ਵੱਡੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, ਮੁਹਾਲੀ 'ਚ ਹਥਿਆਰਾਂ ਦੇ ਸੌਦਾਗਰ ਗ੍ਰਿਫ਼ਤਾਰ; ਤਿੰਨ ਮੁਲਜ਼ਮਾਂ ਕੋਲੋਂ 10 ਪਿਸਤੌਲ ਜ਼ਪਤ ਮੁਹਾਲੀ ਪੁਲਿਸ ਨੇ ਮਾੜੇ ਅੰਸਰਾਂ ਅਤੇ ਹਥਿਆਰ ਤਸਕਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ ਕੁੱਲ 10 ਆਧੁਨਿਕ ਪਿਸਤੌਲ ਅਤੇ 20 ਜਿੰਦਾ ਰੌਂਦ (ਕਾਰਤੂਸ) ਬਰਾਮਦ ਕੀਤੇ ਹਨ।
Publish Date: Thu, 15 Oct 2026 02:20 PM (IST)
Updated Date: Thu, 15 Oct 2026 02:23 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਪੁਲਿਸ ਨੇ ਮਾੜੇ ਅੰਸਰਾਂ ਅਤੇ ਹਥਿਆਰ ਤਸਕਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ ਕੁੱਲ 10 ਆਧੁਨਿਕ ਪਿਸਤੌਲ ਅਤੇ 20 ਜਿੰਦਾ ਰੌਂਦ (ਕਾਰਤੂਸ) ਬਰਾਮਦ ਕੀਤੇ ਹਨ।
ਐੱਸਐੱਸਪੀ ਵੱਲੋਂ ਮਾਮਲੇ ਦਾ ਖੁਲਾਸਾ ਐੱਸਐੱਸਪੀ ਮੁਹਾਲੀ ਵਰੁਣ ਸ਼ਰਮਾ (ਆਈਪੀਐੱਸ) ਨੇ ਦੱਸਿਆ ਕਿ ਇਹ ਕਾਰਵਾਈ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੌਰਵ ਜਿੰਦਲ ਅਤੇ ਕਪਤਾਨ ਪੁਲਿਸ (ਆਪ੍ਰੇਸ਼ਨ) ਅਕਾਸ਼ਦੀਪ ਸਿੰਘ ਦੀ ਨਿਗਰਾਨੀ ਹੇਠ, ਇੰਚਾਰਜ ਸੀ.ਆਈ.ਏ. ਇੰਸਪੈਕਟਰ ਪਰਦੀਪ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ ਹੈ।
ਹੋਰਨਾਂ ਰਾਜਾਂ ਤੋਂ ਸਸਤੇ ਹਥਿਆਰ ਲਿਆ ਕੇ ਮਹਿੰਗੇ ਭਾਅ ਵੇਚਦਾ ਸੀ ਮੁੱਖ ਮੁਲਜ਼ਮ ਪੁਲਿਸ ਅਨੁਸਾਰ ਮੁੱਖ ਮੁਲਜ਼ਮ ਸਚਿਨ ਉਰਫ਼ ਬੱਚੀ (ਵਾਸੀ ਹਿਸਾਰ, ਹਰਿਆਣਾ; ਹਾਲ ਵਾਸੀ ਖਰੜ) ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਇਲਾਕਿਆਂ ਤੋਂ ਸਸਤੇ ਭਾਅ 'ਚ ਆਧੁਨਿਕ ਨਾਜਾਇਜ਼ ਹਥਿਆਰ ਲਿਆ ਕੇ ਮੁਹਾਲੀ, ਖਰੜ ਅਤੇ ਆਸ-ਪਾਸ ਦੇ ਖੇਤਰਾਂ 'ਚ ਮਹਿੰਗੇ ਭਾਅ ਅਸਲਾ ਸਪਲਾਈ ਕਰਦਾ ਸੀ।
ਸਚਿਨ ਉਰਫ਼ ਬੱਚੀ ਬਦਨਾਮ ਬਦਮਾਸ਼ "ਕੀਰਤੀ ਮਾਨ" ਦਾ ਦੂਰ ਦਾ ਰਿਸ਼ਤੇਦਾਰ ਹੈ। ਜ਼ਿਕਰਯੋਗ ਹੈ ਕਿ ਕੀਰਤੀ ਮਾਨ (ਜੋ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ) ਦਾ ਅਗਸਤ 2026 'ਚ ਹਰਿਆਣਾ ਦੀ ਅਦਾਲਤ 'ਚ ਗੈਂਗਸਟਰ ਰੋਹਿਤ ਗੋਦਾਰਾ ਦੇ ਗੈਂਗ ਮੈਂਬਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਚਿਨ ਖਿਲਾਫ਼ ਪਹਿਲਾਂ ਵੀ ਅਸਲਾ ਤਸਕਰੀ ਅਤੇ ਲੜਾਈ-ਝਗੜੇ ਦੇ ਕਈ ਮੁਕੱਦਮੇ ਦਰਜ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਵੇਰਵਾ ਤਿੰਨੇ ਮੁਲਾਜ਼ਮਾਂ ਦੀ ਪਛਾਣ ਸਚਿਨ ਉਰਫ਼ ਬੱਚੀ ਵਾਸੀ ਮੰਗਾਲੀ (ਹਿਸਾਰ) ਹਾਲ ਵਾਸੀ ਸੰਤੇ ਮਾਜਰਾ (ਖਰੜ), ਮਹਿਕਦੀਪ ਸਿੰਘ ਉਰਫ਼ ਮਹਿਕ ਵਾਸੀ ਫ਼ਤਿਹਗੜ੍ਹ ਸਾਹਿਬ, ਹਾਲ ਵਾਸੀ ਖਰੜ ਜੋਕਿ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਦਰਜ ਇਰਾਦਾ-ਏ-ਕਤਲ ਦੇ ਮਾਮਲੇ ਵਿਚ ਭਗੌੜਾ ਸੀ। ਤੀਜਾ ਮੁਲਜ਼ਮ
ਹਰਮਨਪ੍ਰੀਤ ਸਿੰਘ ਉਰਫ਼ ਹਾਨੀ ਵਾਸੀ ਪਿੰਡ ਸਿੰਘਾਂਵਾਲਾ (ਮੋਗਾ) ਵਜੋਂ ਹੋਈ ਦੱਸੀ ਗਈ ਹੈ।
ਬਰਾਮਦ ਕੀਤਾ ਗਿਆ ਅਸਲਾ ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਅਤੇ ਉਨ੍ਹਾਂ ਦੀ ਸਕਾਰਪੀਓ ਗੱਡੀ ਵਿਚੋਂ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ ਗਲੋਕ 9ਐੱਮਐੱਮ ਪਿਸਤੌਲ, ਇਕ ਪੁਆਇੰਟ 30 ਬੋਰ ਪਿਸਤੌਲ, 04 ਪੁਆਇੰਟ 32 ਬੋਰ ਪਿਸਤੌਲ ਅਤੇ 05 ਜਿੰਦਾ ਰੌਂਦ ਸ਼ਾਮਲ ਹਨ।
ਪੁਲਿਸ ਦੀ ਕਾਰਵਾਈ ਪੁਲਿਸ ਨੇ ਮੁਲਜ਼ਮਾਂ ਅਧੀਨ 25-54-59 ਅਸਲਾ ਐਕਟ ਥਾਣਾ ਸਦਰ ਖਰੜ ਵਿਖੇ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਾਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।