ਮੁਹਾਲੀ 'ਚ ਪਾਵਰਕੌਮ ਦਫ਼ਤਰ ਘੇਰ ਕੇ ਕਿਸਾਨਾਂ ਨੇ ਲਾਇਆ ਧਰਨਾ, ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਅਪੀਲ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਦੇ ਅਣਐਲਾਨੇ ਕੱਟਾਂ ਅਤੇ ਮਾੜੀ ਬਿਜਲੀ ਸਪਲਾਈ ਦੇ ਰੋਸ ਵਜੋਂ ਮੁਹਾਲੀ ਵਿਖੇ ਪਾਵਰਕੌਮ ਦੇ ਸੁਪਰਡੈਂਟ ਇੰਜੀਨੀਅਰ (ਐੱਸਈ) ਦੇ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
Publish Date: Mon, 14 Sep 2026 01:44 PM (IST)
Updated Date: Mon, 14 Sep 2026 01:48 PM (IST)
ਦਰਸ਼ਨ ਸਿੰਘ ਸੋਢੀ, ਮੁਹਾਲੀ : ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਅਪੀਲ 'ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਦੇ ਅਣਐਲਾਨੇ ਕੱਟਾਂ ਅਤੇ ਮਾੜੀ ਬਿਜਲੀ ਸਪਲਾਈ ਦੇ ਰੋਸ ਵਜੋਂ ਮੁਹਾਲੀ ਵਿਖੇ ਪਾਵਰਕੌਮ ਦੇ ਸੁਪਰਡੈਂਟ ਇੰਜੀਨੀਅਰ (ਐੱਸਈ) ਦੇ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਕਿਸਾਨ ਸਵੇਰੇ 10 ਵਜੇ ਤੋਂ ਹੀ ਪਾਵਰਕੌਮ ਦੇ ਦਫ਼ਤਰ ਦੇ ਬਾਹਰ ਜੁੜਨੇ ਸ਼ੁਰੂ ਹੋ ਗਏ ਸਨ। ਦੁਪਹਿਰ 12 ਵਜੇ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੋ ਗਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਹੱਥਾਂ ਵਿੱਚ ਆਪਣੀਆਂ ਜਥੇਬੰਦੀਆਂ ਦੇ ਝੰਡੇ ਫੜ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਦਰਸ਼ਨ ਸਿੰਘ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਬਿਜਲੀ ਮਹਿਕਮੇ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਪਿੰਡਾਂ ਅਤੇ ਖੇਤੀ ਖੇਤਰ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ।
ਕਿਸਾਨਾਂ ਦਾ ਕਹਿਣਾ ਹੈ ਕਿ ਦਿਨ-ਰਾਤ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਆਮ ਜਨ-ਜੀਵਨ ਦੇ ਨਾਲ-ਨਾਲ ਫ਼ਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਸੈਕਟਰ ਲਈ ਘੱਟੋ-ਘੱਟ ਨਿਰਧਾਰਤ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।
ਸੜ ਰਹੇ ਟ੍ਰਾਂਸਫਾਰਮਰਾਂ ਨੂੰ ਤੁਰੰਤ ਬਦਲਣ ਅਤੇ ਢਿੱਲੀਆਂ ਤਾਰਾਂ ਨੂੰ ਠੀਕ ਕਰਨ ਦੀ ਮੰਗ ਕੀਤੀ ਗਈ।
ਪ੍ਰਸ਼ਾਸਨ ਅਤੇ ਪੁਲਿਸ ਰਣਨੀਤੀ ਧਰਨੇ ਦੀ ਗੰਭੀਰਤਾ ਨੂੰ ਦੇਖਦਿਆਂ ਪਾਵਰਕੌਮ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਕਿਸਾਨਾਂ ਦੇ ਤਿੱਖੇ ਰੋਖ਼ ਨੂੰ ਦੇਖਦਿਆਂ ਮੌਕੇ 'ਤੇ ਪਹੁੰਚੇ ਉੱਚ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਿਜਲੀ ਦੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਅਤੇ ਅਣਐਲਾਨੇ ਕੱਟ ਬੰਦ ਨਾ ਹੋਏ, ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਸ਼ਾਸਨ ਦੀ ਹੋਵੇਗੀ।