ਮੁਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸ਼ਨ ਤੇ ਮਾਪਿਆਂ ਨੂੰ ਪਈਆਂ ਭਾਜੜਾਂ; ਡੌਗ ਸਕੁਆਡ ਸਮੇਤ ਮੌਕੇ 'ਤੇ ਪਹੁੰਚੀ ਪੁਲਿਸ ਮੁਹਾਲੀ ਦੇ ਕਈ ਸਕੂਲਾਂ ਨੂੰ ਬੁੱਧਵਾਰ ਸਵੇਰੇ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ। ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ ਟੀਮ ਅਤੇ ਡੌਗ ਸਕੁਆਡ ਨੂੰ ਸਕੂਲਾਂ ਵਿੱਚ ਭੇਜ ਕੇ ਪਰਿਸਰ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ। ਕਲਾਸਰੂਮਾਂ, ਪਾਰਕਿੰਗ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
Publish Date: Wed, 07 Oct 2026 11:35 AM (IST)
Updated Date: Wed, 07 Oct 2026 12:06 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਫੇਜ਼-6 ਸਥਿਤ ਨਾਮਵਰ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ। ਸਕੂਲ ਪ੍ਰਬੰਧਕਾਂ ਨੂੰ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਕੂਲ ਦੀ ਇਮਾਰਤ ਵਿੱਚ ਬੰਬ ਰੱਖਿਆ ਗਿਆ ਹੈ।
ਤੁਰੰਤ ਖਾਲੀ ਕਰਵਾਇਆ ਗਿਆ ਸਕੂਲ ਧਮਕੀ ਵਾਲੀ ਈਮੇਲ ਸਾਹਮਣੇ ਆਉਂਦੇ ਹੀ ਸਕੂਲ ਪ੍ਰਸ਼ਾਸਨ ਨੇ ਬਿਨਾਂ ਕੋਈ ਦੇਰੀ ਕੀਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸਕੂਲ ਵਿੱਚ ਮੌਜੂਦ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਬਾਕੀ ਸਟਾਫ਼ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਮਾਪੇ ਵੀ ਘਬਰਾਹਟ ਵਿੱਚ ਸਕੂਲ ਪਹੁੰਚਣੇ ਸ਼ੁਰੂ ਹੋ ਗਏ।
ਬੰਬ ਨਿਰੋਧਕ ਦਸਤੇ ਅਤੇ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਸੂਚਨਾ ਮਿਲਦੇ ਹੀ ਮੁਹਾਲੀ ਪੁਲਿਸ ਦੀਆਂ ਆਲਾ ਟੀਮਾਂ, ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਪੂਰੇ ਸਕੂਲ ਕੰਪਲੈਕਸ, ਕਲਾਸਰੂਮਾਂ ਅਤੇ ਆਲੇ-ਦੁਆਲੇ ਦੇ ਹਿੱਸਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
3 ਮਹੀਨਿਆਂ ਵਿੱਚ ਤੀਜੀ ਵਾਰ ਵਾਪਰੀ ਘਟਨਾ ਜ਼ਿਕਰਯੋਗ ਹੈ ਕਿ ਸ਼ਿਵਾਲਿਕ ਪਬਲਿਕ ਸਕੂਲ ਨੂੰ ਪਿਛਲੇ ਤਿੰਨ ਮਹੀਨਿਆਂ ਦੇ ਅੰਦਰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਦਾ ਇਹ ਤੀਜਾ ਮਾਮਲਾ ਹੈ। ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਚਿੰਤਾ ਵਧ ਗਈ ਹੈ।
ਸਾਈਬਰ ਸੈੱਲ ਵੱਲੋਂ ਮਾਮਲੇ ਦੀ ਜਾਂਚ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ। ਸਾਈਬਰ ਸੈੱਲ ਦੀ ਟੀਮ ਵੱਲੋਂ ਈਮੇਲ ਦੇ ਆਈ.ਪੀ. ਐਡਰੈੱਸ ਨੂੰ ਟ੍ਰੇਸ ਕੀਤਾ ਜਾ ਰਹਾ ਹੈ, ਤਾਂ ਜੋ ਅਫ਼ਵਾਹਾਂ ਫੈਲਾਉਣ ਅਤੇ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।