'ਪੰਜਾਬ ਦਾ ਕਰੋੜਪਤੀ...', ਨੌਜਵਾਨਾਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ’ਚ ਮਦਦਗਾਰ ਮੰਚ; ਵਿੱਤ ਮੰਤਰੀ ਚੀਮਾ ਨੇ ਕੀਤਾ ਦਾਅਵਾ
ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਆਮ ਗਿਆਨ, ਸਮਕਾਲੀ ਮਾਮਲਿਆਂ, ਯੋਗਤਾ ਅਤੇ ਸ਼ਾਸਨ ਪ੍ਰਬੰਧ ਨਾਲ ਸਬੰਧਤ ਵਿਸ਼ਾਲ ਪ੍ਰਸ਼ਨ ਭੰਡਾਰ ਵਿਦਿਆਰਥੀਆਂ ਦੇ ਗਿਆਨ ਦੇ ਦਾਇਰੇ ਨੂੰ ਵਧਾਉਣ ’ਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਿਪਾਹੀ ਤੋਂ ਲੈ ਕੇ ਪੀ.ਸੀ.ਐੱਸ. ਵਰਗੀਆਂ ਪ੍ਰੀਖਿਆਵਾਂ ਦੇ ਪੈਟਰਨ ਮੁਤਾਬਕ ਤਿਆਰ ਕੀਤੇ ਗਏ ਪ੍ਰਸ਼ਨ ਨੌਜਵਾਨਾਂ ਨੂੰ ਭਵਿੱਖ ’ਚ ਨੌਕਰੀਆਂ ਬਾਬਤ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਲਈ ਮਜ਼ਬੂਤ ਬਣਾਉਣਗੇ।
Publish Date: Fri, 20 Nov 2026 04:20 PM (IST)
Updated Date: Fri, 20 Nov 2026 04:31 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਸਰਕਾਰ ਦੀ ਵਿਲੱਖਣ ਪਹਿਲਕਦਮੀ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ’ਚ ਵਿਦਿਆਰਥੀਆਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਨੌਜਵਾਨਾਂ ਦੀ ਬੌਧਿਕ ਸਮਰੱਥਾ ਨੂੰ ਨਿਖਾਰਨ, ਗਿਆਨ ’ਚ ਵਾਧਾ ਕਰਨ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ’ਚ ਮਦਦਗਾਰ ਸਾਬਤ ਹੋਣ ਵਾਲਾ ਨਵੀਨਤਮ ਮੰਚ ਕਰਾਰ ਦਿੱਤਾ ਹੈ।
ਰਿਆਤ ਤੇ ਬਾਹਰਾ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆਂ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ‘ਆਪ’ ਸਰਕਾਰ ਦੀ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਸਿੱਖਿਆ, ਗਿਆਨ ਅਤੇ ਉਸਾਰੂ ਮੁਕਾਬਲੇਬਾਜ਼ੀ ਵੱਲ ਸੇਧਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਮੁਕਾਬਲਾ ਨੌਜਵਾਨਾਂ ਨੂੰ ਆਪਣੇ ਗਿਆਨ ਨੂੰ ਪਰਖਣ, ਪੰਜਾਬ ਦੀ ਅਮੀਰ ਵਿਰਾਸਤ ਬਾਰੇ ਆਪਣੀ ਸਮਝ ਨੂੰ ਹੋਰ ਵਿਸ਼ਾਲ ਕਰਨ ਅਤੇ ਕਰੋੜ ਰੁਪਏ ਦੇ ਇਨਾਮ ਸਮੇਤ ਹੋਰ ਆਕਰਸ਼ਕ ਨਕਦ ਇਨਾਮ ਜਿੱਤਣ ਦਾ ਮੌਕਾ ਪ੍ਰਦਾਨ ਕਰੇਗਾ।
ਚੀਮਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ, ਭੂਗੋਲ, ਕਲਾ, ਸੱਭਿਆਚਾਰ, ਆਮ ਗਿਆਨ, ਸਮਕਾਲੀ ਮਾਮਲਿਆਂ, ਯੋਗਤਾ ਅਤੇ ਸ਼ਾਸਨ ਪ੍ਰਬੰਧ ਨਾਲ ਸਬੰਧਤ ਵਿਸ਼ਾਲ ਪ੍ਰਸ਼ਨ ਭੰਡਾਰ ਵਿਦਿਆਰਥੀਆਂ ਦੇ ਗਿਆਨ ਦੇ ਦਾਇਰੇ ਨੂੰ ਵਧਾਉਣ ’ਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਸਿਪਾਹੀ ਤੋਂ ਲੈ ਕੇ ਪੀ.ਸੀ.ਐੱਸ. ਵਰਗੀਆਂ ਪ੍ਰੀਖਿਆਵਾਂ ਦੇ ਪੈਟਰਨ ਮੁਤਾਬਕ ਤਿਆਰ ਕੀਤੇ ਗਏ ਪ੍ਰਸ਼ਨ ਨੌਜਵਾਨਾਂ ਨੂੰ ਭਵਿੱਖ ’ਚ ਨੌਕਰੀਆਂ ਬਾਬਤ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਲਈ ਮਜ਼ਬੂਤ ਬਣਾਉਣਗੇ।
21 ਨਵੰਬਰ ਤੋਂ ਸ਼ੁਰੂ ਹੋਣਗੇ ਆਨਲਾਈਨ ਪੜਾਅ
ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦੇ ਆਨਲਾਈਨ ਪੜਾਅ 21 ਨਵੰਬਰ ਤੋਂ ਸ਼ੁਰੂ ਹੋਣਗੇ। ਜਿਸ ’ਚ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਗਿਆਨ, ਪ੍ਰਤਿਭਾ ਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
10,000 ਮੁਕਾਬਲੇਬਾਜ਼ਾਂ ਨੂੰ ਦਿੱਤੇ ਜਾਣਗੇ ਇਨਾਮ
ਵਿੱਤ ਮੰਤਰੀ ਨੇ ਦੱਸਿਆ ਕਿ ਇਹ ਮੁਕਾਬਲਾ ਪੰਜਾਬ ਦੇ 15 ਤੋਂ 30 ਸਾਲ ਦੀ ਉਮਰ ਦੇ ਵਸਨੀਕਾਂ ਲਈ ਖੁੱਲ੍ਹਾ ਹੈ। ਇਸ ਦੇ ਕੁੱਲ 11 ਪੜਾਅ ਹੋਣਗੇ। ਪਹਿਲੇ 9 ਪੜਾਅ ਆਨਲਾਈਨ ਕਰਵਾਏ ਜਾਣਗੇ। ਇਸ ਮਗਰੋਂ ਜ਼ਿਲ੍ਹਾ ਪੱਧਰੀ ਮੁਕਾਬਲੇ ਅਤੇ ਅੰਤ ’ਚ ਸੂਬਾ ਪੱਧਰੀ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਜੇਤੂ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ, ਜਦਕਿ ਚਾਰ ਉਪ ਜੇਤੂਆਂ ਨੂੰ 10-10 ਲੱਖ ਰੁਪਏ ਅਤੇ ਲੀਡਰਬੋਰਡ ’ਚ ਸਥਾਨ ਹਾਸਲ ਕਰਨ ਵਾਲੇ ਅੱਠ ਹੋਰ ਮੁਕਾਬਲੇਬਾਜ਼ਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੁਕਾਬਲੇ ਦੇ ਵੱਖ-ਵੱਖ ਪੜਾਵਾਂ ਦੌਰਾਨ ਕੁੱਲ 10,000 ਮੁਕਾਬਲੇਬਾਜ਼ਾਂ ਨੂੰ ਇਨਾਮ ਦਿੱਤੇ ਜਾਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਇਕ ਆਮ ਪ੍ਰਸ਼ਨੋਤਰੀ ਮੁਕਾਬਲਾ ਨਹੀਂ ਹੈ, ਸਗੋਂ ਇਹ ਸਿੱਖਣ ਦੀ ਪ੍ਰਕਿਰਿਆ ਨੂੰ ਸਿਹਤਮੰਦ ਮੁਕਾਬਲੇਬਾਜ਼ੀ ਅਤੇ ਪ੍ਰਤਿਭਾ ਦੀ ਪਛਾਣ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਨਾਂ ਦੇ ਜਵਾਬ ਦੇਣ ਤੋਂ ਬਾਅਦ ਮੁਕਾਬਲੇਬਾਜ਼ਾਂ ਨੂੰ ਸਹੀ ਉੱਤਰਾਂ ਬਾਰੇ ਜਾਣਕਾਰੀ ਮਿਲਣ ਨਾਲ ਉਨ੍ਹਾਂ ਨੂੰ ਲਗਾਤਾਰ ਸਿੱਖਣ ਅਤੇ ਆਪਣੇ ਗਿਆਨ ’ਚ ਸੁਧਾਰ ਕਰਨ ਦਾ ਮੌਕਾ ਮਿਲੇਗਾ।
ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਗਿਣਤੀ ’ਚ ਆਨਲਾਈਨ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣ ਅਤੇ ਮੁਕਾਬਲੇ ’ਚ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ‘ਪੰਜਾਬ ਦਾ ਕਰੋੜਪਤੀ’ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਨੂੰ ਸਿੱਖਿਆ ਵੱਲ ਧਿਆਨ ਕੇਂਦਰਿਤ ਕਰਨ, ਉੱਤਮਤਾ ਦੀ ਭਾਵਨਾ ਵਿਕਸਿਤ ਕਰਨ ਅਤੇ ਤਰੱਕੀਸ਼ੀਲ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ’ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਗੀਆਂ।
ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਉਪ ਕੁਲਪਤੀ ਸੰਜੇ ਕੁਮਾਰ, ਆਲਫ਼ਾ ਸਕੂਲ ਦੀ ਡਾਇਰੈਕਟਰ ਪੂਜਾ ਸ਼ਰਮਾ ਅਤੇ ਏਐੱਸਏਪੀ ਦੇ ਆਗੂ ਹਰਮਨਪ੍ਰੀਤ ਸਿੰਘ ਖੋਖਰ, ਰਮਨਪ੍ਰੀਤ ਸਿੰਘ ਟਿੰਕਾ ਅਤੇ ਪ੍ਰਭਨੂਰ ਸਿੰਘ ਬੇਦੀ ਨੇ ਵੀ ਵਿਦਿਆਰਥੀਆਂ ਨੂੰ ਇਸ ਮੁਕਾਬਲੇ ’ਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਫੋਟੋ ਕੈਪਸ਼ਨ: ਸ਼ਮਾਂ ਰੋਸ਼ਨ ਕਰਦੇ ਹੋਏ ਵਿੱਤ ਹਰਪਾਲ ਸਿੰਘ ਚੀਮਾਤੇ ਹੋਰ।