ਵਿਧਾਨ ਸਭਾ 'ਚ ਗੂੰਜਿਆ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ ਦਾ ਮੁੱਦਾ, ਵਿਧਾਇਕ ਰੰਧਾਵਾ ਨੇ ਸਰਕਾਰ ਨੂੰ ਘੇਰਿਆ; ਮੰਗਿਆ ਸਪੱਸ਼ਟ ਜਵਾਬ ਡੇਰਾਬੱਸੀ ਵਿਚ ਪ੍ਰਸਤਾਵਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਉਸਾਰੀ ਦਾ ਕੰਮ ਪਿਛਲੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਵੱਲੋਂ ਐਲਾਨ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਸ਼ੁਰੂ ਨਾ ਹੋਣ ਦਾ ਮੁੱਦਾ ਇਕ ਵਾਰ ਫਿਰ ਪੰਜਾਬ ਵਿਧਾਨ ਸਭਾ ਵਿਚ ਚੁੱਕਿਆ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਸਰਕਾਰ ਦਾ ਧਿਆਨ ਇਸ ਪਾਸੇ ਖਿੱਚਦਿਆਂ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ।
Publish Date: Sat, 08 Aug 2026 11:20 AM (IST)
Updated Date: Sat, 08 Aug 2026 11:22 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਚ ਪ੍ਰਸਤਾਵਿਤ ਜੁਡੀਸ਼ੀਅਲ ਕੋਰਟ ਕੰਪਲੈਕਸ ਦੀ ਉਸਾਰੀ ਦਾ ਕੰਮ ਪਿਛਲੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਵੱਲੋਂ ਐਲਾਨ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਸ਼ੁਰੂ ਨਾ ਹੋਣ ਦਾ ਮੁੱਦਾ ਇਕ ਵਾਰ ਫਿਰ ਪੰਜਾਬ ਵਿਧਾਨ ਸਭਾ ਵਿਚ ਚੁੱਕਿਆ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਸਰਕਾਰ ਦਾ ਧਿਆਨ ਇਸ ਪਾਸੇ ਖਿੱਚਦਿਆਂ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ।
ਸ੍ਰੀ ਰੰਧਾਵਾ ਨੇ ਸਦਨ ਵਿਚ ਕਿਹਾ ਕਿ ਪਿਛਲੇ ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇਰਾਬੱਸੀ, ਖੰਨਾ ਅਤੇ ਪਾਤੜਾਂ ਵਿਖੇ 132 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ ਸੀ। ਡੇਰਾਬੱਸੀ ਲਈ ਜ਼ਮੀਨ ਵੀ ਪਹਿਲਾਂ ਹੀ ਹਾਸਲ ਕੀਤੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਡੇਰਾਬੱਸੀ ਪੰਜਾਬ ਦੇ ਸਭ ਤੋਂ ਵੱਡੇ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੇ ਹਲਕਿਆਂ ਵਿਚੋਂ ਇਕ ਹੈ, ਜਿੱਥੇ ਲੱਖਾਂ ਲੋਕਾਂ ਨੂੰ ਅਦਾਲਤੀ ਸਹੂਲਤਾਂ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਇਸ ਮੰਗ ਨੂੰ ਹੋਰ ਦੇਰੀ ਤੋਂ ਬਿਨਾਂ ਅਮਲੀ ਜਾਮਾ ਪਹਿਨਾਇਆ ਜਾਵੇ ਅਤੇ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਈ ਜਾਵੇ। ਸ੍ਰੀ ਰੰਧਾਵਾ ਨੇ ਕਿਹਾ ਕਿ ਪਿੰਡ ਜਵਾਹਰਪੁਰ ਵਿਚ ਜੁਡੀਸ਼ੀਅਲ ਕੰਪਲੈਕਸ ਲਈ ਜ਼ਮੀਨ ਪਹਿਲਾਂ ਹੀ ਖ਼ਰੀਦੀ ਜਾ ਚੁੱਕੀ ਹੈ ਅਤੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਅਦਾਲਤੀ ਸਹੂਲਤਾਂ ਵਿਚ ਸੁਧਾਰ ਆਵੇਗਾ, ਸਗੋਂ ਐੱਸਡੀਐੱਮ , ਡੀਐੱਸਪੀ ,ਬੀਡੀਪੀਓ ਅਤੇ ਹੋਰ ਸਰਕਾਰੀ ਦਫ਼ਤਰਾਂ ਨੂੰ ਵੀ ਯੋਜਨਾਬੱਧ ਢੰਗ ਨਾਲ ਤਬਦੀਲ ਕਰਨ ਦਾ ਰਾਹ ਪੱਧਰਾ ਹੋਵੇਗਾ। ਸਰਕਾਰ ਵੱਲੋਂ ਸਦਨ ਵਿਚ ਭਰੋਸਾ ਦਿੱਤਾ ਗਿਆ ਕਿ ਡੇਰਾਬੱਸੀ ਜੁਡੀਸ਼ੀਅਲ ਕੰਪਲੈਕਸ ਦੇ ਪ੍ਰਾਜੈਕਟ ਸਬੰਧੀ ਲੋੜੀਂਦੀਆਂ ਕਾਰਵਾਈਆਂ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਯਤਨ ਤੇਜ਼ ਕੀਤੇ ਜਾਣਗੇ।