Punjab News : ਫ਼ਲੈਟ ਵੇਚਣ ਦੇ ਨਾਂ 'ਤੇ 83.75 ਲੱਖ ਦੀ ਠੱਗੀ, ਪਿਓ ਤੇ 2 ਪੁੱਤਰਾਂ 'ਤੇ ਪਰਚਾ ਦਰਜ ਢਕੌਲੀ ਖੇਤਰ ਦੇ ਪੀਰਮੁਛੱਲਾ ਵਿਚ ਸਥਿਤ ਇਕ ਸੁਸਾਇਟੀ ’ਚ ਦੋ ਫ਼ਲੈਟ ਵੇਚਣ ਦੇ ਨਾਂ 'ਤੇ ਇਕ ਔਰਤ ਨਾਲ 83 ਲੱਖ 75 ਹਜ਼ਾਰ ਰੁਪਏ ਦੀ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਡੂੰਘੀ ਜਾਂਚ ਤੋਂ ਬਾਅਦ ਮੁਲਜ਼ਮ ਅਰੁਣ ਪੰਗੋਤਰਾ ਅਤੇ ਉਸ ਦੇ ਦੋ ਪੁੱਤਰਾਂ ਰਿਹਾਨ ਅਤੇ ਜਿਹਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
Publish Date: Tue, 04 Aug 2026 10:56 AM (IST)
Updated Date: Tue, 04 Aug 2026 10:58 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਢਕੌਲੀ ਖੇਤਰ ਦੇ ਪੀਰਮੁਛੱਲਾ ਵਿਚ ਸਥਿਤ ਇਕ ਸੁਸਾਇਟੀ ’ਚ ਦੋ ਫ਼ਲੈਟ ਵੇਚਣ ਦੇ ਨਾਂ 'ਤੇ ਇਕ ਔਰਤ ਨਾਲ 83 ਲੱਖ 75 ਹਜ਼ਾਰ ਰੁਪਏ ਦੀ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਡੂੰਘੀ ਜਾਂਚ ਤੋਂ ਬਾਅਦ ਮੁਲਜ਼ਮ ਅਰੁਣ ਪੰਗੋਤਰਾ ਅਤੇ ਉਸ ਦੇ ਦੋ ਪੁੱਤਰਾਂ ਰਿਹਾਨ ਅਤੇ ਜਿਹਾਨ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਐੱਸਐੱਸਪੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਮੋਤੀਆ ਬਲੂ ਰਿਜ-2, ਪੀਰਮੁਛੱਲਾ ਦੀ ਰਹਿਣ ਵਾਲੀ ਅਨੀਤਾ ਸ਼ਰਮਾ ਨੇ ਦੱਸਿਆ ਕਿ ਅਗਸਤ 2020 ਵਿਚ ਉਸ ਦੇ ਪਤੀ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਆਪਣੇ ਬੇਟੇ ਮੁਨੀਸ਼ ਸ਼ਰਮਾ ਨਾਲ ਰਹਿ ਰਹੀ ਸੀ। ਮਈ 2024 ਵਿਚ ਇਕ ਜਾਣਕਾਰ ਰਾਹੀਂ ਉਸ ਦੀ ਮੁਲਾਕਾਤ ਅਰੁਣ ਪੰਗੋਤਰਾ ਨਾਲ ਹੋਈ, ਜਿਸ ਨੇ ਖ਼ੁਦ ਨੂੰ ਇਕ ਇੰਸਟੀਚਿਊਟ ਦਾ ਮਾਲਕ ਅਤੇ ਪ੍ਰਾਪਰਟੀ ਡੀਲਰ ਦੱਸਿਆ। ਅਰੁਣ ਨੇ ਉਸ ਨੂੰ ਬਲੂ ਰਿਜ-2 ਵਿਚ ਦੋ ਅਧੂਰੇ ਫ਼ਲੈਟ (ਨੰ. 114 ਸੀ ਅਤੇ 115 ਸੀ) ਦਿਖਾ ਕੇ ਖ਼ੁਦ ਨੂੰ ਉਨ੍ਹਾਂ ਦਾ ਮਾਲਕ ਦੱਸਿਆ। ਦੋਵਾਂ ਫ਼ਲੈਟਾਂ ਦਾ ਸੌਦਾ 85 ਲੱਖ ਰੁਪਏ ਵਿਚ ਤੈਅ ਹੋਇਆ। ਪੀੜਤ ਔਰਤ ਅਨੁਸਾਰ ਉਸ ਨੇ ਖਰੜ ਸਥਿਤ ਆਪਣਾ ਮਕਾਨ ਅਤੇ ਸੋਨੇ ਦੇ ਗਹਿਣੇ ਵੇਚ ਕੇ ਪੈਸੇ ਇਕੱਠੇ ਕੀਤੇ ਅਤੇ ਗੂਗਲ ਪੇ, ਆਰਟੀਜੀਐੱਸ ਅਤੇ ਨਕਦ ਜ਼ਰੀਏ ਕੁੱਲ 83,75,000 ਰੁਪਏ ਅਰੁਣ, ਉਸ ਦੇ ਦੋਵਾਂ ਪੁੱਤਰਾਂ ਅਤੇ ਉਸ ਦੇ ਅਨੰਤ ਇੰਸਟੀਚਿਊਟ ਦੇ ਖ਼ਾਤੇ ਵਿਚ ਟਰਾਂਸਫਰ ਕਰ ਦਿੱਤੇ।
ਹਾਲਾਂਕਿ, ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਫ਼ਲੈਟ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਕਬਜ਼ਾ ਦਿੱਤਾ। ਰਜਿਸਟਰੀ ਦੀਆਂ ਤਾਰੀਖ਼ਾਂ ਬਾਰ-ਬਾਰ ਅੱਗੇ ਵਧਾਉਣ ਤੋਂ ਬਾਅਦ ਜਦੋਂ ਔਰਤ ਨੇ ਪੈਸੇ ਵਾਪਸ ਮੰਗੇ ਤਾਂ ਅਰੁਣ ਨੇ 84 ਲੱਖ ਰੁਪਏ ਦੇ ਤਿੰਨ ਚੈੱਕ ਦਿੱਤੇ, ਜੋ ਬੈਂਕ ਵਿਚ ਬਾਊਂਸ ਹੋ ਗਏ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਮੁਲਜ਼ਮ ਅਰੁਣ ਪੰਗੋਤਰਾ ਉਨ੍ਹਾਂ ਫ਼ਲੈਟਾਂ ਦਾ ਮਾਲਕ ਹੀ ਨਹੀਂ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਅਰੁਣ ਪੰਗੋਤਰਾ ਅਤੇ ਉਸ ਦੇ ਦੋਵਾਂ ਪੁੱਤਰਾਂ ਰਿਹਾਨ ਤੇ ਜਿਹਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।