- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇਨ੍ਹਾਂ ਸਿੱਕਿਆਂ ਨੂੰ ਚਾਂਦੀ ਦੇ ਪੁਰਾਣੇ ਸਿੱਕੇ ਦੱਸਿਆ ਜਾ ਰਿਹਾ ਹੈ। ਕੁਝ ਸਿੱਕਿਆਂ ’ਤੇ ਉਰਦੂ ਲਿਪੀ ਵਿਚ ਲਿਖਤ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਸਿੱਕੇ ਕਿਸ ਸਮੇਂ ਦੇ ਹਨ, ਉਨ੍ਹਾਂ ਦੀ ਅਸਲ ਧਾਤ ਕੀ ਹੈ ਅਤੇ ਉਨ੍ਹਾਂ ਦੀ ਇਤਿਹਾਸਕ ਜਾਂ ਪੁਰਾਤੱਤਵ ਮਹੱਤਤਾ ਕਿੰਨੀ ਹੈ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਮਹਿਰਾ, ਪੰਜਾਬੀ ਜਾਗਰਣ, ਖਰੜ : ਇਤਿਹਾਸਕ ਪਿਛੋਕੜ ਵਾਲੇ ਪਿੰਡ ਘੜੂਆਂ ਵਿਚ ਉਸ ਵੇਲੇ ਲੋਕਾਂ ਦੀ ਉਤਸੁਕਤਾ ਸਿਖਰ ’ਤੇ ਪਹੁੰਚ ਗਈ, ਜਦੋਂ ਨਵੀਂ ਲਾਇਬਰੇਰੀ ਦੀ ਉਸਾਰੀ ਲਈ ਕੀਤੀ ਜਾ ਰਹੀ ਖ਼ੁਦਾਈ ਦੌਰਾਨ ਮਿੱਟੀ ਵਿਚੋਂ ਇਕ ਪੁਰਾਣਾ ਕੁੱਜਾ ਮਿਲਿਆ। ਕੁੱਜੇ ਵਿਚ ਪੁਰਾਣੇ ਸਿੱਕੇ ਹੋਣ ਦੀ ਗੱਲ ਸਾਹਮਣੇ ਆਉਂਦਿਆਂ ਹੀ ਇਹ ਖ਼ਬਰ ਪੂਰੇ ਪਿੰਡ ਵਿਚ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਨਿਰਮਾਣ ਸਥਾਨ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਜਾਣਕਾਰੀ ਅਨੁਸਾਰ ਲਾਇਬਰੇਰੀ ਉਸ ਥਾਂ ’ਤੇ ਬਣਾਈ ਜਾ ਰਹੀ ਹੈ, ਜਿੱਥੇ ਪਹਿਲਾਂ ਪਿੰਡ ਦਾ ਪੁਰਾਣਾ ਪੰਚਾਇਤ ਘਰ ਹੁੰਦਾ ਸੀ। ਨੀਂਹ ਦੀ ਖ਼ੁਦਾਈ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਵਿਚ ਦੱਬਿਆ ਇਕ ਪੁਰਾਣਾ ਮਿੱਟੀ ਦਾ ਬਰਤਨ ਨਜ਼ਰ ਆਇਆ। ਬਰਤਨ ਕੁਝ ਹੱਦ ਤੱਕ ਟੁੱਟਿਆ ਹੋਇਆ ਸੀ। ਇਸ ਨੂੰ ਬਾਹਰ ਕੱਢਣ ’ਤੇ ਇਸ ਵਿਚ ਕਈ ਪੁਰਾਣੇ ਸਿੱਕੇ ਹੋਣ ਦੀ ਗੱਲ ਸਾਹਮਣੇ ਆਈ।
ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇਨ੍ਹਾਂ ਸਿੱਕਿਆਂ ਨੂੰ ਚਾਂਦੀ ਦੇ ਪੁਰਾਣੇ ਸਿੱਕੇ ਦੱਸਿਆ ਜਾ ਰਿਹਾ ਹੈ। ਕੁਝ ਸਿੱਕਿਆਂ ’ਤੇ ਉਰਦੂ ਲਿਪੀ ਵਿਚ ਲਿਖਤ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਸਿੱਕੇ ਕਿਸ ਸਮੇਂ ਦੇ ਹਨ, ਉਨ੍ਹਾਂ ਦੀ ਅਸਲ ਧਾਤ ਕੀ ਹੈ ਅਤੇ ਉਨ੍ਹਾਂ ਦੀ ਇਤਿਹਾਸਕ ਜਾਂ ਪੁਰਾਤੱਤਵ ਮਹੱਤਤਾ ਕਿੰਨੀ ਹੈ, ਇਸ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਖ਼ਬਰ ਫੈਲੀ ਤਾਂ ਰਾਤ ਨੂੰ ਵੀ ਨਹੀਂ ਰੁਕੀ ‘ਖੋਜ’
ਵਾਰਡ ਕੌਂਸਲਰ ਸ਼ੇਰ ਸਿੰਘ ਮੁਤਾਬਕ ਸਿੱਕਿਆਂ ਦੀ ਖ਼ਬਰ ਮਿਲਣ ਤੋਂ ਬਾਅਦ ਲੋਕ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚ ਗਏ। ਸ਼ਾਮ ਤੋਂ ਬਾਅਦ ਹਨੇਰਾ ਹੋਣ ਦੇ ਬਾਵਜੂਦ ਕਈ ਲੋਕ ਟਾਰਚਾਂ ਅਤੇ ਮੋਬਾਈਲ ਫੋਨਾਂ ਦੀ ਰੌਸ਼ਨੀ ਨਾਲ ਖ਼ੁਦਾਈ ਵਾਲੀ ਥਾਂ ਦੇ ਆਲੇ-ਦੁਆਲੇ ਮਲਬਾ ਛਾਣਦੇ ਰਹੇ। ਉਨ੍ਹਾਂ ਮੁਤਾਬਕ ਅਫ਼ਰਾ-ਤਫ਼ਰੀ ਕਾਰਨ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਕੁੱਜੇ ਵਿਚ ਕੁੱਲ ਕਿੰਨੇ ਸਿੱਕੇ ਸਨ।
ਪੁਲਿਸ ਨੇ ਪਹੁੰਚ ਕੇ ਰੋਕੀ ਭੀੜ
ਮਾਮਲਾ ਵਧਦਾ ਦੇਖ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਭੀੜ ਨੂੰ ਹਟਾਇਆ ਅਤੇ ਨਿਰਮਾਣ ਵਾਲੀ ਥਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਕੁਝ ਸਥਾਨਕ ਲੋਕਾਂ ਵੱਲੋਂ ਆਪਣੇ ਹੱਥ ਲੱਗੇ ਸਿੱਕੇ ਨਾਲ ਲੈ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹੁਣ ਸਿੱਕਿਆਂ ਦੀ ਗਿਣਤੀ, ਉਨ੍ਹਾਂ ਦੀ ਅਸਲ ਧਾਤ, ਸਮਾਂ-ਕਾਲ ਅਤੇ ਇਤਿਹਾਸਕ ਮਹੱਤਤਾ ਦੀ ਜਾਂਚ ਤੋਂ ਬਾਅਦ ਹੀ ਇਸ ਕਥਿਤ ਖ਼ਜ਼ਾਨੇ ਦੀ ਅਸਲੀਅਤ ਸਾਹਮਣੇ ਆਵੇਗੀ।