ਰਿਸ਼ਵਤਖ਼ੋਰੀ ਦਾ ਮਾਮਲਾ : ਅਦਾਲਤ ਨੇ ਮੁਲਜ਼ਮ ਕਲਰਕ ਨੂੰ ਪੁਲਿਸ ਰਿਮਾਂਡ ’ਤੇ ਭੇਜਿਆ ਵਿਜੀਲੈਂਸ ਬਿਊਰੋ ਵੱਲੋਂ ਲੰਘੇ ਕੱਲ੍ਹ ਡਿਪਟੀ ਕਮਿਸ਼ਨਰ ਦਫ਼ਤਰ ਦੀ ਆਰਆਈਏ ਸ਼ਾਖਾ 'ਚ ਤਾਇਨਾਤ ਸੀਨੀਅਰ ਸਹਾਇਕ (ਕਲਰਕ) ਭੁਪਿੰਦਰ ਕੌਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ।
Publish Date: Thu, 06 Aug 2026 10:57 AM (IST)
Updated Date: Thu, 06 Aug 2026 10:58 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਵਿਜੀਲੈਂਸ ਬਿਊਰੋ ਵੱਲੋਂ ਲੰਘੇ ਕੱਲ੍ਹ ਡਿਪਟੀ ਕਮਿਸ਼ਨਰ ਦਫ਼ਤਰ ਦੀ ਆਰਆਈਏ ਸ਼ਾਖਾ 'ਚ ਤਾਇਨਾਤ ਸੀਨੀਅਰ ਸਹਾਇਕ (ਕਲਰਕ) ਭੁਪਿੰਦਰ ਕੌਰ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬੁੱਧਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ।
ਦੱਸਣਯੋਗ ਹੈ ਕਿ ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਜ਼ਿਲ੍ਹਾ ਗੁਰਦਾਸਪੁਰ (ਬਟਾਲਾ) ਦੇ ਇਕ ਪਿੰਡ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸੈਕਟਰ-111/112 ਸਥਿਤ ਸਕਾਈ ਰੌਕ ਵੈਲਫੇਅਰ ਸੁਸਾਇਟੀ 'ਚ ਨਿਲਾਮੀ ਰਾਹੀਂ ਪਲਾਟ ਦਿਵਾਉਣ ਬਦਲੇ ਭੁਪਿੰਦਰ ਕੌਰ ਨੇ ਉਸ ਤੋਂ ਕੁੱਲ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸੌਦਾ ਤੈਅ ਹੋਣ ਤੋਂ ਬਾਅਦ ਮੁਲਜ਼ਮ ਮਹਿਲਾ ਨੇ ਪਹਿਲੀ ਕਿਸ਼ਤ ਵਜੋਂ ਇਕ ਲੱਖ ਰੁਪਏ ਦੇਣ ਲਈ ਉਸ ਨੂੰ ਬੁਲਾਇਆ ਸੀ।ਸ਼ਿਕਾਇਤਕਰਤਾ ਵੱਲੋਂ ਦਿੱਤੀ ਜਾਣਕਾਰੀ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਉਕਤ ਮੁਲਜ਼ਮ ਨੂੰ ਇਕ ਲੱਖ ਰੁਪਏ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ।
ਵਿਜੀਲੈਂਸ ਅਧਿਕਾਰੀਆਂ ਅਨੁਸਾਰ ਅੱਜ ਮਿਲੇ ਇਕ ਦਿਨ ਦੇ ਰਿਮਾਂਡ ਦੌਰਾਨ ਮਾਮਲੇ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਰਿਸ਼ਵਤਖ਼ੋਰੀ ਵਿਚ ਦਫ਼ਤਰ ਦਾ ਕੋਈ ਹੋਰ ਅਧਿਕਾਰੀ ਜਾਂ ਕਰਮਚਾਰੀ ਵੀ ਸ਼ਾਮਲ ਹੈ ਜਾਂ ਨਹੀਂ।