ਵਿਦੇਸ਼ ਭੇਜਣ ਦੇ ਨਾਂ 'ਤੇ 36 ਲੱਖ ਦੀ ਠੱਗੀ: ਪਰੇਸ਼ਾਨ ਜੋੜੇ ਨੇ ਖਾਧਾ ਜ਼ਹਿਰੀਲਾ ਪਦਾਰਥ, ਪਤਨੀ ਦੀ ਮੌਤ; ਪਤੀ ਦੀ ਹਾਲਤ ਗੰਭੀਰ
ਮ੍ਰਿਤਕਾ ਦੀ ਪਛਾਣ ਗਗਨਦੀਪ ਕੌਰ (ਨਿਵਾਸੀ ਤਖ਼ਤੇ ਦੀ ਪੱਤੀ, ਸੇਖਾਂ, ਬਰਨਾਲਾ) ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਪਤੀ ਹਾਕਮ ਸਿੰਘ (ਨਿਵਾਸੀ ਮਹਿਮਦਪੁਰ, ਬਰਨਾਲਾ) ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦੋਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ 'ਚ ਰਹਿ ਰਹੇ ਸਨ।
Publish Date: Sat, 22 Aug 2026 11:33 AM (IST)
Updated Date: Sat, 22 Aug 2026 11:36 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਇੱਕ ਪੀਜੀ ’ਚ ਰਹਿ ਰਹੇ ਵਿਆਹੇ ਜੋੜੇ ਵੱਲੋਂ ਜ਼ਹਿਰੀਲਾ ਪਾਦਰਥ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ’ਚ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਪਤੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।
ਪੁਲਿਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ’ਚ ਵਿਦੇਸ਼ ਭੇਜਣ ਦੇ ਨਾਂ ’ਤੇ 36 ਲੱਖ ਰੁਪਏ ਦੀ ਵੱਡੀ ਠੱਗੀ ਅਤੇ ਬਲੈਕਮੇਲਿੰਗ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਮ੍ਰਿਤਕਾ ਦੀ ਪਛਾਣ ਗਗਨਦੀਪ ਕੌਰ (ਨਿਵਾਸੀ ਤਖ਼ਤੇ ਦੀ ਪੱਤੀ, ਸੇਖਾਂ, ਬਰਨਾਲਾ) ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਪਤੀ ਹਾਕਮ ਸਿੰਘ (ਨਿਵਾਸੀ ਮਹਿਮਦਪੁਰ, ਬਰਨਾਲਾ) ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਦੋਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ 'ਚ ਰਹਿ ਰਹੇ ਸਨ।
ਸਕੂਲ ਦੇ ਸਾਥੀ ਏਜੰਟ 'ਤੇ 36 ਲੱਖ ਦੀ ਠੱਗੀ ਦਾ ਦੋਸ਼
ਸੁਸਾਈਡ ਨੋਟ ਮੁਤਾਬਕ ਹਾਕਮ ਸਿੰਘ ਨੇ ਦੱਸਿਆ ਕਿ ਵਿਦੇਸ਼ ਭੇਜਣ ਵਾਲਾ ਏਜੰਟ ਉਸ ਦੇ ਆਪਣੇ ਹੀ ਸਕੂਲ ਦਾ ਪੁਰਾਣਾ ਮਿੱਤਰ ਸੀ। ਪੁਰਾਣੀ ਜਾਣ-ਪਛਾਣ ਕਰਕੇ ਉਨ੍ਹਾਂ ਨੇ ਏਜੰਟ ’ਤੇ ਭਰੋਸਾ ਕਰ ਲਿਆ। ਏਜੰਟ ਨੇ ਪਹਿਲਾਂ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਉਣ ਦਾ ਝਾਂਸਾ ਦਿੱਤਾ ਅਤੇ ਪੀਟੀਈ/ ਆਈਲੈਟਸ ਦੀ ਸ਼ਰਤ ਰੱਖ ਕੇ ਵਿਆਹ ਕਰਵਾਉਣ ਲਈ ਕਿਹਾ।
ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਜਾਰਜੀਆ ਅਤੇ ਫਿਰ ਇਟਲੀ ਭੇਜਣ ਦੇ ਬਹਾਨੇ ਜਾਲ ’ਚ ਫਸਾ ਲਿਆ। ਹਾਕਮ ਸਿੰਘ ਅਨੁਸਾਰ ਉਸ ਨੇ ਆਪਣੀ ਇਕ ਕਿੱਲਾ ਜ਼ਮੀਨ ਵੇਚ ਕੇ ਏਜੰਟ ਨੂੰ ਕੁੱਲ 36 ਲੱਖ ਰੁਪਏ (18-18 ਲੱਖ ਰੁਪਏ ਪ੍ਰਤੀ ਜੀਅ) ਦਿੱਤੇ ਸਨ।
ਫਰਜ਼ੀ ਵੀਜ਼ਾ, ਬਲੈਕਮੇਲਿੰਗ ਤੇ ਮਾਨਸਿਕ ਤਣਾਅ
ਪੀੜਤ ਨੇ ਲਿਖਿਆ ਕਿ ਏਜੰਟ ਨੇ ਉਨ੍ਹਾਂ ਨੂੰ ਮੋਬਾਈਲ ’ਤੇ ਇਟਲੀ ਦਾ ਜੋ ਵੀਜ਼ਾ ਦਿਖਾਇਆ ਸੀ, ਉਹ ਪੂਰੀ ਤਰ੍ਹਾਂ ਫਰਜ਼ੀ ਸੀ। ਪੈਸੇ ਹੜੱਪਣ ਤੋਂ ਬਾਅਦ ਏਜੰਟ ਨੇ ਉਨ੍ਹਾਂ ਦੇ ਪਾਸਪੋਰਟ ਆਪਣੇ ਕੋਲ ਰੱਖ ਲਏ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਸਭ ਕੁਝ ਦੱਸਣ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਲੱਗਾ। ਠੱਗੀ ਅਤੇ ਬਲੈਕਮੇਲਿੰਗ ਤੋਂ ਤੰਗ ਆ ਕੇ ਜੋੜਾ ਡੂੰਘੇ ਮਾਨਸਿਕ ਤਣਾਅ ’ਚ ਆ ਗਿਆ, ਜਿਸ ਤੋਂ ਬਾਅਦ ਦੋਹਾਂ ਨੇ ਇਹ ਖੌਫਨਾਕ ਕਦਮ ਚੁੱਕ ਲਿਆ।
ਪੁਲਿਸ ਦੀ ਕਾਰਵਾਈ
ਜ਼ੀਰਕਪੁਰ ਥਾਣਾ ਮੁਖੀ ਨੇ ਦੱਸਿਆ ਕਿ ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ। ਲਿਖਾਈ ਅਤੇ ਫੋਰੈਂਸਿਕ ਜਾਂਚ ਲਈ ਨੋਟ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।