ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ, ਮੰਡੀਆਂ ’ਚ ਰੁਲ ਰਹੀ ਫ਼ਸਲ; ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ
ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਐਤਵਾਰ ਨੂੰ ਪਿੰਡ ਸਨੇਟਾ ਅਨਾਜ ਮੰਡੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲ ਕੀਤੀ। ਉਨ੍ਹਾਂ ਸ਼ੈਡਾਂ ਹੇਠ ਪਈ ਕਣਕ ਦੀਆਂ ਬੋਰੀਆਂ ਨੂੰ ਦੇਖਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਸੋਹਾਣਾ ਨੇ ਕਿਹਾ ਕਿ ਜੇਕਰ ਇਸੇ ਦੌਰਾਨ ਮੀਂਹ ਆ ਗਿਆ ਤਾਂ ਕਿਸਾਨ ਮੰਡੀ ਵਿਚ ਪਈ ਆਪਣੀ ਫ਼ਸਲ ਨੂੰ ਕਿੱਥੇ ਸੁਰੱਖਿਅਤ ਰੱਖਣਗੇ। ਪਹਿਲਾਂ ਹੀ ਮੰਡੀ ਵਿਚ ਕਣਕ ਪਈ ਹੋਈ ਹੈ ਅਤੇ ਹੁਣ ਝੋਨੇ ਦੀ ਆਮਦ ਵੱਧਣ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
Publish Date: Mon, 05 Oct 2026 09:49 AM (IST)
Updated Date: Mon, 05 Oct 2026 09:54 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪਿੰਡ ਸਨੇਟਾ ਅਨਾਜ ਮੰਡੀ ਵਿਚ ਕਰੀਬ 15 ਹਜ਼ਾਰ ਕੁਇੰਟਲ ਕਣਕ ਖ਼ਰੀਦ ਤੋਂ ਬਾਅਦ ਲਿਫਟਿੰਗ ਦੀ ਉਡੀਕ ਕਰ ਰਹੀ ਹੈ, ਉੱਥੇ ਦੂਜੇ ਪਾਸੇ ਮੰਡੀ ਵਿਚ ਝੋਨੇ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਤੱਕ ਨਾ ਤਾਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਈ ਹੈ ਅਤੇ ਨਾ ਹੀ ਲੋੜੀਂਦਾ ਬਾਰਦਾਨਾ ਉਪਲਬਧ ਕਰਵਾਇਆ ਗਿਆ ਹੈ। ਇਸ ਕਾਰਨ ਕਿਸਾਨ ਪਿਛਲੇ ਤਿੰਨ ਦਿਨਾਂ ਤੋਂ ਆਪਣੀ ਫ਼ਸਲ ਲੈ ਕੇ ਮੰਡੀ ਵਿਚ ਰੁਲ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਐਤਵਾਰ ਨੂੰ ਪਿੰਡ ਸਨੇਟਾ ਅਨਾਜ ਮੰਡੀ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲ ਕੀਤੀ। ਉਨ੍ਹਾਂ ਸ਼ੈਡਾਂ ਹੇਠ ਪਈ ਕਣਕ ਦੀਆਂ ਬੋਰੀਆਂ ਨੂੰ ਦੇਖਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਸੋਹਾਣਾ ਨੇ ਕਿਹਾ ਕਿ ਜੇਕਰ ਇਸੇ ਦੌਰਾਨ ਮੀਂਹ ਆ ਗਿਆ ਤਾਂ ਕਿਸਾਨ ਮੰਡੀ ਵਿਚ ਪਈ ਆਪਣੀ ਫ਼ਸਲ ਨੂੰ ਕਿੱਥੇ ਸੁਰੱਖਿਅਤ ਰੱਖਣਗੇ। ਪਹਿਲਾਂ ਹੀ ਮੰਡੀ ਵਿਚ ਕਣਕ ਪਈ ਹੋਈ ਹੈ ਅਤੇ ਹੁਣ ਝੋਨੇ ਦੀ ਆਮਦ ਵੱਧਣ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ 4 ਅਕਤੂਬਰ ਤੱਕ ਵੀ ਖ਼ਰੀਦ ਸ਼ੁਰੂ ਨਾ ਹੋਣਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ੈਡਾਂ ਵਿਚ ਪਈ ਕਰੀਬ 15 ਹਜ਼ਾਰ ਕੁਇੰਟਲ ਕਣਕ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ, ਜਦਕਿ ਤਿੰਨ ਦਿਨਾਂ ਤੋਂ ਮੰਡੀ ਵਿਚ ਪਈ ਝੋਨੇ ਦੀ ਫ਼ਸਲ ਲਈ ਤੁਰੰਤ ਬਾਰਦਾਨਾ ਮੁਹੱਈਆ ਕਰਵਾਉਂਦਿਆਂ ਖ਼ਰੀਦ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਮਿਹਨਤ ਦੀ ਫ਼ਸਲ ਲੈ ਕੇ ਮੰਡੀ ਵਿਚ ਪਹੁੰਚ ਚੁੱਕੇ ਹਨ। ਜੇਕਰ ਖ਼ਰੀਦ ਅਤੇ ਲਿਫਟਿੰਗ ਵਿਚ ਹੋਰ ਦੇਰੀ ਹੋਈ ਤਾਂ ਮੰਡੀ ਵਿਚ ਫ਼ਸਲ ਦਾ ਦਬਾਅ ਵਧੇਗਾ ਅਤੇ ਖ਼ਰਾਬ ਮੌਸਮ ਦੀ ਸਥਿਤੀ ’ਚ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਸੋਹਾਣਾ ਨੇ ਸੋਸ਼ਲ ਮੀਡੀਆ ਅਤੇ ਫੋਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਤੁਰੰਤ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ’ਚ ਆਪਣੀ ਫ਼ਸਲ ਲੈ ਕੇ ਕਈ-ਕਈ ਦਿਨ ਉਡੀਕ ਨਾ ਕਰਨੀ ਪਵੇ, ਇਸ ਲਈ ਖ਼ਰੀਦ, ਬਾਰਦਾਨੇ ਅਤੇ ਲਿਫਟਿੰਗ ਦੇ ਪ੍ਰਬੰਧ ਤੁਰੰਤ ਸੁਚਾਰੂ ਕੀਤੇ ਜਾਣ।