ਫਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨੂੰ ਵੇਚਣ ਦੇ ਦੋਸ਼ ; ਮਹਿਲਾ ਕਮਿਸ਼ਨ ਨੇ ਮੰਗੀ ਜਾਂਚ ਰਿਪੋਰਟ ਪਿਛਲੇ ਦਿਨੀਂ ਐੱਸਸੀ/ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਦੇ ਫੇਜ਼-7 ਦੀਆਂ ਲਾਈਟਾਂ 'ਤੇ ਚੱਲ ਰਹੇ ਮੋਰਚੇ ਦੌਰਾਨ ਲੜਕੀਆਂ ਵੇਚਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਗੰਭੀਰ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ-ਮੋਟੋ ਲੈਂਦਿਆਂ ਐੱਸਐੱਸਪੀ ਮੁਹਾਲੀ ਤੋਂ 24 ਜੁਲਾਈ ਤੱਕ ਰਿਪੋਰਟ ਤਲਬ ਕੀਤੀ ਹੈ।ਇਸੇ ਲੜੀ ਤਹਿਤ ਵੀਰਵਾਰ ਨੂੰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਹੇਠ ਮੋਰਚੇ ਦੇ ਆਗੂਆਂ, ਪੀੜਤ ਲੜਕੀ ਅਤੇ ਗੁੰਮ ਹੋਈ ਦੂਜੀ ਲੜਕੀ ਦੀ ਮਾਤਾ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ।
Publish Date: Fri, 24 Jul 2026 01:11 PM (IST)
Updated Date: Fri, 24 Jul 2026 01:12 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪਿਛਲੇ ਦਿਨੀਂ ਐੱਸਸੀ/ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਦੇ ਫੇਜ਼-7 ਦੀਆਂ ਲਾਈਟਾਂ 'ਤੇ ਚੱਲ ਰਹੇ ਮੋਰਚੇ ਦੌਰਾਨ ਲੜਕੀਆਂ ਵੇਚਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਗੰਭੀਰ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ-ਮੋਟੋ ਲੈਂਦਿਆਂ ਐੱਸਐੱਸਪੀ ਮੁਹਾਲੀ ਤੋਂ 24 ਜੁਲਾਈ ਤੱਕ ਰਿਪੋਰਟ ਤਲਬ ਕੀਤੀ ਹੈ।ਇਸੇ ਲੜੀ ਤਹਿਤ ਵੀਰਵਾਰ ਨੂੰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਹੇਠ ਮੋਰਚੇ ਦੇ ਆਗੂਆਂ, ਪੀੜਤ ਲੜਕੀ ਅਤੇ ਗੁੰਮ ਹੋਈ ਦੂਜੀ ਲੜਕੀ ਦੀ ਮਾਤਾ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਚੇਅਰਪਰਸਨ ਨੇ ਪੀੜਤ ਪਰਿਵਾਰ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਵਾਪਸ ਆਈ ਪੀੜਤ ਲੜਕੀ ਨੂੰ ਤੁਰੰਤ ਇਨਸਾਫ਼ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁੰਮ ਹੋਈ ਦੂਜੀ ਲੜਕੀ ਵਰਸ਼ਾ ਦੀ ਮਾਤਾ ਨੂੰ ਭਰੋਸਾ ਦਿੱਤਾ ਕਿ ਉਸ ਦੀ ਬੇਟੀ ਨੂੰ ਜਲਦ ਤੋਂ ਜਲਦ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ।
ਸ਼ੂਟਿੰਗ ਦੇ ਨਾਂ 'ਤੇ ਕਰਵਾਈਆਂ ਵਿਆਹ ਦੀਆਂ ਰਸਮਾਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਦੀ ਮਨਦੀਪ ਕੌਰ ਅਤੇ ਉਸ ਦੇ ਸਹਿਯੋਗੀਆਂ ਨੇ ਅੰਜਲੀ ਨਾਂ ਦੀ ਲੜਕੀ ਨੂੰ ਫਿਲਮਾਂ ਵਿਚ ਕੰਮ ਕਰਕੇ ਜ਼ਿਆਦਾ ਪੈਸਾ ਕਮਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਲਿਆਂਦਾ ਸੀ। ਉੱਥੇ ਇਕ ਘਰ ’ਚ ਰੱਖਿਆ ਗਿਆ, ਜਿੱਥੇ ਹੋਰ ਲੜਕੀਆਂ ਵੀ ਮੌਜੂਦ ਸਨ। ਉਸ ਨੂੰ ਨਵੇਂ ਕੱਪੜੇ ਦੇ ਕੇ ਕਿਹਾ ਗਿਆ ਕਿ ਵਿਆਹ ਵਾਲਾ ਦ੍ਰਿਸ਼ ਫਿਲਮਾਇਆ ਜਾਣਾ ਹੈ। ਬਾਅਦ ਵਿਚ ਉਸ ਨੂੰ ਇਕ ਧਾਰਮਿਕ ਸਥਾਨ 'ਤੇ ਲਿਜਾ ਕੇ ਵਿਆਹ ਵਰਗੀਆਂ ਰਸਮਾਂ ਕਰਵਾਈਆਂ ਗਈਆਂ। ਪੀੜਤਾ ਇਸ ਨੂੰ ਫਿਲਮ ਦੀ ਸ਼ੂਟਿੰਗ ਦਾ ਹਿੱਸਾ ਹੀ ਸਮਝਦੀ ਰਹੀ।
ਉੱਤਰ ਪ੍ਰਦੇਸ਼ ਲਿਜਾ ਕੇ ਡੇਢ ਲੱਖ 'ਚ ਵੇਚਣ ਦਾ ਦੋਸ਼ ਪੀੜਤਾ ਨੇ ਦੱਸਿਆ ਕਿ ਉਸ ਨੂੰ ਉੱਤਰ ਪ੍ਰਦੇਸ਼ ਲਿਜਾਇਆ ਗਿਆ। ਉੱਥੇ ਇਕ ਨੌਜਵਾਨ ਨੇ ਆਪਣੇ ਆਪ ਨੂੰ ਉਸ ਦਾ ਪਤੀ ਦੱਸਿਆ ਅਤੇ ਦਾਅਵਾ ਕੀਤਾ ਕਿ ਉਹ ਉਸ ਨੂੰ ਡੇਢ ਲੱਖ ਰੁਪਏ ਵਿਚ ਖ਼ਰੀਦ ਕੇ ਲਿਆਇਆ ਹੈ। ਪੀੜਤਾ ਨੂੰ ਇਕ ਵੀਡੀਓ ਵੀ ਦਿਖਾਈ ਗਈ, ਜਿਸ ਵਿਚ ਪੈਸਿਆਂ ਦੇ ਲੈਣ-ਦੇਣ ਦੀ ਗੱਲਬਾਤ ਹੋ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ। ਪੀੜਤਾ ਨੇ ਤੁਰੰਤ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ। ਪਰਿਵਾਰ ਵੱਲੋਂ ਕੀਤੀ ਗਈ ਗੱਲਬਾਤ ਅਤੇ ਯਤਨਾਂ ਤੋਂ ਬਾਅਦ ਉਹ ਸੁਰੱਖਿਅਤ ਤਰੀਕੇ ਨਾਲ ਮੁਹਾਲੀ ਵਾਪਸ ਆ ਗਈ।
ਗੁੰਮ ਹੋਈ ਲੜਕੀ ਨੇ ਰਾਜਸਥਾਨ ਤੋਂ ਕੀਤਾ ਸੀ ਫੋਨ ਕੁੰਬੜਾ ਨੇ ਦੱਸਿਆ ਕਿ ਅੰਜਲੀ ਦੀ ਸਹੇਲੀ ਵਰਸ਼ਾ ਅਜੇ ਵੀ ਗਾਇਬ ਹੈ, ਪਰ ਕੁਝ ਦਿਨ ਪਹਿਲਾਂ ਉਸ ਨੇ ਅੰਜਲੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਹ ਇਸ ਵੇਲੇ ਰਾਜਸਥਾਨ ਵਿਚ ਹੈ। ਸਮੂਹ ਮੋਰਚਾ ਆਗੂਆਂ ਨੇ ਇਹ ਮਾਮਲਾ ਗੰਭੀਰਤਾ ਨਾਲ ਚੁੱਕਦਿਆਂ ਮਹਿਲਾ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮਹਿਲਾ ਕਮਿਸ਼ਨ ਦੀ ਸਖ਼ਤ ਕਾਰਵਾਈ ਨਾਲ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਜਲਦ ਇਨਸਾਫ਼ ਮਿਲੇਗਾ।
ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ, ਬੱਬਲ ਚੋਪੜਾ, ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਮੁੱਖ ਆਗੂ ਵੀ ਹਾਜ਼ਰ ਸਨ।