ਰੁੱਖਾਂ ਦੀਆਂ ਦੁਰਲੱਭ ਪ੍ਰਜਾਤੀਆਂ ਦੀ ਹੋਵੇਗੀ ਸੰਭਾਲ : ਗ੍ਰੀਨ ਪਲੈਨੈਟ ਸੁਸਾਇਟੀ ਤੇ ਪੰਜਾਬ ਜੈਵ ਵਿਭਿੰਨਤਾ ਬੋਰਡ ਵੱਲੋਂ ਬਣਾਈ ਜਾਵੇਗੀ 'ਐਕਸ-ਸਿਟੂ ਕੰਜ਼ਰਵੇਸ਼ਨ ਰਿਪੋਜ਼ਟਰੀ' ਪੰਜਾਬ ਦੀਆਂ ਦੁਰਲੱਭ, ਖ਼ਤਰੇ ਵਿਚ ਪਈਆਂ ਅਤੇ ਲੁਪਤ ਹੋ ਰਹੀਆਂ ਰੁੱਖਾਂ ਦੀਆਂ ਪ੍ਰਜਾਤੀਆਂ ਦੀ ਸੰਭਾਲ ਲਈ ਇਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਜ਼ੀਰਕਪੁਰ ਦੇ ਗਾਜ਼ੀਪੁਰ ਰੋਡ ਸਥਿਤ ਸੁਖਨਾ ਚੋਅ ਦੇ ਨੇੜੇ 'ਐਕਸ-ਸਿਟੂ ਕੰਜ਼ਰਵੇਸ਼ਨ ਰਿਪੋਜ਼ਟਰੀ' ਸਥਾਪਤ ਕੀਤੀ ਜਾ ਰਹੀ ਹੈ। ਇਹ ਵਿਸ਼ੇਸ਼ ਕੇਂਦਰ ਪੰਜਾਬ ਦੀ ਅਮੀਰ ਜੈਵ ਵਿਭਿੰਨਤਾ ਦੀ ਰੱਖਿਆ, ਖੋਜ, ਵਾਤਾਵਰਨ ਸਿੱਖਿਆ ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਉੱਭਰੇਗਾ। ਇਹ ਪ੍ਰੋਜੈਕਟ ਪੰਜਾਬ ਜੈਵ ਵਿਭਿੰਨਤਾ ਬੋਰਡ ਦੀ ਦੇਖ-ਰੇਖ ਅਤੇ ਮਾਰਗਦਰਸ਼ਨ ਹੇਠ ਗਰੀਨ ਪਲੈਨੈਟ ਸੁਸਾਇਟੀ ਵੱਲੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
Publish Date: Tue, 11 Aug 2026 11:31 AM (IST)
Updated Date: Tue, 11 Aug 2026 11:32 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪੰਜਾਬ ਦੀਆਂ ਦੁਰਲੱਭ, ਖ਼ਤਰੇ ਵਿਚ ਪਈਆਂ ਅਤੇ ਲੁਪਤ ਹੋ ਰਹੀਆਂ ਰੁੱਖਾਂ ਦੀਆਂ ਪ੍ਰਜਾਤੀਆਂ ਦੀ ਸੰਭਾਲ ਲਈ ਇਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਜ਼ੀਰਕਪੁਰ ਦੇ ਗਾਜ਼ੀਪੁਰ ਰੋਡ ਸਥਿਤ ਸੁਖਨਾ ਚੋਅ ਦੇ ਨੇੜੇ 'ਐਕਸ-ਸਿਟੂ ਕੰਜ਼ਰਵੇਸ਼ਨ ਰਿਪੋਜ਼ਟਰੀ' ਸਥਾਪਤ ਕੀਤੀ ਜਾ ਰਹੀ ਹੈ। ਇਹ ਵਿਸ਼ੇਸ਼ ਕੇਂਦਰ ਪੰਜਾਬ ਦੀ ਅਮੀਰ ਜੈਵ ਵਿਭਿੰਨਤਾ ਦੀ ਰੱਖਿਆ, ਖੋਜ, ਵਾਤਾਵਰਨ ਸਿੱਖਿਆ ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਇਕ ਮਹੱਤਵਪੂਰਨ ਕੇਂਦਰ ਵਜੋਂ ਉੱਭਰੇਗਾ। ਇਹ ਪ੍ਰੋਜੈਕਟ ਪੰਜਾਬ ਜੈਵ ਵਿਭਿੰਨਤਾ ਬੋਰਡ ਦੀ ਦੇਖ-ਰੇਖ ਅਤੇ ਮਾਰਗਦਰਸ਼ਨ ਹੇਠ ਗਰੀਨ ਪਲੈਨੈਟ ਸੁਸਾਇਟੀ ਵੱਲੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਇਸ ਕੰਜ਼ਰਵੇਸ਼ਨ ਰਿਪੋਜ਼ਟਰੀ ਵਿਚ ਪੰਜਾਬ ਦੀਆਂ ਲਗਭਗ 50 ਅਜਿਹੀਆਂ ਮਹੱਤਵਪੂਰਨ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਬੀਜਿਆ ਅਤੇ ਸੰਭਾਲਿਆ ਜਾਵੇਗਾ, ਜੋ ਅਲੋਪ ਹੋਣ ਦੇ ਕੰਢੇ ਹਨ। ਪੰਜਾਬ ਜੈਵ ਵਿਭਿੰਨਤਾ ਬੋਰਡ ਦੇ ਡਾ. ਗੁਰਹਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਕੇਂਦਰ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਪੱਧਰ ਦਾ ਲਰਨਿੰਗ ਅਤੇ ਬਾਇਓਡਾਇਵਰਸਿਟੀ ਸੈਂਟਰ ਬਣੇਗਾ, ਜਿੱਥੇ ਵਿਦਿਆਰਥੀ, ਖੋਜੀ, ਵਾਤਾਵਰਨ ਵਿਗਿਆਨੀ ਅਤੇ ਵਾਤਾਵਰਨ ਪ੍ਰੇਮੀ ਸਥਾਨਕ ਵਨਸਪਤੀਆਂ ਬਾਰੇ ਪ੍ਰਤੱਖ ਰੂਪ ਵਿਚ ਗਿਆਨ ਪ੍ਰਾਪਤ ਕਰ ਸਕਣਗੇ।
ਰਿਪੋਜ਼ਟਰੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ : ਕਿਊਆਰ ਕੋਡ ਸਿਸਟਮ : ਹਰੇਕ ਰੁੱਖ ਨਾਲ ਸਾਈਨੇਜ ਅਤੇ ਕਿਊਆਰ ਕੋਡ ਲਗਾਇਆ ਜਾਵੇਗਾ, ਜਿਸ ਨੂੰ ਸਕੈਨ ਕਰਕੇ ਪੌਦੇ ਦਾ ਵਿਗਿਆਨਕ ਨਾਂ, ਸਥਾਨਕ ਨਾਂ, ਪ੍ਰਕ੍ਰਿਤਕ ਆਵਾਸ, ਪਾਰਿਸਥਿਤਿਕ ਮਹੱਤਵ ਅਤੇ ਸੰਭਾਲ ਸਥਿਤੀ ਦੀ ਜਾਣਕਾਰੀ ਮਿਲੇਗੀ।
ਲਰਨਿੰਗ ਸਪੇਸ : ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਕਾਰਜਸ਼ਾਲਾਵਾਂ ਅਤੇ ਸ਼ੈਕਸ਼ਨਿਕ ਗਤੀਵਿਧੀਆਂ ਲਈ ਵਿਸ਼ੇਸ਼ ਜਗ੍ਹਾ ਤਿਆਰ ਕੀਤੀ ਗਈ ਹੈ।
ਨੇਚਰ ਐਂਡ ਲਰਨਿੰਗ ਟਰੈਕ : ਸੈਲਾਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਲਈ 'ਹੈਂਡਸ-ਓਨ ਲਰਨਿੰਗ' ਅਤੇ ਰੁੱਖਾਂ ਦਾ ਨਿਰੀਖਣ ਕਰਨ ਲਈ ਇਕ ਵਿਸ਼ੇਸ਼ ਨੇਚਰ ਟਰੈਕ ਵੀ ਬਣਾਇਆ ਗਿਆ ਹੈ।
ਗਰੀਨ ਪਲੈਨੈਟ ਸੁਸਾਇਟੀ ਦੇ ਪ੍ਰਧਾਨ ਸੁਮਿਤ ਭਾਰਦਵਾਜ ਨੇ ਦੱਸਿਆ ਕਿ ਗਾਜ਼ੀਪੁਰ ਅਰਬਨ ਫਾਰੈਸਟ ਦੇ ਲਗਭਗ 25 ਏਕੜ ਖੇਤਰ ਵਿਚ ਹੁਣ ਤੱਕ 25,000 ਦੇ ਲਗਭਗ ਪੌਦੇ ਲਗਾ ਕੇ ਇਸ ਨੂੰ ਸੰਘਣੇ ਸ਼ਹਿਰੀ ਜੰਗਲ ਵਿਚ ਬਦਲਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਲੰਮੇ ਸਮੇਂ ਦਾ ਟੀਚਾ ਸਾਲ 2031 ਤੱਕ ਇਸ ਪੂਰੇ 112 ਏਕੜ ਖੇਤਰ ਨੂੰ ਇਕ ਵਿਸ਼ਾਲ ਸ਼ਹਿਰੀ ਵਨ ਅਤੇ ਜੈਵ ਵਿਭਿੰਨਤਾ ਲੈਂਡਸਕੇਪ ਵਜੋਂ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੀ ਸੰਭਾਲ ਕੇਵਲ ਪੌਦੇ ਲਗਾਉਣ ਤੱਕ ਸੀਮਤ ਨਹੀਂ ਹੈ, ਸਗੋਂ ਪ੍ਰਜਾਤੀਆਂ ਦੀ ਰੱਖਿਆ ਕਰਨਾ, ਪਾਰਿਸਥਿਤਿਕ ਗਿਆਨ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤ ਨਾਲ ਜੋੜਨਾ ਇਸ ਦਾ ਮੁੱਖ ਮਨੋਰਥ ਹੈ। ਇਸ ਪ੍ਰੋਜੈਕਟ ਵਿਚ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ ਅਤੇ ਸਥਾਨਕ ਸੰਗਠਨਾਂ ਦਾ ਸਹਿਯੋਗ ਮਹੱਤਵਪੂਰਨ ਰਹੇਗਾ।