ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦਾ ਵੱਡਾ ਹੱਲਾਬੋਲ: ਮੁਹਾਲੀ ਤੋਂ ਚੰਡੀਗੜ੍ਹ ਤੱਕ ਕੱਢਿਆ ਵਿਸ਼ਾਲ ਮੋਟਰਸਾਈਕਲ ਮਾਰਚ; ਪ੍ਰਧਾਨ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਪੰਜਾਬ ਭਰ ਦੇ ਕਿਸਾਨਾਂ ਨੇ ਸੋਮਵਾਰ ਨੂੰ ਅਮਰੀਕਾ ਨਾਲ ਸੰਭਾਵਿਤ ਕਰ-ਮੁਕਤ ਵਪਾਰ ਸਮਝੌਤੇ ਅਤੇ ਹੋਰ ਕਿਸਾਨੀ ਮੰਗਾਂ ਦੇ ਹੱਕ ਵਿੱਚ ਮੁਹਾਲੀ ਤੋਂ ਚੰਡੀਗੜ੍ਹ ਤੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ। ਰੋਸ ਮਾਰਚ ਵਿੱਚ ਸ਼ਾਮਲ ਕਿਸਾਨ ਆਪਣੀਆਂ ਮੰਗਾਂ ਛਪੀਆਂ ਵਿਸ਼ੇਸ਼ ਕਮੀਜ਼ਾਂ ਪਹਿਨ ਕੇ ਪਹੁੰਚੇ, ਜਿਸ ਨਾਲ ਉਨ੍ਹਾਂ ਨੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
Publish Date: Tue, 14 Jul 2026 10:40 AM (IST)
Updated Date: Tue, 14 Jul 2026 10:41 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਅਗਵਾਈ ਹੇਠ ਪੰਜਾਬ ਭਰ ਦੇ ਕਿਸਾਨਾਂ ਨੇ ਸੋਮਵਾਰ ਨੂੰ ਅਮਰੀਕਾ ਨਾਲ ਸੰਭਾਵਿਤ ਕਰ-ਮੁਕਤ ਵਪਾਰ ਸਮਝੌਤੇ ਅਤੇ ਹੋਰ ਕਿਸਾਨੀ ਮੰਗਾਂ ਦੇ ਹੱਕ ਵਿੱਚ ਮੁਹਾਲੀ ਤੋਂ ਚੰਡੀਗੜ੍ਹ ਤੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ। ਰੋਸ ਮਾਰਚ ਵਿੱਚ ਸ਼ਾਮਲ ਕਿਸਾਨ ਆਪਣੀਆਂ ਮੰਗਾਂ ਛਪੀਆਂ ਵਿਸ਼ੇਸ਼ ਕਮੀਜ਼ਾਂ ਪਹਿਨ ਕੇ ਪਹੁੰਚੇ, ਜਿਸ ਨਾਲ ਉਨ੍ਹਾਂ ਨੇ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਸਵੇਰੇ ਕਰੀਬ 10 ਵਜੇ ਤੋਂ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਕਾਫ਼ਲੇ ਮੁਹਾਲੀ ਦੇ ਫੇਜ਼-8 ਸਥਿਤ ਨੇਚਰ ਪਾਰਕ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਸਾਢੇ 11 ਵਜੇ ਤੱਕ ਹਜ਼ਾਰਾਂ ਕਿਸਾਨ ਇਕੱਠੇ ਹੋ ਚੁੱਕੇ ਸਨ। ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਖੁੱਲ੍ਹੀ ਮੀਟਿੰਗ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ 'ਤੇ ਚਰਚਾ ਕੀਤੀ ਅਤੇ ਸੰਘਰਸ਼ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਕਰੀਬ 1,500 ਮੋਟਰਸਾਈਕਲਾਂ ਅਤੇ 200 ਕਾਰਾਂ ਦਾ ਕਾਫ਼ਲਾ ਚੰਡੀਗੜ੍ਹ ਵੱਲ ਰਵਾਨਾ ਹੋਇਆ। ਸੈਕਟਰ-34 ਦੇ ਗਰਾਊਂਡ ਵਿੱਚ ਪਹੁੰਚ ਕੇ ਕਿਸਾਨਾਂ ਨੇ ਯੂਟੀ ਦੇ ਐੱਸਡੀਐੱਮ ਅਤੇ ਡੀਐੱਸਪੀ ਰਾਹੀਂ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ। ਸਕੂਲਾਂ ਦੀ ਛੁੱਟੀ ਦੇ ਸਮੇਂ ਆਵਾਜਾਈ ਪ੍ਰਭਾਵਿਤ ਨਾ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੇ ਦੁਪਹਿਰ ਕਰੀਬ ਪੌਣੇ ਦੋ ਵਜੇ ਮਾਰਚ ਸਮਾਪਤ ਕਰ ਦਿੱਤਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਅਜਿਹਾ ਕਰ-ਮੁਕਤ ਵਪਾਰ ਸਮਝੌਤਾ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਭਾਰਤੀ ਮੰਡੀ ਅਮਰੀਕੀ ਅਨਾਜ ਅਤੇ ਹੋਰ ਖੇਤੀ ਉਤਪਾਦਾਂ ਲਈ ਖੁੱਲ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੇ 86 ਫ਼ੀਸਦੀ ਕਿਸਾਨਾਂ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ, ਜਦਕਿ ਅਮਰੀਕਾ ਦੇ ਕਿਸਾਨ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਹਨ ਅਤੇ ਉਨ੍ਹਾਂ ਨੂੰ ਭਾਰੀ ਸਰਕਾਰੀ ਸਬਸਿਡੀ ਮਿਲਦੀ ਹੈ। ਅਜਿਹੇ ਹਾਲਾਤਾਂ ਵਿੱਚ ਭਾਰਤੀ ਕਿਸਾਨ ਮੁਕਾਬਲਾ ਨਹੀਂ ਕਰ ਸਕਣਗੇ ਅਤੇ ਖੇਤੀਬਾੜੀ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਮਝੌਤਾ ਕੀਤਾ ਗਿਆ ਤਾਂ 2020-21 ਦੇ ਦਿੱਲੀ ਕਿਸਾਨ ਅੰਦੋਲਨ ਵਾਂਗ ਦੇਸ਼ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ।
ਪਾਣੀ ਅਤੇ ਲੈਂਡ ਪੂਲਿੰਗ ਨੀਤੀ ਦਾ ਵੀ ਕੀਤਾ ਵਿਰੋਧ ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ, ਫਿਰ ਵੀ ਕੇਂਦਰ ਸਰਕਾਰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਗ਼ੈਰ-ਰਿਪੇਰੀਅਨ ਰਾਜਾਂ ਨੂੰ ਦੇ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖ਼ਲ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਸੂਬਾ ਪੱਧਰ 'ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।