ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ, ਅਮਿਤ ਸ਼ਾਹ ਦਾ ਨਸ਼ਾ ਖ਼ਤਮ ਕਰਨ ਦਾ ਦਾਅਵਾ ਖੋਖਲਾ
ਸਿੱਧੂ ਨੇ ਕਿਹਾ ਕਿ ਅਮਿਤ ਸ਼ਾਹ ਦਾ ਇਹ ਦਾਅਵਾ ਪੂਰੀ ਤਰ੍ਹਾਂ ਖੋਖਲਾ ਹੈ ਕਿਉਂਕਿ ਪੰਜਾਬ ਸਿਰ ‘ਚਿੱਟੇ’ ਦਾ ਕਲੰਕ ਲਾਉਣ ਵਾਲੀ ਅਤੇ ਨਸ਼ਾ ਮਾਫੀਆ ਨੂੰ ਪੂਰੀ ਸਰਪ੍ਰਸਤੀ ਦੇਣ ਵਾਲੀ ਪਿਛਲੀ ਬਾਦਲ ਸਰਕਾਰ ਸੀ। ਜਿਸ ’ਚ ਭਾਜਪਾ ਖ਼ੁਦ ਵੀ ਭਾਈਵਾਲ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਮੌਤ ਦੇ ਮੂੰਹ ’ਚ ਧੱਕਣ ਦੇ ਪਾਪ ’ਚ ਭਾਜਪਾ ਬਰਾਬਰ ਦੀ ਹਿੱਸੇਦਾਰ ਰਹੀ ਹੈ।
Publish Date: Thu, 01 Oct 2026 03:53 PM (IST)
Updated Date: Thu, 01 Oct 2026 03:58 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ। ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਫੇਰੀ ਦੌਰਾਨ ਸੂਬੇ ’ਚੋਂ 31 ਦਸੰਬਰ 2029 ਤੱਕ ਨਸ਼ਾ ਖ਼ਤਮ ਕਰਨ ਦੇ ਕੀਤੇ ਗਏ ਦਾਅਵੇ ਨੂੰ ਸਿਆਸੀ ਪਖੰਡ ਕਰਾਰ ਦਿੰਦਿਆਂ ਭਾਜਪਾ ਨੂੰ ਸੂਬੇ ਵਿਚ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਿਚ ਬਰਾਬਰ ਦੀ ਜ਼ਿੰਮੇਵਾਰ ਕਿਹਾ ਹੈ।
ਸਿੱਧੂ ਨੇ ਕਿਹਾ ਕਿ ਅਮਿਤ ਸ਼ਾਹ ਦਾ ਇਹ ਦਾਅਵਾ ਪੂਰੀ ਤਰ੍ਹਾਂ ਖੋਖਲਾ ਹੈ ਕਿਉਂਕਿ ਪੰਜਾਬ ਸਿਰ ‘ਚਿੱਟੇ’ ਦਾ ਕਲੰਕ ਲਾਉਣ ਵਾਲੀ ਅਤੇ ਨਸ਼ਾ ਮਾਫੀਆ ਨੂੰ ਪੂਰੀ ਸਰਪ੍ਰਸਤੀ ਦੇਣ ਵਾਲੀ ਪਿਛਲੀ ਬਾਦਲ ਸਰਕਾਰ ਸੀ। ਜਿਸ ’ਚ ਭਾਜਪਾ ਖ਼ੁਦ ਵੀ ਭਾਈਵਾਲ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚ ਫਸਾ ਕੇ ਮੌਤ ਦੇ ਮੂੰਹ ’ਚ ਧੱਕਣ ਦੇ ਪਾਪ ’ਚ ਭਾਜਪਾ ਬਰਾਬਰ ਦੀ ਹਿੱਸੇਦਾਰ ਰਹੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਅੱਜ ਨਸ਼ਾ ਮੁਕਤ ਪੰਜਾਬ ਬਣਾਉਣ ਦੀਆਂ ਗੱਲਾਂ ਕਰਨਾ ਭਾਜਪਾ ਦਾ ਦੋਗਲਾਪਣ ਸਾਬਤ ਕਰਦੀਆਂ ਹਨ।
ਸਿੱਧੂ ਨੇ ਅਮਿਤ ਸ਼ਾਹ ਨੂੰ ਸਵਾਲ ਕੀਤਾ ਕਿ ਪੰਜਾਬ ਆ ਕੇ ਨਸ਼ਿਆਂ ਦੀ ਗੱਲ ਕਰਨ ਵਾਲੇ ਗ੍ਰਹਿ ਮੰਤਰੀ ਨੇ ਦੇਸ਼ ਵਿੱਚ ਮਹਿੰਗਾਈ ਅਤੇ ਆਮ ਪਰਿਵਾਰਾਂ ’ਤੇ ਵਧ ਰਹੇ ਆਰਥਿਕ ਦਬਾਅ ਬਾਰੇ ਕਿਉਂ ਨਹੀਂ ਬੋਲਿਆ? ਅਗਸਤ 2026 ਵਿੱਚ ਭਾਰਤ ਦੀ ਰਿਟੇਲ ਮਹਿੰਗਾਈ 4.82 ਫ਼ੀਸਦੀ ਰਹੀ, ਜਦਕਿ ਖੁਰਾਕੀ ਮਹਿੰਗਾਈ 5.95 ਫ਼ੀਸਦੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਜਨਤਾ ਦੀ ਰਸੋਈ ਦਾ ਬਜਟ ਵਧ ਰਿਹਾ ਹੈ।
ਉਹ ਇਨ੍ਹਾਂ ਗੱਲਾਂ ਨੂੰ ਕਿਉਂ ਅਣਗੌਲਿਆ ਕਰ ਰਹੇ ਹਨ? ਸਿੱਧੂ ਨੇ ਕਿਹਾ ਕਿ ਪੰਜਾਬ ਆਉਣ ਵਾਲੇ ਕੇਂਦਰੀ ਆਗੂਆਂ ਨੂੰ ਸੂਬੇ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ—ਨਸ਼ੇ, ਮਹਿੰਗਾਈ, ਕਿਸਾਨੀ, MSP, ਰੁਜ਼ਗਾਰ ਅਤੇ ਪੰਜਾਬ ਦੇ ਆਰਥਿਕ ਹਿੱਤਾਂ ਬਾਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਰਫ਼ ਨਾਅਰੇ ਨਹੀਂ, ਸਗੋਂ ਠੋਸ ਨੀਤੀ, ਜਵਾਬਦੇਹੀ ਅਤੇ ਜ਼ਮੀਨੀ ਕਾਰਵਾਈ ਦੀ ਉਮੀਦ ਰੱਖਦੇ ਹਨ।
ਸਿੱਧੂ ਨੇ ਨੇ ਗ੍ਰਹਿ ਮੰਤਰੀ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਜੇਕਰ ਭਾਜਪਾ ਕੋਲ ਨਸ਼ਾ ਖ਼ਤਮ ਕਰਨ ਦਾ ਕੋਈ ਜਾਦੂਈ ਫਾਰਮੂਲਾ ਹੈ ਤਾਂ ਉਹ ਆਪਣੀਆਂ ਸਰਕਾਰਾਂ ਵਾਲੇ ਸੂਬਿਆਂ ਖਾਸ ਕਰਕੇ ਗੋਆ ਅਤੇ ਗੁਜਰਾਤ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਉਣ ਵਿੱਚ ਕਿਉਂ ਬੁਰੀ ਤਰ੍ਹਾਂ ਨਾਕਾਮ ਰਹੀ ਹੈ?
ਉਨ੍ਹਾਂ ਕਿਹਾ ਕਿ ਗੋਆ ਅੱਜ ਡਰੱਗ ਟੂਰਿਜ਼ਮ ਦਾ ਗੜ੍ਹ ਬਣ ਚੁੱਕਾ ਹੈ ਅਤੇ ਗੁਜਰਾਤ ਦੀਆਂ ਸਮੁੰਦਰੀ ਬੰਦਰਗਾਹਾਂ ਨਸ਼ਾ ਤਸਕਰੀ ਦੇ ਮੁੱਖ ਕੇਂਦਰ ਬਣ ਗਈਆਂ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਬੇਹੱਦ ਅਫ਼ਸੋਸਨਾਕ ਹੈ ਕਿ ਅਮਿਤ ਸ਼ਾਹ ਨੇ ਪੰਜਾਬ ਦੀ ਧਰਤੀ ’ਤੇ ਆ ਕੇ ਸੂਬੇ ਦੇ ਭਖਦੇ ਮਸਲਿਆਂ ਅਤੇ ਸਿੱਖ ਕੌਮ ਦੀਆਂ ਚਿਰੋਕਣੀਆਂ ਮੰਗਾਂ, ਜਿਵੇਂ ਕਿ ਬੰਦੀ ਸਿੰਘਾਂ ਦੀ ਰਿਹਾਈ, ‘ਤੇ ਇੱਕ ਵੀ ਸ਼ਬਦ ਨਹੀਂ ਬੋਲਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਫੇਰੀ ਸਿਰਫ਼ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ ਰਹੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੇ ਇਨ੍ਹਾਂ ਖੋਖਲੇ ਵਾਅਦਿਆਂ ਅਤੇ ਜੁਮਲਿਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦੇਣਗੇ।