- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਕਪੁਰ ਦੇ ਪਿੰਡ ਰਾਮਗੜ੍ਹ ਭੂੜਾ ਵਿੱਚ ਇੱਕ ਮਕਾਨ ਦੇ ਅੰਦਰ ਚੱਲ ਰਹੀ ਨਕਲੀ ਦਵਾਈਆਂ ਅਤੇ ਨਸ਼ੀਲੇ ਟੀਕਿਆਂ ਦੀ ਵੱਡੀ ਫੈਕਟਰੀ ਦਾ ਪੁਲਿਸ ਅਤੇ ਡਰੱਗਜ਼ ਕੰਟਰੋਲ ਵਿਭਾਗ ਨੇ ਸਾਂਝੇ ਤੌਰ 'ਤੇ ਪਰਦਾਫਾਸ਼ ਕੀਤਾ ਹੈ।

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਪਿੰਡ ਰਾਮਗੜ੍ਹ ਭੂੜਾ ਵਿੱਚ ਇੱਕ ਮਕਾਨ ਦੇ ਅੰਦਰ ਚੱਲ ਰਹੀ ਨਕਲੀ ਦਵਾਈਆਂ ਅਤੇ ਨਸ਼ੀਲੇ ਟੀਕਿਆਂ ਦੀ ਵੱਡੀ ਫੈਕਟਰੀ ਦਾ ਪੁਲਿਸ ਅਤੇ ਡਰੱਗਜ਼ ਕੰਟਰੋਲ ਵਿਭਾਗ ਨੇ ਸਾਂਝੇ ਤੌਰ 'ਤੇ ਪਰਦਾਫਾਸ਼ ਕੀਤਾ ਹੈ।
ਐਂਟੀ ਨਾਰਕੋਟਿਕ ਸੈੱਲ ਅਤੇ ਸਥਾਨਕ ਪੁਲਿਸ ਦੀ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਕਲੀ ਦਵਾਈਆਂ, ਜਿਮ ਵਿੱਚ ਵਰਤੇ ਜਾਣ ਵਾਲੇ ਐਨਾਬੋਲਿਕ ਸਟੀਰੋਆਇਡਜ਼, ਨਸ਼ੀਲੇ ਟੀਕੇ ਅਤੇ ਪੈਕਿੰਗ ਮਸ਼ੀਨਰੀ ਬਰਾਮਦ ਕੀਤੀ ਗਈ ਹੈ। ਮੌਕੇ ਤੋਂ ਲੁਧਿਆਣਾ ਨਿਵਾਸੀ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਥੇ ਤਿਆਰ ਹੋਣ ਵਾਲੀ ਨਕਲੀ ਮਾਲ ਨੂੰ ਨਾਮੀ ਬ੍ਰਾਂਡਾਂ ਦੇ ਫਰਜ਼ੀ ਲੇਬਲ ਲਾ ਕੇ ਆਨਲਾਈਨ ਮਾਧਿਅਮ ਅਤੇ ਕੋਰੀਅਰ ਰਾਂਹੀ ਚੰਡੀਗੜ੍ਹ, ਲੁਧਿਆਣਾ, ਦਿੱਲੀ ਅਤੇ ਮੁੰਬਈ ਤੱਕ ਭੇਜਿਆ ਜਾ ਰਿਹਾ ਸੀ।
ਗੁਪਤ ਸੂਚਨਾ ਦੇ ਆਧਾਰ 'ਤੇ ਹੋਈ ਕਾਰਵਾਈ
ਐਂਟੀ ਨਾਰਕੋਟਿਕ ਸੈੱਲ ਮੁਬਾਰਿਕਪੁਰ ਦੇ ਇੰਚਾਰਜ ਇੰਸਪੈਕਟਰ ਦਰਬਾਰਾ ਸਿੰਘ ਆਪਣੀ ਟੀਮ ਨਾਲ ਸਿੰਘਪੁਰਾ ਚੌਂਕ ਨੇੜੇ ਗਸ਼ਤ 'ਤੇ ਸਨ। ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਲੁਧਿਆਣਾ ਦੇ ਛੋਟਾ ਚੰਦਨ ਨਗਰ ਦਾ ਮੂਲ ਨਿਵਾਸੀ ਅਤੇ ਹਾਲ ਨਿਵਾਸੀ ਸਿੰਘਪੁਰਾ ਵਰਿੰਦਰ ਸ਼ਰਮਾ ਨੇ ਰਾਮਗੜ੍ਹ ਭੂੜਾ ਸਥਿਤ ਗੁਰਦੁਆਰਾ ਸਾਹਿਬ ਵਾਲੀ ਗਲੀ ਦੇ ਇੱਕ ਮਕਾਨ ਵਿਚ ਗ਼ੈਰ-ਕਾਨੂੰਨੀ ਫੈਕਟਰੀ ਬਣਾਈ ਹੋਈ ਹੈ। ਬਿਨਾਂ ਕਿਸੇ ਲਾਇਸੈਂਸ ਦੇ ਉੱਥੇ ਮਿਲਾਵਟੀ ਦਵਾਈਆਂ, ਨਸ਼ੀਲੀਆਂ ਗੋਲੀਆਂ ਅਤੇ ਪਾਬੰਦੀਸ਼ੁਦਾ ਟੀਕੇ ਤਿਆਰ ਕੀਤੇ ਜਾ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਕਾਨ ਨੂੰ ਘੇਰ ਲਿਆ ਅਤੇ ਮੁਲਜ਼ਮ ਨੂੰ ਕਾਬੂ ਲਿਆ।
ਮਕਾਨ ਦੇ ਅੰਦਰ ਮਿਲਿਆ ਮਸ਼ੀਨਰੀ ਅਤੇ ਕੱਚੇ ਮਾਲ ਦਾ ਜਖ਼ੀਰਾ
ਛਾਪੇਮਾਰੀ ਦੌਰਾਨ ਮਕਾਨ ਅੰਦਰ ਆਟੋਮੈਟਿਕ ਅਤੇ ਅੱਧ-ਆਟੋਮੈਟਿਕ ਮਸ਼ੀਨਾਂ, ਵੱਖ-ਵੱਖ ਸਾਲਟ, ਕੈਮੀਕਲ, ਬੋਰੀਆਂ ਵਿਚ ਭਰੇ ਖਾਲੀ ਕੈਪਸੂਲ, ਢੱਕਣ, ਕੱਚ ਦੀਆਂ ਸ਼ੀਸ਼ੀਆਂ ਅਤੇ ਪ੍ਰਿੰਟਿਡ ਲੇਬਲ ਵੱਡੀ ਗਿਣਤੀ ’ਚ ਬਰਾਮਦ ਹੋਏ। ਮੁਲਜ਼ਮ ਕੱਚਾ ਮਾਲ ਮਿਲਾ ਕੇ ਮਾਲ ਤਿਆਰ ਕਰਦਾ ਸੀ ਅਤੇ ਫਿਰ ਬ੍ਰਾਂਡਿਡ ਕੰਪਨੀਆਂ ਦੇ ਜਾਅਲੀ ਸਟਿੱਕਰ ਲਾ ਕੇ ਬਾਜ਼ਾਰ ਵਿੱਚ ਖਪਾਉਂਦਾ ਸੀ। ਜ਼ਬਤ ਕੀਤੇ ਗਏ ਸਟਾਕ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਨੌਜਵਾਨਾਂ ਦੀ ਸਿਹਤ ਅਤੇ ਜਾਨ ਨਾਲ ਖਿਲਵਾੜ
ਡਰੱਗਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਂਪਸ ਵਿੱਚੋਂ ਵੱਡੀ ਮਾਤਰਾ ਵਿੱਚ ਐਨਾਬੋਲਿਕ ਸਟੀਰੋਆਇਡਜ਼ ਅਤੇ ਐੱਨਡੀਪੀਐੱਸ ਐਕਟ ਦੇ ਦਾਇਰੇ ਵਿਚ ਆਉਣ ਵਾਲਾ ਪੈਂਟਾਜੋਸਿਨ ਇੰਜੈਕਸ਼ਨ ਵੀ ਬਰਾਮਦ ਹੋਇਆ ਹੈ। ਜਿਮ ਜਾਣ ਵਾਲੇ ਨੌਜਵਾਨ ਮਾਸਪੇਸ਼ੀਆਂ ਬਣਾਉਣ ਲਈ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਸਟੀਰੋਆਇਡਜ਼ ਦੀ ਵਰਤੋਂ ਕਰਦੇ ਹਨ, ਜਿਸ ਨਾਲ ਹਾਰਟ ਅਟੈਕ ਅਤੇ ਕਿਡਨੀ ਫੇਲ੍ਹ ਹੋਣ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।
ਕੋਰੀਅਰ ਅਤੇ ਆਨਲਾਈਨ ਨੈੱਟਵਰਕ ਦੀ ਹੋ ਰਹੀ ਪੜਤਾਲ
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਕਾਨ ਮਾਲਕ ਨੇ ਬਿਨਾਂ ਪੁਲਿਸ ਵੈਰੀਫਿਕੇਸ਼ਨ ਦੇ ਕਿਰਾਏ 'ਤੇ ਮਕਾਨ ਕਿਉਂ ਦਿੱਤਾ ਸੀ ਅਤੇ ਇਸ ਰੈਕਟ ਦੇ ਪਿੱਛੇ ਹੋਰ ਕਿਹੜੇ ਲੋਕ ਸ਼ਾਮਲ ਹਨ।