- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ’ਚ ਸ਼ਨਿਚਰਵਾਰ ਦੁਪਹਿਰ ਵੇਲੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ ਦੋ ਵੱਖ-ਵੱਖ ਥਾਵਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ’ਚ ਸ਼ਨਿਚਰਵਾਰ ਦੁਪਹਿਰ ਵੇਲੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਇਕ ਤੋਂ ਬਾਅਦ ਇਕ ਦੋ ਵੱਖ-ਵੱਖ ਥਾਵਾਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਹਮਲਾਵਰਾਂ ਵੱਲੋਂ ਇਕ ਆਰਕੀਟੈਕਟ ਦੀ ਰਿਹਾਇਸ਼ ਤੇ 'ਹੇਅਰ ਮਾਸਟਰ' ਸੈਲੂਨ ਨੂੰ ਨਿਸ਼ਾਨਾ ਬਣਾਇਆ ਗਿਆ। ਖ਼ੁਸ਼ਕਿਸਮਤੀ ਨਾਲ ਦੋਵਾਂ ਘਟਨਾਵਾਂ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਜਾਣਕਾਰੀ ਅਨੁਸਾਰ, ਸੈਕਟਰ-79 ਵਿਖੇ ਗੋਲ਼ੀ ਚਲਾਉਣ ਤੋਂ ਬਾਅਦ ਹਮਲਾਵਰਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦਾ ਕੋਈ ਪਿੱਛਾ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਫੇਜ਼-11 ਵਿਚ ਵੀ ਗੋਲ਼ੀਆਂ ਚਲਾਈਆਂ। ਇਲਾਕਾ ਨਿਵਾਸੀਆਂ ਮੁਤਾਬਕ ਘਟਨਾ ਸਮੇਂ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਇਸ ਤੋਂ ਇਲਾਵਾ 'ਹੇਅਰ ਮਾਸਟਰ' ਸੈਲੂਨ ’ਤੇ ਵੀ ਗੋਲ਼ੀ ਚਲਾਈ ਗਈ, ਜਿਸ ਨਾਲ ਸੈਲੂਨ ਦਾ ਬਾਹਰਲਾ ਸ਼ੀਸ਼ਾ ਨੁਕਸਾਨਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸੈਲੂਨ ਨੂੰ ਪਿਛਲੇ ਕਰੀਬ ਢਾਈ-ਤਿੰਨ ਮਹੀਨਿਆਂ ’ਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਪੀੜਤ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਦੁਪਹਿਰ ਵੇਲੇ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਵੱਲ ਗੋਲ਼ੀਆਂ ਚਲਾਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਜਾਂ ਵਿਵਾਦ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਘਟਨਾ ਤੋਂ ਪਹਿਲਾਂ ਕੋਈ ਫਿਰੌਤੀ ਦੀ ਕਾਲ ਜਾਂ ਧਮਕੀ ਮਿਲੀ ਸੀ।
ਸੀਸੀਟੀਵੀ ਫੁਟੇਜ ਜਾਂਚ ਰਹੀ ਹੈ ਪੁਲਿਸ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਤੇ ਫੇਜ਼-11 ਥਾਣੇ ਦੇ ਐੱਸਐੱਚਓ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਦੋਵਾਂ ਥਾਵਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਐੱਸਐੱਸਪੀ ਵਰੁਣ ਸ਼ਰਮਾ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਫੋਰੈਂਸਿਕ ਟੀਮਾਂ ਵੱਲੋਂ ਵੀ ਘਟਨਾ ਸਥਾਨ ਦੀ ਜਾਂਚ ਕੀਤੀ ਗਈ ਹੈ।
ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਦੋਵਾਂ ਵਾਰਦਾਤਾਂ ਨੂੰ ਇਕੋ ਹੀ ਗਿਰੋਹ ਦੇ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਪੁਲਿਸ ਵੱਲੋਂ ਇਲਾਕੇ ਦੀ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਦੀ ਪਛਾਣ ਤੇ ਫ਼ਰਾਰ ਹੋਣ ਦੇ ਰਸਤੇ ਦਾ ਪਤਾ ਲਗਾਉਣ ਲਈ ਦੋਵਾਂ ਥਾਵਾਂ ਤੇ ਨੇੜਲੀਆਂ ਸੜਕਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾ ਰਹੀ ਹੈ। ਫਿਲਹਾਲ ਹਮਲਾਵਰਾਂ ਦੀ ਪਛਾਣ ਅਤੇ ਵਾਰਦਾਤ ਦੇ ਅਸਲ ਕਾਰਨਾਂ ਬਾਰੇ ਜਾਂਚ ਜਾਰੀ ਹੈ।
ਏਡੀਜੀਪੀ ਗੌਰਵ ਚੀਮਾ ਨੇ ਦੱਸਿਆ ਘਟਨਾ ਦਾ ਵੇਰਵਾ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਡੀਜੀਪੀ ਗੌਰਵ ਚੀਮਾ ਨੇ ਦੱਸਿਆ ਕਿ ਸੈਕਟਰ-79 ਵਿਖੇ ਵਾਪਰੀ ਘਟਨਾ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਨੌਜਵਾਨਾਂ ਨੇ ਸਲਿੱਪ ਰੋਡ ’ਤੇ ਮੋਟਰਸਾਈਕਲ ਖੜ੍ਹਾ ਕਰਕੇ ਪੈਦਲ ਆਉਂਦਿਆਂ ਗੋਲ਼ੀ ਚਲਾਈ, ਜੋ ਸ਼ੀਸ਼ੇ ਵਾਲੇ ਦਰਵਾਜ਼ੇ ’ਚ ਲੱਗੀ ਤੇ ਉਸ ’ਚੋਂ ਨਿਕਲ ਗਈ। ਉਨ੍ਹਾਂ ਮੁਤਾਬਕ ਮੌਕੇ ਤੋਂ ਖੋਲ ਬਰਾਮਦ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਤੇ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜਾ ਕੈਲੀਬਰ ਵਰਤਿਆ ਗਿਆ ਹੈ।
ਏਡੀਜੀਪੀ ਗੌਰਵ ਚੀਮਾ ਨੇ ਦੱਸਿਆ ਕਿ ਐੱਸਐੱਸਪੀ ਦੀ ਟੀਮ, ਏਜੀਟੀਐੱਫ਼ ਸਟਾਫ਼ ਅਤੇ ਸੰਗਠਿਤ ਅਪਰਾਧ ਵਿਰੁੱਧ ਕੰਮ ਕਰਦੀਆਂ ਹੋਰ ਏਜੰਸੀਆਂ ਦੀਆਂ ਟੀਮਾਂ ਇਸ ਮਾਮਲੇ ਨੂੰ ਟਰੇਸ ਆਊਟ ਕਰ ਰਹੀਆਂ ਹਨ।ਮੁਲਜ਼ਮਾਂ ਵੱਲੋਂ ਅਪਣਾਏ ਗਏ ਤੇ ਫ਼ਰਾਰ ਹੋਣ ਦੇ ਰੂਟ ਨੂੰ ਫੋਲੋ ਕੀਤਾ ਜਾ ਰਿਹਾ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।