- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਸਫ਼ਲਤਾਪੂਰਵਕ ਮੁਹਾਲੀ ਏਅਰਪੋਰਟ ’ਤੇ ਲਿਆਂਦਾ ਹੈ। ਪੰਜਾਬ ਏਜੀਟੀਐੱਫ਼ ਦੇ ਐੱਸਪੀ ਬਿਕਰਮਜੀਤ ਸਿੰਘ ਬਰਾੜ ਅਨੁਸਾਰ, ਜੋਬਨ ਬਿੱਲਾ ਨੂੰ 20 ਜੁਲਾਈ ਨੂੰ ਇੰਡੋਨੇਸ਼ੀਆ ਵਿਚ ਹਿਰਾਸਤ 'ਚ ਲੈਣ ਤੋਂ ਬਾਅਦ ਭਾਰਤ ਰਵਾਨਾ ਕੀਤਾ ਗਿਆ ਸੀ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ਼) ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਸਫ਼ਲਤਾਪੂਰਵਕ ਮੁਹਾਲੀ ਏਅਰਪੋਰਟ ’ਤੇ ਲਿਆਂਦਾ ਹੈ।
ਪੰਜਾਬ ਏਜੀਟੀਐੱਫ਼ ਦੇ ਐੱਸਪੀ ਬਿਕਰਮਜੀਤ ਸਿੰਘ ਬਰਾੜ ਅਨੁਸਾਰ, ਜੋਬਨ ਬਿੱਲਾ ਨੂੰ 20 ਜੁਲਾਈ ਨੂੰ ਇੰਡੋਨੇਸ਼ੀਆ ਵਿਚ ਹਿਰਾਸਤ 'ਚ ਲੈਣ ਤੋਂ ਬਾਅਦ ਭਾਰਤ ਰਵਾਨਾ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਉਸ ਨੂੰ ਮੁੰਬਈ ਹਵਾਈ ਅੱਡੇ 'ਤੇ ਪਹੁੰਚਦਿਆਂ ਹੀ ਆਪਣੀ ਹਿਰਾਸਤ ਵਿਚ ਲੈ ਲਿਆ, ਜਿਸ ਤੋਂ ਬਾਅਦ ਉਸ ਨੂੰ ਮੁਹਾਲੀ ਲਿਆਂਦਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਅਗਲੀ ਪੁੱਛਗਿੱਛ ਕੀਤੀ ਜਾ ਸਕੇ।
ਕਤਲ ਅਤੇ ਅਸਲਾ ਐਕਟ ਸਮੇਤ ਕਈ ਮਾਮਲਿਆਂ 'ਚ ਸੀ ਲੋੜੀਂਦਾ :
ਗੈਂਗਸਟਰ ਜੋਬਨ ਬਿੱਲਾ ਕਤਲ, ਕਤਲ ਦੀ ਕੋਸ਼ਿਸ਼, ਐੱਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਸਮੇਤ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ। ਪੰਜਾਬ ਸਰਕਾਰ ਵੱਲੋਂ ਉਸ 'ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਉਹ ਪੰਜਾਬ ਵਿਚ ਦਰਜ ਕਤਲ ਦੇ ਚਾਰ ਮੁੱਖ ਮਾਮਲਿਆਂ ਵਿਚ ਸ਼ਾਮਲ ਹੈ।
ਫ਼ਰਜ਼ੀ ਪਾਸਪੋਰਟ 'ਤੇ ਹੋਇਆ ਸੀ ਫ਼ਰਾਰ :
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ 9 ਜਨਵਰੀ 2025 ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਇਕ ਵਿਅਕਤੀ ਦੇ ਜਾਅਲੀ ਵੇਰਵਿਆਂ ਦੇ ਆਧਾਰ 'ਤੇ ਤਿਆਰ ਕੀਤੇ ਗਏ ਪਾਸਪੋਰਟ 'ਤੇ ਭਾਰਤ ਤੋਂ ਫ਼ਰਾਰ ਹੋ ਗਿਆ ਸੀ। ਇਹ ਪਾਸਪੋਰਟ 8 ਮਾਰਚ 2024 ਨੂੰ ਲਖਨਊ ਤੋਂ ਜਾਰੀ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਚਣ ਲਈ ਜੋਬਨ ਬਿੱਲਾ ਵੱਖ-ਵੱਖ ਦੇਸ਼ਾਂ 'ਚ ਲੁਕ ਕੇ ਆਪਣੇ ਅਪਰਾਧਿਕ ਨੈੱਟਵਰਕ ਨੂੰ ਚਲਾ ਰਿਹਾ ਸੀ। ਉਹ ਪਹਿਲਾਂ ਯੂਏਈ ਵਿਚ ਛੁਪਿਆ, ਜਿੱਥੋਂ ਉਹ ਜਾਰਜੀਆ ਗਿਆ ਅਤੇ ਬਾਅਦ ਵਿਚ ਇੰਡੋਨੇਸ਼ੀਆ ਪਹੁੰਚ ਗਿਆ।
ਪੰਜਾਬ ਪੁਲਿਸ ਨੇ ਉਸ ਦੇ ਖ਼ਿਲਾਫ਼ 'ਰੈੱਡ ਕਾਰਨਰ ਨੋਟਿਸ' ਜਾਰੀ ਕਰਵਾਇਆ ਸੀ ਅਤੇ ਉਸ ਦੇ ਫ਼ਰਜ਼ੀ ਪਾਸਪੋਰਟ ਤੇ ਲੁਕਣ ਦੇ ਸੰਭਾਵੀ ਠਿਕਾਣਿਆਂ ਸਬੰਧੀ ਜਾਣਕਾਰੀ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਇੰਟਰਪੋਲ ਦੇ 5 ਰੈਫ਼ਰੈਂਸ ਵੀ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਲਗਾਤਾਰ ਯਤਨਾਂ ਦੇ ਸਿੱਟੇ ਵਜੋਂ ਉਸ ਨੂੰ ਇੰਡੋਨੇਸ਼ੀਆ ਵਿਚ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ।