ਸਾਲਾਂ ਤੋਂ ਸ਼ਮਸ਼ਾਨਘਾਟ ’ਚ ਰੱਖੀਆਂ 84 ਲਾਵਾਰਿਸ ਅਸਥੀਆਂ ਨੂੰ ਮਿਲੀ ਸਨਮਾਨਜਨਕ ਵਿਦਾਈ, ਕੀਰਤਪੁਰ ਸਾਹਿਬ ਵਿਖੇ ਕੀਤਾ ਜਲ-ਪ੍ਰਵਾਹ
ਮੁਹਾਲੀ ਦੇ ਸੈਕਟਰ-57 ਸਥਿਤ ਸ਼ਮਸ਼ਾਨਘਾਟ ’ਚ ਪਿਛਲੇ ਕਈ ਸਾਲਾਂ ਤੋਂ ਲਾਵਾਰਿਸ ਹਾਲਤ ’ਚ ਪਈਆਂ ਲਗਪਗ 84 ਅਸਥੀਆਂ ਦਾ ਸੋਮਵਾਰ ਨੂੰ ਸਨਮਾਨਜਨਕ ਤਰੀਕੇ ਨਾਲ ਜਲ-ਪ੍ਰਵਾਹ ਕੀਤਾ ਗਿਆ। ਕਾਂਗਰਸੀ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਆਪਣੀ ਟੀਮ ਮੈਂਬਰਾਂ ਦਵਿੰਦਰ ਸਿੰਘ ਜੁਗਨੀ, ਰੂਪਿੰਦਰ ਕੰਵਰ, ਪ੍ਰਿੰਸ ਅਤੇ ਕਮਲਦੀਪ ਸਿੰਘ ਸਮੇਤ ਲਾਵਾਰਿਸ ਅਸਥੀਆਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸਾਰੀਆਂ ਅਸਥੀਆਂ ਦਾ ਜਲ-ਪ੍ਰਵਾਹ ਪੂਰੇ ਕੀਤਾ ਗਿਆ।
Publish Date: Tue, 14 Jul 2026 12:57 PM (IST)
Updated Date: Tue, 14 Jul 2026 01:00 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਸੈਕਟਰ-57 ਸਥਿਤ ਸ਼ਮਸ਼ਾਨਘਾਟ ’ਚ ਪਿਛਲੇ ਕਈ ਸਾਲਾਂ ਤੋਂ ਲਾਵਾਰਿਸ ਹਾਲਤ ’ਚ ਪਈਆਂ ਲਗਪਗ 84 ਅਸਥੀਆਂ ਦਾ ਸੋਮਵਾਰ ਨੂੰ ਸਨਮਾਨਜਨਕ ਤਰੀਕੇ ਨਾਲ ਜਲ-ਪ੍ਰਵਾਹ ਕੀਤਾ ਗਿਆ। ਕਾਂਗਰਸੀ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਆਪਣੀ ਟੀਮ ਮੈਂਬਰਾਂ ਦਵਿੰਦਰ ਸਿੰਘ ਜੁਗਨੀ, ਰੂਪਿੰਦਰ ਕੰਵਰ, ਪ੍ਰਿੰਸ ਅਤੇ ਕਮਲਦੀਪ ਸਿੰਘ ਸਮੇਤ ਲਾਵਾਰਿਸ ਅਸਥੀਆਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸਾਰੀਆਂ ਅਸਥੀਆਂ ਦਾ ਜਲ-ਪ੍ਰਵਾਹ ਪੂਰੇ ਕੀਤਾ ਗਿਆ।
ਜਾਣਕਾਰੀ ਅਨੁਸਾਰ, ਇਹ ਅਸਥੀਆਂ ਉਨ੍ਹਾਂ ਲਾਵਾਰਿਸ ਲਾਸ਼ਾਂ ਦੀਆਂ ਹਨ, ਜਿਨ੍ਹਾਂ ਦਾ ਸਮੇਂ-ਸਮੇਂ 'ਤੇ ਸੈਕਟਰ-57 ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕੀਤਾ ਗਿਆ ਸੀ।
ਇਨ੍ਹਾਂ ’ਚ ਸੜਕ ਹਾਦਸਿਆਂ ’ਚ ਜਾਨ ਗੁਆਉਣ ਵਾਲੇ ਅਣਪਛਾਤੇ ਲੋਕ, ਭਿਖਾਰੀ ਅਤੇ ਅਜਿਹੇ ਹੋਰ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਨਹੀਂ ਸੀ ਹੋ ਸਕੀ। ਇਸ ਤੋਂ ਇਲਾਵਾ ਕੁਝ ਅਸਥੀਆਂ ਕੋਰੋਨਾ ਸਮੇਂ ਦੀਆਂ ਵੀ ਹਨ, ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਜਾਂ ਦਾਅਵੇਦਾਰ ਸਾਹਮਣੇ ਨਹੀਂ ਆਇਆ। ਸਸਕਾਰ ਤੋਂ ਬਾਅਦ ਇਨ੍ਹਾਂ ਅਸਥੀਆਂ ਨੂੰ ਸ਼ਮਸ਼ਾਨਘਾਟ ’ਚ ਹੀ ਸੁਰੱਖਿਅਤ ਰੱਖਿਆ ਗਿਆ ਸੀ।
ਦੋ ਕੁ ਮਹੀਨੇ ਪਹਿਲਾਂ ਨਗਰ ਨਿਗਮ ਵੱਲੋਂ ਇਨ੍ਹਾਂ ਅਸਥੀਆਂ ਸਬੰਧੀ ਇਕ ਜਨਤਕ ਨੋਟਿਸ ਜਾਰੀ ਕਰਕੇ ਸੰਭਾਵਿਤ ਪਰਿਵਾਰਾਂ ਜਾਂ ਵਾਰਸਾਂ ਨੂੰ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਸੀ। ਤੈਅ ਸਮੇਂ ’ਚ ਕਿਸੇ ਵਾਰਿਸ ਦੇ ਸਾਹਮਣੇ ਨਾ ਆਉਣ ’ਤੇ ਇਨ੍ਹਾਂ ਦਾ ਸਨਮਾਨਜਨਕ ਢੰਗ ਨਾਲ ਅਸਥੀਆਂ ਜਲ-ਪ੍ਰਵਾਹ ਕਰਨ ਦਾ ਫ਼ੈਸਲਾ ਲਿਆ ਗਿਆ।
ਕੌਂਸਲਰ ਕਮਲਪ੍ਰੀਤ ਬੰਨੀ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਅੰਤਿਮ ਧਾਰਮਿਕ ਪ੍ਰਕਿਰਿਆ ਅਧੂਰੀ ਨਹੀਂ ਰਹਿਣੀ ਚਾਹੀਦੀ। ਜਿਨ੍ਹਾਂ ਲੋਕਾਂ ਦਾ ਇਸ ਦੁਨੀਆ ’ਚ ਕੋਈ ਆਪਣਾ ਨਹੀਂ ਬਚਿਆ, ਉਨ੍ਹਾਂ ਪ੍ਰਤੀ ਵੀ ਸਮਾਜ ਦੀ ਇਕ ਅਹਿਮ ਜ਼ਿੰਮੇਵਾਰੀ ਬਣਦੀ ਹੈ। ਇਸੇ ਭਾਵਨਾ ਨਾਲ ਇਨ੍ਹਾਂ ਸਾਰੀਆਂ ਅਸਥੀਆਂ ਦਾ ਪੂਰੇ ਸਨਮਾਨ ਨਾਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ-ਪ੍ਰਵਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਮਾਨਵਤਾ ਤੇ ਸਮਾਜਿਕ ਸੰਵੇਦਨਸ਼ੀਲਤਾ ਦਾ ਇਕ ਵੱਡਾ ਸੰਦੇਸ਼ ਦਿੰਦੀ ਹੈ।