ਨਿੱਜੀ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੀ ਲੁੱਟ 'ਤੇ ਲਗਾਮ ਲਗਾਉਣ ਦੀ ਮੰਗ, ਸਿੱਧੂ ਨੇ ਸਰਕਾਰ ਨੂੰ ਘੇਰਿਆ
ਸੂਬੇ ’ਚ ਪ੍ਰਾਈਵੇਟ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੁਆਰਾ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਦੀ ਵੱਧ ਰਹੀ ਮਹਿੰਗੇ ਇਲਾਜ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਪ੍ਰਾਈਵੇਟ ਸਕੂਲ ਫੀਸਾਂ ਨੂੰ ਕੰਟਰੋਲ ਕਰਨ ਲਈ ਗਠਿਤ ਰੈਗੂਲੇਟਰੀ ਕਮੇਟੀਆਂ ਦੀ ਤਰਜ਼ ’ਤੇ ਇਲਾਜ ਦਰਾਂ ਤੁਰੰਤ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ।
Publish Date: Thu, 16 Jul 2026 01:25 PM (IST)
Updated Date: Thu, 16 Jul 2026 01:29 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ। ਸੂਬੇ ’ਚ ਪ੍ਰਾਈਵੇਟ ਸੁਪਰ ਸਪੈਸ਼ਲਿਟੀ ਹਸਪਤਾਲਾਂ ਦੁਆਰਾ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੇਵਾਵਾਂ ਦੀ ਵੱਧ ਰਹੀ ਮਹਿੰਗੇ ਇਲਾਜ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਵਿਚ ਪ੍ਰਾਈਵੇਟ ਸਕੂਲ ਫੀਸਾਂ ਨੂੰ ਕੰਟਰੋਲ ਕਰਨ ਲਈ ਗਠਿਤ ਰੈਗੂਲੇਟਰੀ ਕਮੇਟੀਆਂ ਦੀ ਤਰਜ਼ ’ਤੇ ਇਲਾਜ ਦਰਾਂ ਤੁਰੰਤ ਨਿਰਧਾਰਤ ਕਰਨੀਆਂ ਚਾਹੀਦੀਆਂ ਹਨ।
ਇਸ ਸਬੰਧੀ ਗੱਲ ਕਰਦਿਆਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਆਦਾਤਰ ਵੱਡੇ ਪ੍ਰਾਈਵੇਟ ਹਸਪਤਾਲ ਉਨ੍ਹਾਂ ਕਾਰੋਬਾਰੀਆਂ ਦੁਆਰਾ ਚਲਾਏ ਜਾ ਰਹੇ ਹਨ, ਜੋ ਡਾਕਟਰਾਂ ਲਈ ਟੀਚੇ ਨਿਰਧਾਰਤ ਕਰਦੇ ਹਨ ਅਤੇ ਉਨ੍ਹਾਂ ਨੂੰ ਹਿੱਸਾ ਵੀ ਦਿੰਦੇ ਹਨ।
ਹਾਲਾਂਕਿ, ਸੁਪਰ ਸਪੈਸ਼ਲਿਟੀ ਹਸਪਤਾਲਾਂ ’ਚ ਅਜਿਹੇ ਅਣਮਨੁੱਖੀ ਅਭਿਆਸਾਂ ਦੀ ਨਿਗਰਾਨੀ ਲਈ ਕੋਈ ਰੈਗੂਲੇਟਰੀ ਸੰਸਥਾ ਸਥਾਪਤ ਨਹੀਂ ਕੀਤੀ ਗਈ ਹੈ। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਇਕ ਫਲਾਪ ਸਕੀਮ ਕਰਾਰ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੀਜੀਆਈਐੱਮਈਆਰ ਚੰਡੀਗੜ੍ਹ ਇਸ ਸਕੀਮ ਅਧੀਨ ਦਾਖ਼ਲ ਲਾਭਪਾਤਰੀਆਂ ਨੂੰ ਇਲਾਜ ਸੇਵਾਵਾਂ ਪ੍ਰਦਾਨ ਨਹੀਂ ਕਰ ਰਿਹਾ ਹੈ।
ਪੀਜੀਆਈਐੱਮਈਆਰ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਕਿਉਂਕਿ ਸਾਰੇ ਸੁਪਰ ਸਪੈਸ਼ਲਿਟੀ ਡਾਕਟਰ ਇੱਕੋ ਥਾਂ ’ਤੇ ਉਪਲਬਧ ਹਨ। ਹਾਲਾਂਕਿ, ਜਦੋਂ ਸਰਕਾਰੀ ਹਸਪਤਾਲ ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਉੱਥੇ ਭੇਜਦੇ ਹਨ ਤਾਂ ਉਹ ਖਾਲੀ ਹੱਥ ਵਾਪਸ ਪਰਤਦੇ ਹਨ ਕਿਉਂਕਿ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਪੀਜੀਆਈਐੱਮਈਆਰ ਪ੍ਰਬੰਧਨ ਦੁਆਰਾ ਮਾਨਤਾ ਨਹੀਂ ਦਿੱਤੀ ਗਈ ਹੈ। ਦੂਜੇ ਪਾਸੇ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਉੱਥੇ ਸਾਰੀਆਂ ਸੇਵਾਵਾਂ ਮਿਲ ਰਹੀਆਂ ਹਨ।
ਸਿੱਧੂ ਨੇ ਕਿਹਾ ਕਿ ਇਸੇ ਤਰ੍ਹਾਂ ਸਾਰੇ ਪੰਜਾਬੀਆਂ ਦੀ ਇਹ ਮੰਗ ਹੈ ਕਿ ਪ੍ਰਾਈਵੇਟ ਸੁਪਰ ਸਪੈਸ਼ਲਿਟੀ ਹਸਪਤਾਲਾਂ ਵਿਚ ਸਾਰੀਆਂ ਇਲਾਜ ਸੇਵਾਵਾਂ ਦੀਆਂ ਦਰਾਂ ਨਿਰਧਾਰਤ ਕਰਨ ਬਾਰੇ ਤੁਰੰਤ ਫ਼ੈਸਲਾ ਲੈਣ ਲਈ ਇਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਜਾਵੇ।