- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਨੌਜਵਾਨਾਂ ’ਚ ਪ੍ਰਤਿਭਾ ਜਾਂ ਊਰਜਾ ਦੀ ਕੋਈ ਘਾਟ ਨਹੀਂ ਹੈ, ਤੇ ਸਰਕਾਰ ਉਨ੍ਹਾਂ ਨੂੰ ਆਪਣੀ ਸਮਰੱਥਾ ਦਿਖਾਉਣ, ਨਵੇਂ ਉੱਦਮ ਸਥਾਪਿਤ ਕਰਨ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਹੀ ਮੰਚ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਇੱਕ ਮਜ਼ਬੂਤ ਮੌਕਿਆਂ, ਵਿੱਤੀ ਸਹਾਇਤਾ ਤੇ ਸੰਸਥਾਗਤ ਢਾਂਚਾ ਮੁਹੱਈਆ ਕਰਵਾ ਰਹੀ ਹੈ। ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ), ਮੁਹਾਲੀ ਕੈਂਪਸ ਵਿਖੇ “ਇੰਡੀਆ ਅਨਬਾਊਂਡ: ਡਿਫਾਈਨਿੰਗ ਟੁਮਾਰੋਜ਼ ਲੀਡਰਸ਼ਿਪ” ਥੀਮ ’ਤੇ ਕਰਵਾਏ ਗਏ 'ਆਈ.ਐੱਸ.ਬੀ. ਲੀਡਰਸ਼ਿਪ ਸਮਿਟ-2026' ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ’ਚ ਪ੍ਰਤਿਭਾ ਜਾਂ ਊਰਜਾ ਦੀ ਕੋਈ ਘਾਟ ਨਹੀਂ ਹੈ, ਤੇ ਸਰਕਾਰ ਉਨ੍ਹਾਂ ਨੂੰ ਆਪਣੀ ਸਮਰੱਥਾ ਦਿਖਾਉਣ, ਨਵੇਂ ਉੱਦਮ ਸਥਾਪਿਤ ਕਰਨ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਹੀ ਮੰਚ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਆਈ.ਐੱਸ.ਬੀ. ਦੇ ਚੇਅਰਮੈਨ ਹਰੀਸ਼ ਮਨਵਾਨੀ, ਡੀਨ ਪ੍ਰੋਫੈਸਰ ਮਦਨ, ਅਕਾਦਮਿਕ ਤੇ ਬਿਜ਼ਨਸ ਜਗਤ ਦੀਆਂ ਸ਼ਖਸੀਅਤਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਆਈ.ਐੱਸ.ਬੀ. ਨੂੰ 25 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਈਐੱਸਬੀ ਵਰਗੀਆਂ ਸੰਸਥਾਵਾਂ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਹੀ ਦਿਸ਼ਾ ਦੇਣ ’ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਨੌਜਵਾਨਾਂ ਦੇ ਨਵੇਂ ਵਿਚਾਰਾਂ ਨੂੰ ਹਕੀਕਤ ਦਾ ਰੂਪ ਦੇਣ ਲਈ 'ਸਟਾਰਟਅੱਪ ਸੈਂਟਰ' ਦੀ ਸਥਾਪਨਾ ਕੀਤੀ ਹੈ। ਇਸ ਤੋਂ ਇਲਾਵਾ 'ਸਕੂਲਜ਼ ਆਫ਼ ਐਮੀਨੈਂਸ' ’ਚ 'ਬਿਜ਼ਨਸ ਬਲਾਸਟਰਜ਼' ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਬਿਜ਼ਨਸ ਆਈਡੀਆ ਵਿਕਸਿਤ ਕਰਨ ਲਈ ਸੀਡ ਮਨੀ ਦਿੱਤੀ ਜਾ ਰਹੀ ਹੈ ਤੇ ਬਿਹਤਰੀਨ ਵਿਚਾਰਾਂ ਨੂੰ ਪੇਟੈਂਟ ਕਰਵਾਉਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਪੰਜਾਬ ’ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਨੂੰ ਉਦਯੋਗ, ਨਿਵੇਸ਼ ਤੇ ਨਵੀਨਤਾ ਦਾ ਕੇਂਦਰ ਬਣਾਇਆ ਜਾ ਰਿਹਾ ਹੈ।
ਇਸ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ’ਤੇ ਸਾਂਝਾ ਕੀਤਾ:
"ਮੁਹਾਲੀ ਵਿਖੇ ISB ਲੀਡਰਸ਼ਿਪ ਸਮਿਟ ’ਚ ਸ਼ਿਰਕਤ ਕੀਤੀ ਤੇ ਸੰਸਥਾ ਦੇ 25 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ। ISB ਵਰਗੀਆਂ ਨਾਮਵਰ ਸੰਸਥਾਵਾਂ ਸਾਡੇ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ’ਚ ਵੱਡਾ ਯੋਗਦਾਨ ਪਾ ਰਹੀਆਂ ਹਨ। ਸਾਡੇ ਨੌਜਵਾਨਾਂ ’ਚ ਹੁਨਰ ਦੀ ਕੋਈ ਘਾਟ ਨਹੀਂ; ਲੋੜ ਹੈ ਤਾਂ ਬੱਸ ਉਨ੍ਹਾਂ ਨੂੰ ਉੱਡਣ ਲਈ ਸਹੀ ਖੰਭ ਦੇਣ ਦੀ। ਇਸੇ ਸੋਚ ਨਾਲ ਅਸੀਂ ਪੰਜਾਬ ’ਚ 'ਸਕੂਲਜ਼ ਆਫ਼ ਐਮੀਨੈਂਸ' ਦੀ ਸਥਾਪਨਾ ਕੀਤੀ ਹੈ, ਜਿੱਥੇ ਵਿਦਿਆਰਥੀਆਂ ਨੂੰ ਨਵੇਂ ਬਿਜ਼ਨਸ ਆਈਡੀਆ ਬਣਾਉਣ ਲਈ 'ਸੀਡ ਮਨੀ' ਦਿੱਤੀ ਜਾ ਰਹੀ ਹੈ। ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਪੂਰੀ ਦੁਨੀਆ ’ਚ ਸਫ਼ਲਤਾ ਦੇ ਝੰਡੇ ਗੱਡੇ ਹਨ। ਮੈਂ ਸਾਰੇ ਉਦਯੋਗਪਤੀਆਂ ਨੂੰ ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ’ਤੇ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ। ਇਨਕਲਾਬ ਜ਼ਿੰਦਾਬਾਦ।"
ਲੀਡਰਸ਼ਿਪ ਸਮਿਟ ਦੇ ਮੁੱਖ ਬਿੰਦੂ
ਭਵਿੱਖ ਦੀ ਅਗਵਾਈ ਤੇ ਨਵੀਨਤਾ: ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਸਮਾਜਾਂ ਦਾ ਹੈ ਜੋ ਨਵੀਨਤਾ (ਇਨੋਵੇਸ਼ਨ) ਅਪਣਾਉਣ, ਜੋਖਮ ਲੈਣ ਤੇ ਨਵੇਂ ਮੌਕਿਆਂ ਨੂੰ ਟਿਕਾਊ ਵਿਕਾਸ ’ਚ ਬਦਲਣ ਦੀ ਸਮਰੱਥਾ ਰੱਖਦੇ ਹਨ। ਭਾਰਤ ਕੋਲ ਨੌਜਵਾਨ ਆਬਾਦੀ ਤੇ ਤਕਨਾਲੋਜੀ ਕਾਰਨ ਅਪਾਰ ਸਮਰੱਥਾ ਹੈ, ਪਰ ਮੌਕਿਆਂ ਨੂੰ ਨਤੀਜਿਆਂ ’ਚ ਬਦਲਣ ਲਈ ਦੂਰਦਰਸ਼ੀ ਸੋਚ ਤੇ ਜੋਖਮ ਲੈਣ ਦੇ ਜੇਕਰੇ ਦੀ ਲੋੜ ਹੁੰਦੀ ਹੈ।
ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਆਈ.ਐੱਸ.ਬੀ. ਦੇ ਪੁਰਾਣੇ ਤੇ ਨਵੇਂ ਵਿਦਿਆਰਥੀ ਪੰਜਾਬ ’ਚ ਨਿਵੇਸ਼ ਕਰਕੇ, ਨਵੇਂ ਉੱਦਮੀਆਂ ਨੂੰ ਮਾਰਗਦਰਸ਼ਨ (ਮੈਂਟਰਸ਼ਿਪ) ਦੇ ਕੇ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਕੇ ਸੂਬੇ ਦੇ ਵਿਕਾਸ ’ਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੌਜਵਾਨਾਂ ਨੂੰ ਅਗਲੇ 25 ਸਾਲਾਂ ਦੇ ਇੱਕ ਨਵੇਂ, ਮਜ਼ਬੂਤ ਤੇ ਖੁਸ਼ਹਾਲ ਪੰਜਾਬ ਤੇ ਭਾਰਤ ਦੇ ਨਿਰਮਾਣ ’ਚ ਭਾਈਵਾਲ ਬਣਨ ਦਾ ਸੱਦਾ ਦਿੱਤਾ।