- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਕਾਨ ’ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਮਾਮਾ-ਭਾਣਜੀ ਦੀ ਬੇਰਹਿਮੀ ਨਾਲ ਕੁੱਟਮਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਦੁਕਾਨ ’ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਮਾਮਾ ਅਤੇ ਭਾਣਜੀ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਕੋਟਭਾਈ ਪੁਲਿਸ ਨੇ ਛੇ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ’ਚ ਨਿੱਕਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਭੁੱਟੀਵਾਲਾ ਨੇ ਦੱਸਿਆ ਕਿ ਉਹ ਮੌਜੂਦਾ ਬਲਾਕ ਸੰਮਤੀ ਮੈਂਬਰ ਹੈ। ਬੀਤੀ 14 ਅਪ੍ਰੈਲ ਨੂੰ ਉਹ ਰਾਜ ਕੁਮਾਰ ਦੀ ਦੁਕਾਨ ’ਤੇ ਬੈਠਾ ਸੀ ਤਾਂ ਸ਼ਾਮ ਛੇ ਵਜੇ ਕਰਨਵੀਰ ਸਿੰਘ ਵਾਸੀ ਭੁੱਟੀਵਾਲਾ ਦੁਕਾਨ ’ਤੇ ਸਾਮਾਨ ਲੈਣ ਆਇਆ। ਉਸ ਸਮੇਂ ਨਿੱਕਾ ਸਿੰਘ ਦੁਕਾਨ ਦੇ ਫਰਿੱਜ ’ਤੇ ਬੈਠਾ ਸੀ, ਜਿਸ ਨੂੰ ਵੇਖ ਕੇ ਕਰਨਵੀਰ ਸਿੰਘ ਨੇ ਆਉਂਦਿਆਂ ਹੀ ਬਦਤਮੀਜ਼ੀ ਨਾਲ ਕਿਹਾ, ਖੜ੍ਹਾ ਹੋ ਓਏ ਇੱਥੋਂ ਇਸ ’ਤੇ ਨਿੱਕਾ ਸਿੰਘ ਨੇ ਉਸਨੂੰ ਤਮੀਜ਼ ਨਾਲ ਗੱਲ ਕਰਨ ਲਈ ਕਿਹਾ। ਉਸ ਵੇਲੇ ਕਰਨਵੀਰ ਸਿੰਘ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਕਰਨਵੀਰ ਸਿੰਘ, ਬੇਅੰਤ ਸਿੰਘ, ਅਜੇ ਸਿੰਘ, ਭੋਲਾ ਸਿੰਘ, ਖੰਡਾ ਸਿੰਘ, ਹੀਰਾ ਸਿੰਘ ਵਾਸੀ ਭੁੱਟੀਵਾਲਾ ਅਤੇ 7-8 ਅਣਪਛਾਤੇ ਵਿਅਕਤੀ ਡਾਂਗਾਂ-ਸੋਟੀਆਂ ਲੈ ਕੇ ਆਏ। ਕਰਨਵੀਰ ਸਿੰਘ ਵੱਲੋਂ ਲਲਕਾਰਾ ਮਾਰਦਿਆਂ ਹੀ ਬੇਅੰਤ ਸਿੰਘ ਨੇ ਨਿੱਕਾ ਸਿੰਘ ਨੂੰ ਗਰਦਨ ਤੋਂ ਫੜ ਕੇ ਦੁਕਾਨ ਤੋਂ ਬਾਹਰ ਖਿੱਚ ਲਿਆ ਅਤੇ ਸਾਰਿਆਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੀ ਭਾਣਜੀ ਵੀਰਪਾਲ ਕੌਰ ਉਸਨੂੰ ਛੁਡਾਉਣ ਲਈ ਆਈ। ਹਮਲਾਵਰਾਂ ਨੇ ਵੀਰਪਾਲ ਕੌਰ ਦੀ ਵੀ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਹਮਲਾਵਰ ਫ਼ਰਾਰ ਹੋ ਗਏ। ਪੁਲਿਸ ਨੇ ਉਕਤ ਸਮੇਤ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।