇਜ਼ ਵਹਾਅ ਨੇ ਇਸ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਸੀ। ਹੇਠਾਂ ਲੱਗੇ ਸੀਮੈਂਟਡ ਪਾਈਪ ਖਿਸਕਣ ਤੇ ਮਿੱਟੀ ਦੇ ਕਟਾਅ ਕਾਰਨ ਪੂਰਾ ਢਾਂਚਾ ਹੇਠਾਂ ਤੋਂ ਖੋਖਲਾ ਹੋ ਗਿਆ ਹੈ। ਸਾਲ ਬੀਤਣ 'ਤੇ ਵੀ ਮੁਰੰਮਤ ਸ਼ੁਰੂ ਨਾ ਹੋਣ ਕਾਰਨ ਰੋਜ਼ਾਨਾ ਲੰਘ
Publish Date: Wed, 02 Sep 2026 12:25 PM (IST)
Updated Date: Wed, 02 Sep 2026 12:27 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਗਾਜ਼ੀਪੁਰ ਰੋਡ 'ਤੇ ਸੁਖਨਾ-ਚੋਅ ਦੇ ਉੱਪਰ ਬਣਿਆ ਕਾਜ਼ਵੇਅ ਪਿਛਲੇ ਕਰੀਬ ਇਕ ਸਾਲ ਤੋਂ ਪ੍ਰਸ਼ਾਸਨਿਕ ਅਣਦੇਖੀ ਅਤੇ ਦੋ ਵਿਭਾਗਾਂ ਦੀ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਕੇ ਬਦਹਾਲੀ ਦੇ ਕੰਢੇ ਪਹੁੰਚ ਚੁੱਕਾ ਹੈ। ਅਧਿਕਾਰੀਆਂ ਦੇ ਟਾਲ-ਮਟੋਲ ਵਾਲੇ ਰਵੱਈਏ ਕਾਰਨ ਇਹ ਖ਼ਸਤਾਹਾਲ ਕਾਜ਼ਵੇਅ ਹੁਣ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਸਤੰਬਰ 2025 ਦੀਆਂ ਭਾਰੀ ਬਾਰਿਸ਼ਾਂ ਦੌਰਾਨ ਪਾਣੀ ਦੇ ਤੇਜ਼ ਵਹਾਅ ਨੇ ਇਸ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਸੀ। ਹੇਠਾਂ ਲੱਗੇ ਸੀਮੈਂਟਡ ਪਾਈਪ ਖਿਸਕਣ ਤੇ ਮਿੱਟੀ ਦੇ ਕਟਾਅ ਕਾਰਨ ਪੂਰਾ ਢਾਂਚਾ ਹੇਠਾਂ ਤੋਂ ਖੋਖਲਾ ਹੋ ਗਿਆ ਹੈ। ਸਾਲ ਬੀਤਣ 'ਤੇ ਵੀ ਮੁਰੰਮਤ ਸ਼ੁਰੂ ਨਾ ਹੋਣ ਕਾਰਨ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਸਕੂਲੀ ਬੱਚਿਆਂ ਤੇ ਰਾਹਗੀਰਾਂ ਦੀ ਸੁਰੱਖਿਆ ਰੱਬ ਭਰੋਸੇ ਹੈ।
ਭਾਰੀ ਵਾਹਨਾਂ ਦੀ ਆਵਾਜਾਈ ਨਾਲ ਧੱਸ ਸਕਦਾ ਹੈ ਕਾਜ਼ਵੇਅ
ਸਥਾਨਕ ਲੋਕਾਂ ਅਨੁਸਾਰ ਪੁਲ਼ ਦੀ ਨੀਂਹ ਦੇ ਸੀਮੈਂਟਡ ਪਾਈਪ ਧੱਸ ਚੁੱਕੇ ਹਨ ਤੇ ਮਿੱਟੀ ਦਾ ਕਟਾਅ ਲਗਾਤਾਰ ਜਾਰੀ ਹੈ। ਸਥਿਤੀ ਇੰਨੀ ਨਾਜ਼ੁਕ ਹੈ ਕਿ ਭਾਰੀ ਵਾਹਨ ਜਾਂ ਬੱਸ ਲੰਘਣ 'ਤੇ ਪੂਰੇ ਪੁਲ਼ 'ਚ ਤੇਜ਼ ਕੰਪਨ ਮਹਿਸੂਸ ਹੁੰਦੀ ਹੈ। ਬਰਸਾਤ ਦੌਰਾਨ ਸੁਖਨਾ ਨਦੀ ਦਾ ਜਲ ਪੱਧਰ ਵੱਧਣ ਨਾਲ ਇਸ ਦੇ ਵਹਿ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਨਾਲ ਪੂਰੇ ਇਲਾਕੇ ਦਾ ਸੰਪਰਕ ਟੁੱਟ ਸਕਦਾ ਹੈ। ਇਹ ਕਾਜ਼ਵੇਅ ਦਰਜਨਾਂ ਰਿਹਾਇਸ਼ੀ ਇਲਾਕਿਆਂ ਲਈ ਮੁੱਖ ਲਾਈਫ਼ਲਾਈਨ ਹੈ। ਜ਼ੀਰਕਪੁਰ ਦੇ ਜਾਮ ਤੋਂ ਬਚਣ ਲਈ ਲੋਕ ਮੁਬਾਰਕਪੁਰ, ਡੇਰਾਬੱਸੀ ਅਤੇ ਪੰਚਕੂਲਾ ਜਾਣ ਲਈ ਇਸ ਦੀ ਵਰਤੋਂ ਕਰਦੇ ਹਨ। ਰੋਜ਼ਾਨਾ ਸਕੂਲੀ ਬੱਸਾਂ, ਦੁਪਹੀਆ ਵਾਹਨਾਂ ਅਤੇ ਭਾਰੀ ਟਰੱਕਾਂ ਦਾ ਇੱਥੋਂ ਲੰਘਣਾ ਬਣਿਆ ਰਹਿੰਦਾ ਹੈ।
ਫਾਈਲਾਂ 'ਚ ਕੈਦ ਮਾਮਲਾ ਤੇ ਵਿਭਾਗੀ 'ਲੈਟਰ-ਵਾਰ' ਸਤੰਬਰ 2025 'ਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਗਰ ਕੌਂਸਲ ਨੇ ਜੂਨ 2026 'ਚ 35 ਲੱਖ ਰੁਪਏ ਦਾ ਟੈਂਡਰ ਜਾਰੀ ਕੀਤਾ ਸੀ, ਪਰ ਕੰਮ ਸ਼ੁਰੂ ਨਹੀਂ ਹੋਇਆ। ਹੁਣ ਨਗਰ ਕੌਂਸਲ ਜ਼ੀਰਕਪੁਰ ਅਤੇ ਡਰੇਨੇਜ ਵਿਭਾਗ ਵਿਚਕਾਰ 'ਲੈਟਰ-ਵਾਰ' ਚੱਲ ਰਹੀ ਹੈ।
ਮੁਰੰਮਤ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ : ਡਰੇਨੇਜ ਵਿਭਾਗ ਡਰੇਨੇਜ ਵਿਭਾਗ ਦੇ ਜੇਈ ਸ਼ਿਵਚਰਨ ਅਨੁਸਾਰ, ਨਿਯਮਾਂ ਮੁਤਾਬਕ ਇਹ ਇਲਾਕਾ ਨਗਰ ਕੌਂਸਲ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ, ਇਸ ਲਈ ਮੁਰੰਮਤ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ।
ਕੰਮ ਡਰੇਨੇਜ ਡਿਪਾਰਟਮੈਂਟ ਦੇ ਦਾਇਰੇ 'ਚ ਆਉਂਦਾ : ਕਾਰਜ ਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਅਨੁਸਾਰ, ਇਹ ਕੰਮ ਡਰੇਨੇਜ ਡਿਪਾਰਟਮੈਂਟ ਦੇ ਦਾਇਰੇ 'ਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਪੱਤਰ ਭੇਜ ਕੇ ਮੁਰੰਮਤ ਕਰਵਾਉਣ ਲਈ ਕਿਹਾ ਗਿਆ ਹੈ।