ਪੰਜਾਬ ਦੇ ਕਿਸਾਨਾਂ ਦੇ ਮੋਰਚੇ ਦਾ 6ਵਾਂ ਦਿਨ, ਅੱਜ ਦੁਪਹਿਰ ਤੱਕ ਦਾ ਅਲਟੀਮੇਟਮ; ਫਿਰ ਹੋਵੇਗਾ ਵੱਡਾ ਅੰਦੋਲਨ ਕਿਸਾਨਾਂ ਵੱਲੋਂ ਅਮਰੀਕਾ ਨਾਲ ਟਰੇਡ ਡੀਲ ਨਾ ਕਰਨ, ਪਾਣੀ ਦੇ ਮੁੱਦੇ ਨੂੰ ਲੈ ਕੇ ਸੈਕਸ਼ਨ 78, 79, 80 ਰੱਦ ਕਰਨ, ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰਨ, ਫ਼ਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਤੈਅ ਕਰਨ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਵਾਪਸ ਲੈਣ, ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ, ਲੈਂਡ ਪੂਲਿੰਗ ਸਕੀਮ ਰੱਦ ਕਰਨ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਮੋਹਾਲੀ ’ਚ ਪੱਕਾ ਮੋਰਚਾ ਲਗਾਇਆ ਗਿਆ ਹੈ।
Publish Date: Sun, 06 Sep 2026 10:48 AM (IST)
Updated Date: Sun, 06 Sep 2026 10:51 AM (IST)
ਜਾਗਰਣ ਸੰਵਾਦਦਾਤਾ, ਮੋਹਾਲੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 1 ਤੋਂ 7 ਸਤੰਬਰ ਤੱਕ ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ਦੇ ਇੱਕ ਪਾਸੇ ਮੋਰਚਾ ਲਗਾਉਣ ਦਾ ਅੱਜ 6ਵਾਂ ਦਿਨ ਹੈ। ਇਨ੍ਹਾਂ 6 ਦਿਨਾਂ ਦੌਰਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਕਿਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ ਗਈ ਹੈ, ਜਿਸ ਤੋਂ ਕਿਸਾਨ ਆਗੂ ਗੁੱਸੇ ਵਿੱਚ ਹਨ।
ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਤਾਲਮੇਲ ਬਠਾਉਣ ਲਈ ਚੰਡੀਗੜ੍ਹ ਦੀ ਐੱਸ.ਐੱਸ.ਪੀ. (SSP) ਅਤੇ ਰੋਪੜ ਰੇਂਜ ਦੇ ਡੀ.ਆਈ.ਜੀ. (DIG) ਨਾਨਕ ਸਿੰਘ ਵੱਲੋਂ ਮੀਟਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਦਾ ਸਮਾਂ ਮੰਗਿਆ ਸੀ।
ਕਿਸਾਨਾਂ ਵੱਲੋਂ ਅਮਰੀਕਾ ਨਾਲ ਟਰੇਡ ਡੀਲ ਨਾ ਕਰਨ, ਪਾਣੀ ਦੇ ਮੁੱਦੇ ਨੂੰ ਲੈ ਕੇ ਸੈਕਸ਼ਨ 78, 79, 80 ਰੱਦ ਕਰਨ, ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਕਰਨ, ਫ਼ਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਤੈਅ ਕਰਨ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 2025 ਵਾਪਸ ਲੈਣ, ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ, ਲੈਂਡ ਪੂਲਿੰਗ ਸਕੀਮ ਰੱਦ ਕਰਨ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਮੋਹਾਲੀ ’ਚ ਪੱਕਾ ਮੋਰਚਾ ਲਗਾਇਆ ਗਿਆ ਹੈ।
ਐਤਵਾਰ ਦੁਪਹਿਰ 2 ਵਜੇ ਤੱਕ ਕਰਨਗੇ ਪ੍ਰਸ਼ਾਸਨ ਦੇ ਜਵਾਬ ਦਾ ਇੰਤਜ਼ਾਰ ਪੱਕੇ ਮੋਰਚੇ ਤੋਂ ਰੋਜ਼ਾਨਾ ਸਟੇਜ 'ਤੇ ਕਿਸਾਨ ਆਗੂ ਆਪਣੀਆਂ ਗੱਲਾਂ ਕਿਸਾਨਾਂ ਸਾਹਮਣੇ ਰੱਖ ਰਹੇ ਹਨ। ਸਵੇਰੇ 11 ਤੋਂ 2 ਵਜੇ ਤੱਕ ਸਟੇਜ 'ਤੇ ਕਿਸਾਨ ਆਗੂ ਆਪਣੇ ਵਿਚਾਰ ਰੱਖਣ ਤੋਂ ਬਾਅਦ ਰੋਜ਼ਾਨਾ ਸ਼ਾਮ ਨੂੰ ਆਪਣੀ ਮੀਟਿੰਗ ਕਰ ਰਹੇ ਹਨ ਅਤੇ ਅਗਲੀ ਰਣਨੀਤੀ ਤਿਆਰ ਕਰ ਰਹੇ ਹਨ।
ਐਤਵਾਰ ਨੂੰ ਦੁਪਹਿਰ 2 ਵਜੇ ਤੱਕ ਕਿਸਾਨ ਆਗੂ ਪ੍ਰਸ਼ਾਸਨ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ, ਜੇਕਰ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਸੁਨੇਹਾ ਨਹੀਂ ਆਇਆ ਤਾਂ ਕਿਸਾਨ ਆਗੂ ਸ਼ਾਮ 5 ਵਜੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰ ਦੇਣਗੇ।
ਕਿਸਾਨ ਆਗੂਆਂ ਵੱਲੋਂ 7 ਸਤੰਬਰ ਤੱਕ ਮੋਰਚਾ ਲਗਾਉਣ ਦੀ ਗੱਲ ਕਹੀ ਗਈ ਸੀ ਪਰ ਅੱਜ ਕੋਈ ਗੱਲ ਨਾ ਬਣੀ ਤਾਂ ਹੋ ਸਕਦਾ ਹੈ ਕਿਸਾਨ ਇਸ ਮੋਰਚੇ ਨੂੰ ਹੋਰ ਅੱਗੇ ਵਧਾ ਸਕਦੇ ਹਨ। ਕਿਸਾਨ ਆਗੂਆਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹ ਇਸ ਮੋਰਚੇ ਤੋਂ ਆਪਣੀਆਂ ਮੰਗਾਂ ਮਨਵਾਉਣ ਤੋਂ ਬਾਅਦ ਹੀ ਇੱਥੋਂ ਵਾਪਸੀ ਕਰਨਗੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਾਹਰਾਂ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚੋਂ 2039 ਤੱਕ ਪਾਣੀ ਖ਼ਤਮ ਹੋ ਜਾਵੇਗਾ, ਅਜਿਹੇ ਵਿੱਚ ਲੋਕਾਂ ਸਾਹਮਣੇ ਗੰਭੀਰ ਸਥਿਤੀ ਬਣ ਜਾਵੇਗੀ। ਇਹ ਗੰਭੀਰ ਸਥਿਤੀ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕ ਸਰਕਾਰਾਂ ਤੋਂ ਆਪਣੀਆਂ ਮੰਗਾਂ ਮੰਗ ਰਹੇ ਹਨ।
ਉਹਨਾਂ ਕਿਹਾ ਕਿ ਪਾਣੀ ਦੇ ਮੁੱਦੇ ਨੂੰ ਸੁਲਝਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਸਰਕਾਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਅਤੇ ਆਪਣਾ ਵਿਰੋਧ ਜਤਾਇਆ ਜਾ ਰਿਹਾ ਹੈ ਪਰ ਸਰਕਾਰਾਂ ਵੱਲੋਂ ਪੰਜਾਬ ਦੇ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇੱਕ ਦਿਨ ਦਾ ਸਮਾਂ ਮੰਗਿਆ ਗਿਆ ਸੀ, ਹੁਣ ਐਤਵਾਰ ਨੂੰ ਪ੍ਰਸ਼ਾਸਨ ਜਿਹੀ ਜਾਣਕਾਰੀ ਦੇਵੇਗਾ, ਉਸ ਤੋਂ ਬਾਅਦ ਉਸੇ ਤਰ੍ਹਾਂ ਦੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਭਾਰੀ ਬਾਰਿਸ਼ ਤੋਂ ਬਾਅਦ ਵੀ ਕਿਸਾਨ ਮੋਰਚੇ 'ਤੇ ਡਟੇ ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਵੀ ਕਿਸਾਨ ਪੂਰੀ ਤਰ੍ਹਾਂ ਮੋਰਚੇ 'ਤੇ ਡਟੇ ਹੋਏ ਹਨ। ਸ਼ਨੀਵਾਰ ਸ਼ਾਮ ਨੂੰ ਬਾਰਿਸ਼ ’ਚ ਭਿੱਜਣ ਤੋਂ ਬਾਅਦ ਵੀ ਏਅਰਪੋਰਟ ਰੋਡ ਦੇ ਚੌਂਕਾਂ 'ਤੇ ਹੱਥਾਂ ਵਿੱਚ ਝੰਡੇ ਲੈ ਕੇ ਆਪਣੀ ਗੱਲ ਲੋਕਾਂ ਸਾਹਮਣੇ ਰੱਖੀ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਉਹ ਮੋਰਚੇ ਵਿੱਚ ਬੈਠੇ ਹੋਏ ਹਨ।