ਮੁਹਾਲੀ 'ਚ ਮਹਿਲਾ ਮਿਊਜ਼ਿਕ ਆਰਟਿਸਟ ਦੀ ਥਾਰ 'ਤੇ ਸੁੱਟਿਆ ਤੇਜ਼ਾਬ, ਕੋਲਾ ਕਾਰੋਬਾਰੀ ਸਮੇਤ 4 ਖ਼ਿਲਾਫ਼ ਮਾਮਲਾ ਦਰਜ ਮੁਹਾਲੀ ਵਿੱਚ ਇੱਕ ਮਹਿਲਾ ਸੰਗੀਤਕਾਰ (ਮਿਊਜ਼ਿਕ ਆਰਟਿਸਟ) ਦੀ ਮਹਿੰਦਰਾ ਥਾਰ ਗੱਡੀ ’ਤੇ ਤੇਜ਼ਾਬ ਸੁੱਟ ਕੇ ਉਸ ਨੂੰ ਬੁਰੀ ਤਰ੍ਹਾਂ ਨੁਕਸਾਨਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਪੁਰਾਣੇ ਪ੍ਰੇਮ ਸਬੰਧਾਂ ਅਤੇ ਵਿਆਹ ਦਾ ਪ੍ਰਸਤਾਵ ਠੁਕਰਾਉਣ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਖਰੜ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਨਾਮੀ ਕੋਲਾ ਤੇ ਪ੍ਰਾਪਰਟੀ ਕਾਰੋਬਾਰੀ ਸੁਖਪਾਲ ਸਿੰਘ ਵਾਸੀ ਸਨੀ ਐਨਕਲੇਵ ਕੋਲਾ, ਅਰਸ਼ ਡਰਾਈਵਰ ਵਾਸੀ ਮਾਨਸਾ ਸਮੇਤ ਜੱਸੀ ਕਰਮਚਾਰੀ ਵਾਸੀ ਮਟੌਰ ਤੇ ਫੌਜੀ ਗਨਮੈਨ ਖਿਲਾਫ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
Publish Date: Fri, 24 Jul 2026 12:13 PM (IST)
Updated Date: Fri, 24 Jul 2026 12:14 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਵਿੱਚ ਇੱਕ ਮਹਿਲਾ ਸੰਗੀਤਕਾਰ (ਮਿਊਜ਼ਿਕ ਆਰਟਿਸਟ) ਦੀ ਮਹਿੰਦਰਾ ਥਾਰ ਗੱਡੀ ’ਤੇ ਤੇਜ਼ਾਬ ਸੁੱਟ ਕੇ ਉਸ ਨੂੰ ਬੁਰੀ ਤਰ੍ਹਾਂ ਨੁਕਸਾਨਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦਾ ਦੋਸ਼ ਹੈ ਕਿ ਪੁਰਾਣੇ ਪ੍ਰੇਮ ਸਬੰਧਾਂ ਅਤੇ ਵਿਆਹ ਦਾ ਪ੍ਰਸਤਾਵ ਠੁਕਰਾਉਣ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਖਰੜ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਇੱਕ ਨਾਮੀ ਕੋਲਾ ਤੇ ਪ੍ਰਾਪਰਟੀ ਕਾਰੋਬਾਰੀ ਸੁਖਪਾਲ ਸਿੰਘ ਵਾਸੀ ਸਨੀ ਐਨਕਲੇਵ ਕੋਲਾ, ਅਰਸ਼ ਡਰਾਈਵਰ ਵਾਸੀ ਮਾਨਸਾ ਸਮੇਤ ਜੱਸੀ ਕਰਮਚਾਰੀ ਵਾਸੀ ਮਟੌਰ ਤੇ ਫੌਜੀ ਗਨਮੈਨ ਖਿਲਾਫ ਬੀਐੱਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਪਤਨੀ ਨਾਲ ਅਣਬਣ ਦੀ ਗੱਲ ਕਹਿ ਕੇ ਰੱਖਿਆ ਸੀ ਵਿਆਹ ਦਾ ਪ੍ਰਸਤਾਵ : 32 ਸਾਲਾ ਪੀੜਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2022 ਵਿੱਚ ਉਸ ਦੀ ਪਛਾਣ ਕਾਰੋਬਾਰੀ ਸੁਖਪਾਲ ਸਿੰਘ ਨਾਲ ਹੋਈ ਸੀ, ਜੋ ਹੌਲੀ-ਹੌਲੀ ਦੋਸਤੀ ਵਿੱਚ ਬਦਲ ਗਈ। ਇਸ ਦੌਰਾਨ ਸੁਖਪਾਲ ਨੇ ਆਪਣੀ ਪਤਨੀ ਨਾਲ ਰਿਸ਼ਤੇ ਖਰਾਬ ਹੋਣ ਦੀ ਗੱਲ ਕਹੀ ਅਤੇ ਕੁਝ ਦਿਨਾਂ ਬਾਅਦ ਵਿਆਹ ਦਾ ਪ੍ਰਸਤਾਵ ਰੱਖਿਆ।
ਕੁਝ ਸਮੇਂ ਬਾਅਦ ਸੁਖਪਾਲ ਨੇ ਆਪਣੀ ਪਤਨੀ ਅਤੇ ਪੀੜਤਾ ਦੋਵਾਂ ਨੂੰ ਇਕੱਠੇ ਰੱਖਣ ਦੀ ਸ਼ਰਤ ਰੱਖੀ, ਜਿਸ 'ਤੇ ਪੀੜਤਾ ਨੇ ਸਾਫ਼ ਮਨ੍ਹਾ ਕਰ ਦਿੱਤਾ ਅਤੇ ਉਸ ਤੋਂ ਦੂਰੀ ਬਣਾ ਲਈ। ਇਸ ਦੇ ਬਾਵਜੂਦ ਮੁਲਜ਼ਮ ਲਗਾਤਾਰ ਵਿਆਹ ਲਈ ਦਬਾਅ ਬਣਾ ਰਿਹਾ ਸੀ।
ਪਾਰਕਿੰਗ 'ਚ ਖੜ੍ਹੀ ਥਾਰ 'ਤੇ ਸੁੱਟਿਆ ਤੇਜ਼ਾਬ, ਸੀਸੀਟੀਵੀ 'ਚ ਕੈਦ ਹੋਏ ਮੁਲਜ਼ਮ :
ਪੀੜਤਾ ਮੁਤਾਬਕ 13 ਜੁਲਾਈ ਦੀ ਰਾਤ ਨੂੰ ਉਹ ਅੰਬਾਲਾ ਸਥਿਤ ਆਪਣੇ ਪਿੰਡ ਤੋਂ ਪਰਤ ਕੇ ਆਪਣੀ ਆਈ-20 ਅਤੇ ਮਹਿੰਦਰਾ ਥਾਰ ਗੱਡੀ ਸੁਸਾਇਟੀ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਕੇ ਘਰ ਚਲੀ ਗਈ ਸੀ। ਅਗਲੇ ਦਿਨ ਜਦੋਂ ਉਹ ਜਿਮ ਜਾਣ ਲਈ ਹੇਠਾਂ ਆਈ ਤਾਂ ਦੇਖਿਆ ਕਿ ਥਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਗੱਡੀ ਦੇ ਅੰਦਰ ਤੇਜ਼ਾਬ ਦੀਆਂ ਦੋ ਬੋਤਲਾਂ ਪਈਆਂ ਸਨ।
ਤੇਜ਼ਾਬ ਕਾਰਨ ਥਾਰ ਗੱਡੀ ਅੰਦਰੋਂ ਤੇ ਬਾਹਰੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਜਦੋਂ ਸੁਸਾਇਟੀ ਦੇ ਸੀਸੀਟੀਵੀ ਫੁੱਟੇਜ ਚੈੱਕ ਕੀਤੇ ਗਏ ਤਾਂ 13 ਜੁਲਾਈ ਦੀ ਰਾਤ 8 ਤੋਂ 10 ਵਜੇ ਦੇ ਵਿਚਕਾਰ ਮੁਲਜ਼ਮ ਸੁਖਪਾਲ ਦਾ ਡਰਾਈਵਰ ਅਰਸ਼, ਕਰਮਚਾਰੀ ਜੱਸੀ ਅਤੇ ਗਨਮੈਨ ਫੌਜੀ ਸੁਸਾਇਟੀ ਅੰਦਰ ਸ਼ੱਕੀ ਹਾਲਾਤਾਂ ਵਿੱਚ ਘੁੰਮਦੇ ਦਿਖਾਈ ਦਿੱਤੇ।
'ਪੁਲਿਸ ਕੋਲ ਸ਼ਿਕਾਇਤ ਨਾ ਕਰੋ, ਨਵੀਂ ਗੱਡੀ ਲੈ ਦਿੰਦਾ ਹਾਂ' : ਪੀੜਤਾ ਨੇ ਦੋਸ਼ ਲਾਇਆ ਕਿ ਵਾਰਦਾਤ ਤੋਂ ਬਾਅਦ ਮੁੱਖ ਮੁਲਜ਼ਮ ਸੁਖਪਾਲ ਸਿੰਘ ਨੇ ਉਸ 'ਤੇ ਪੁਲਿਸ ਸ਼ਿਕਾਇਤ ਨਾ ਕਰਨ ਦਾ ਦਬਾਅ ਬਣਾਇਆ ਅਤੇ ਗੱਡੀ ਬਾਹਰੋਂ ਠੀਕ ਕਰਵਾਉਣ ਜਾਂ ਨਵੀਂ ਗੱਡੀ ਲੈ ਕੇ ਦੇਣ ਦਾ ਲਾਲਚ ਵੀ ਦਿੱਤਾ। ਪੀੜਤਾ ਨੇ ਇਸ ਪੂਰੀ ਸਾਜ਼ਿਸ਼ ਵਿੱਚ ਸੁਖਪਾਲ ਦੀ ਪਤਨੀ ਦੀ ਭੂਮਿਕਾ 'ਤੇ ਵੀ ਸ਼ੱਕ ਜਤਾਇਆ ਹੈ।
ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।