8 ਸਾਲਾ ਮਾਨਸ਼ੀ ਦੀ ਮੌਤ ਮਾਮਲੇ 'ਤੇ ਗਰਮਾਈ ਸਿਆਸਤ, ਭਾਜਪਾ ਨੇ ਪਾਵਰਕਾਮ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ ਪਿਛਲੇ ਦਿਨੀਂ ਨਿਆਂ ਗਰਾਓਂ ਖੇਤਰ ਵਿਚ ਅੱਠ ਸਾਲਾਂ ਦੀ ਮਾਨਸ਼ੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਭਾਜਪਾ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕੌਂਸਲਰ ਭੁਪਿੰਦਰ ਭੁੱਪੀ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਵੀ ਹਮਦਰਦੀ ਜਾਹਰ ਕੀਤੀ।
Publish Date: Wed, 12 Aug 2026 12:45 PM (IST)
Updated Date: Wed, 12 Aug 2026 12:49 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪਿਛਲੇ ਦਿਨੀਂ ਨਿਆਂ ਗਰਾਓਂ ਖੇਤਰ ਵਿਚ ਅੱਠ ਸਾਲਾਂ ਦੀ ਮਾਨਸ਼ੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਮੌਤ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਭਾਜਪਾ ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕੌਂਸਲਰ ਭੁਪਿੰਦਰ ਭੁੱਪੀ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਵੀ ਹਮਦਰਦੀ ਜਾਹਰ ਕੀਤੀ।
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਇੱਥੇ 8 ਸਾਲਾਂ ਮਾਨਸ਼ੀ ਬਿਜਲੀ ਦੀਆਂ ਲਮਕਦੀਆਂ ਨੰਗੀਆਂ ਤਾਰਾਂ ਦੀ ਲਪੇਟ ਵਿਚ ਆ ਗਈ ਸੀ ਅਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪਾਵਰਕਾਮ ਦੀ ਕਥਿਤ ਲਾਪਰਵਾਹੀ ਕਾਰਨ ਵਾਪਰਿਆ ਹੈ। ਪਾਵਰਕਾਮ ਬਿਜਲੀ ਸਪਲਾਈ ਕਰਨ ਲਈ ਖਪਤਕਾਰਾਂ ਤੋਂ ਪੈਸੇ ਵਸੂਲਦਾ ਹੈ। ਸੁਰੱਖਿਅਤ ਬਿਜਲੀ ਸਪਲਾਈ, ਇੰਸੂਲੇਟਿਡ ਅਤੇ ਸੁਚੱਜੀ ਵਿਵਸਥਾ ਦੀ ਜ਼ਿੰਮੇਵਾਰੀ ਵੀ ਪਾਵਰਕਾਮ ਦੀ ਬਣਦੀ ਹੈ।
ਵਿਨੀਤ ਜੋਸ਼ੀ ਨੇ ਕਿਹਾ ਕਿ ਇਲਾਕੇ ਵਿਚ ਖੁੱਲ੍ਹੀਆਂ, ਲਮਕਦੀਆਂ ਨੰਗੀਆਂ ਤਾਰਾਂ ਅਤੇ ਉਲਝੀਆਂ ਦੀਆਂ ਤਾਰਾਂ ਇਸ ਗੱਲ ਦਾ ਸਪੱਸ਼ਟ ਸਬੂਤ ਹਨ ਕਿ ਸਬੰਧਤ ਅਧਿਕਾਰੀ ਸਹੀ ਤਰੀਕੇ ਨਾਲ ਆਪਣੀ ਡਿਊਟੀ ਨਹੀਂ ਨਿਭਾਅ ਰਹੇ ਅਤੇ ਅਧਿਕਾਰੀਆਂ ਦੀਆਂ ਲਾਪਰਵਾਹੀ ਕਾਰਨ ਮਾਨਸ਼ੀ ਦੀ ਜਾਨ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਫੌਰੀ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਹੋਰਨਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਕਿਉਂਕਿ ਸਬੰਧਤ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ। ਭਾਜਪਾ ਆਗੂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਯੋਗ ਵਿੱਤੀ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਨਿਆਂ ਗਰਾਓਂ ਵਿਚ ਬਿਜਲੀ ਪ੍ਰਬੰਧਾਂ ਦਾ ਤੁਰੰਤ ਸੁਰੱਖਿਆ ਆਡਿਟ ਕਰਵਾਉਣ, ਖੁੱਲ੍ਹੇ ਅਤੇ ਗੈਰ-ਕਾਨੂੰਨੀ ਕੁਨੈਕਸ਼ਨ ਹਟਾਏ ਜਾਣ।