- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਜਰੀਵਾਲ ਨੇ ਲੋਕਾਂ ਨੂੰ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਇਹ ਸੱਤਾ ’ਚ ਆਏ ਤਾਂ ਭਗਵੰਤ ਮਾਨ ਸਰਕਾਰ ਦੀਆਂ ਚੱਲ ਰਹੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦੇਣਗੇ।

ਸਟਾਫ ਰਿਪੋਰਟਰ, ਮੋਗਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੋਗਾ ’ਚ ਕਰਵਾਈ ਗਈ ‘ਖ਼ੁਸ਼ਹਾਲ ਪੰਜਾਬ’ ਮਹਾ ਰੈਲੀ ਦੌਰਾਨ ਜੁੜੀ ਕਰੀਬ ਦੋ ਲੱਖ ਦੀ ਭੀੜ ਵਿਚਕਾਰ ਸੂਬੇ ’ਚ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਉਨ੍ਹਾਂ ਔਰਤਾਂ ਨੂੰ ਕਿਹਾ ਕਿ ਤੁਸੀਂ ਸਾਰੇ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਵੋਟ ਜ਼ਰੂਰ ਪਾਊਣ, ਪਰ ਮੇਰੀ ਅਪੀਲ ਹੈ ਕਿ ਤੁਸੀਂ ਆਪਣੇ ਘਰ ਦੇ ਮਰਦਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਮਨਾਓ। ਅਸੀਂ ਸੱਤਾ ’ਚ ਆਉਣ ਤੋਂ ਬਾਅਦ ਜਿਹੜੀਆਂ ਗਾਰੰਟੀਆਂ ਦਿੱਤੀਆਂ ਸਨ, ਉਹ ਸਾਰੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੀਆਂ ਕਰ ਕੇ ਦਿਖਾਈਆਂ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸੂਬੇ ’ਚ ਮਾਵਾਂ-ਧੀਆਂ, 10 ਲੱਖ ਰੁਪਏ ਦਾ ਸਿਹਤ ਬੀਮਾ, ਮੁਫ਼ਤ ਬਿਜਲੀ, ਤੀਰਥ ਯਾਤਰਾ ਸਮੇਤ ਹੋਰ ਯੋਜਨਾਵਾਂ ਜਾਰੀ ਰਹਿਣ ਤਾਂ ਇਸ ਲਈ ਇੱਕੋ ਸ਼ਰਤ ਹੈ ਕਿ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਇਆ ਜਾਵੇ। ਰੈਲੀ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ ਨੇ ਮੋਗਾ ਜ਼ਿਲ੍ਹੇ ਦੀ ਕੁਲਜੀਤ ਕੌਰ ਨੂੰ ਸਮਾਰਟ ਰਾਸ਼ਨ ਕਾਰਡ ਤੇ ਰਾਸ਼ਨ ਕਿੱਟ ਸੌਂਪ ਕੇ ਸੂਬੇ ’ਚ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਸੂਬੇ ’ਚ 10 ਲੱਖ ਲੋਕਾਂ ਨੂੰ ਇਹ ਕਾਰਡ ਮੁਹੱਈਆ ਕਰਵਾਏ ਜਾਣਗੇ।
ਕੇਜਰੀਵਾਲ ਨੇ ਲੋਕਾਂ ਨੂੰ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਜੇ ਇਹ ਸੱਤਾ ’ਚ ਆਏ ਤਾਂ ਭਗਵੰਤ ਮਾਨ ਸਰਕਾਰ ਦੀਆਂ ਚੱਲ ਰਹੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦੇਣਗੇ। ਪੰਜਾਬ ਦੇ ਲੋਕ ਦਿੱਲੀ ਤੋਂ ਸਬਕ ਲੈ ਸਕਦੇ ਹਨ। ਅੱਜ ਦਿੱਲੀ ਦੇ ਲੋਕ ਭਾਜਪਾ ਨੂੰ ਵੋਟ ਪਾ ਕੇ ਪਛਤਾ ਰਹੇ ਹਨ। ਭਾਜਪਾ ਸਰਕਾਰ ਨੇ ‘ਆਪ’ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ 26 ਨਵੰਬਰ, 1949 ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਨੇ ਸੰਵਿਧਾਨ ਬਣਾਇਆ ਸੀ। ਅੱਜ ਜਿਸ ਤਰ੍ਹਾਂ ਸਾਡੇ ਦੇਸ਼ ’ਚ ਸੰਵਿਧਾਨ ਨੂੰ ਕੁਚਲਿਆ ਤੇ ਅਪਮਾਨਿਤ ਕੀਤਾ ਜਾ ਰਿਹਾ ਹੈ, ਉਸ ਦੌਰਾਨ ਉੱਪਰ ਵਾਲੇ ਨੇ 26 ਨਵੰਬਰ, 2016 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਕਰ ਕੇ ਸੰਵਿਧਾਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਾਨੂੰ ਸੌਂਪੀ ਹੈ। 1949 ’ਚ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ, ‘‘ਸਭ ਦੀ ਬਰਾਬਰੀ’’ ਤੇ ਅਸੀਂ ਕਿਹਾ ਹੈ, ਹੁਣ ਆਮ ਆਦਮੀ ਦੀ ਵਾਰੀ ਹੈ। ਹੁਣ ਦੇਸ਼ ਨੂੰ ਨੇਤਾ ਨਹੀਂ, ਆਮ ਆਦਮੀ ਚਲਾਏਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਆਖਦੇ ਹਨ ਕਿ ਮਾਵਾਂ-ਧੀਆਂ ਗਾਰੰਟੀ ਪੂਰੀ ਕਰਨ ’ਚ ਬਹੁਤ ਦੇਰ ਕਰ ਦਿੱਤੀ। ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਸਰਕਾਰ ਸੰਭਾਲੀ ਸੀ ਤਾਂ ਪੰਜਾਬ ਦਾ ਖ਼ਜ਼ਾਨਾ ਖਾਲੀ ਸੀ। ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ’ਚ ਚਾਰ ਸਾਲ ਲੱਗ ਗਏ। ਅਸੀਂ ਤਾਂ ਸਰਕਾਰ ਬਣਦੇ ਹੀ ਪੈਸੇ ਦੇਣਾ ਚਾਹੁੰਦੇ ਸੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਲਾਗੂ ਕਰਨ ’ਚ ਹੀ ਮੋਦੀ ਸਰਕਾਰ ਨੇ ਵੱਡੀਆਂ ਰੁਕਾਵਟਾਂ ਪਾਈਆਂ। ਮੋਦੀ ਸਰਕਾਰ ਨੇ ਪੰਜਾਬ ਦਾ ਪੈਸਾ ਰੋਕ ਦਿੱਤਾ। ਮੋਦੀ ਜੀ ਇਸ ਨੂੰ ਮੁਫ਼ਤ ਦੀ ਰਿਉੜੀ ਆਖਦੇ ਹਨ ਤੇ ਇਸ ਨੂੰ ਬੰਦ ਕਰਨ ਦੀ ਗੱਲ ਕਰਦੇ ਹਨ। ਅਸੀਂ ਅਦਾਲਤ ਦਾ ਸਹਾਰਾ ਲਿਆ ਤੇ ਯੋਜਨਾ ਰੁਕਣ ਨਹੀਂ ਦਿੱਤੀ। ਹੁਣ ਹਰ ਮਹੀਨੇ ਮਾਵਾਂ-ਧੀਆਂ ਦੇ ਖ਼ਾਤਿਆਂ ’ਚ ਪੈਸੇ ਆ ਰਹੇ ਹਨ। ਅਸੀਂ ਇਹ ਨਹੀਂ ਕਹਿ ਰਹੇ ਕਿ ਹਜ਼ਾਰ ਰੁਪਏ ਨਾਲ ਘਰ ਦਾ ਪੂਰਾ ਖ਼ਰਚਾ ਚੱਲ ਜਾਵੇਗਾ। ਪਰ ਅੱਜ ਜਦੋਂ ਮੋਦੀ ਸਰਕਾਰ ’ਚ ਪੈਟਰੋਲ, ਡੀਜ਼ਲ, ਗੈਸ, ਸਬਜ਼ੀਆਂ ਤੇ ਰਾਸ਼ਨ ਸਮੇਤ ਹਰ ਚੀਜ਼ ਮਹਿੰਗੀ ਹੋ ਗਈ ਹੈ ਤਾਂ ਭਗਵੰਤ ਮਾਨ ਨੇ ਹਜ਼ਾਰ ਰੁਪਏ ਦੇ ਕੇ ਥੋੜ੍ਹਾ ਸਹਾਰਾ ਦਿੱਤਾ ਹੈ। ਕਹਿੰਦੇ ਹਨ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵਧੇਰੇ ਚੰਗਾ ਹੁੰਦਾ ਹੈ।
ਪੰਜਾਬ ਹੁਣ ਖੋਖਲੇ ਵਾਅਦਿਆਂ ਦੀ ਬਜਾਏ ਵਿਕਾਸ ਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ : ਮਾਨ
-ਮੰਤਰੀ ਦੇ ਅਹੁਦੇ ਦੀ ਖ਼ਾਤਰ ਅਕਾਲੀ ਦਲ ਨੇ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨਾਂ ਦਾ ਭਰੋਸਾ ਵੇਚਿਆ
-ਨਸ਼ਾ ਤਸਕਰਾਂ ਨੂੰ ਪਨਾਹ ਦੇਣ ਵਾਲੇ 8 ਦਸੰਬਰ ਦੀ ਮੋਦੀ ਦੀ ਰੈਲੀ ’ਚ ਮੰਚ ਸਾਂਝਾ ਕਰਨਗੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਨੀਅਤ ਸਾਫ਼ ਹੋਵੇ ਤੇ ਵਾਅਦੇ ਠੋਸ ਨਤੀਜਿਆਂ ’ਚ ਬਦਲਦੇ ਹੋਣ ਤਾਂ ਲੋਕਾਂ ਨੂੰ ਖੋਖਲੇ ਨਾਅਰਿਆਂ ਰਾਹੀਂ ਇਕੱਠਾ ਕਰਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਜ਼ੀਰੋ ਬਿਜਲੀ ਬਿੱਲਾਂ ਤੇ ਬਿਨਾਂ ਰਿਸ਼ਵਤ ਦੇ ਮਿਲੀਆਂ 77 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਤੋਂ ਲੈ ਕੇ ਨਹਿਰਾਂ ਦੇ ਆਖ਼ਰੀ ਸਿਰੇ (ਟੇਲ) ਤੱਕ ਪਹੁੰਚੇ ਪਾਣੀ, 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਤੇ ਔਰਤਾਂ ਲਈ ਵਿੱਤੀ ਸਹਾਇਤਾ ਤੱਕ, ਸਰਕਾਰ ਦੇ ਕੰਮਾਂ ਨੇ ਲੋਕਾਂ ਨੂੰ ਇਸ ਸੋਚ ਨਾਲ ਜੁੜਨ ਦਾ ਠੋਸ ਕਾਰਨ ਦਿੱਤਾ ਹੈ।
ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਵਿਸ਼ਾਲ ਇਕੱਠ ਸਪੱਸ਼ਟ ਸਿਆਸੀ ਸੰਦੇਸ਼ ਦਿੰਦਾ ਹੈ ਕਿ ਪੰਜਾਬ ਪੁਰਾਣੇ ਖੋਖਲੇ ਵਾਅਦਿਆਂ ਤੋਂ ਅੱਗੇ ਲੰਘ ਚੁੱਕਾ ਹੈ ਤੇ ਹੁਣ ਵਿਕਾਸ, ਤਰੱਕੀ ਤੇ ਖ਼ੁਸ਼ਹਾਲੀ ਨੂੰ ਚੁਣ ਰਿਹਾ ਹੈ। 8 ਦਸੰਬਰ ਨੂੰ ਮੋਗਾ ਦੇ ਇਸੇ ਮੈਦਾਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਤਾਵਿਤ ਰੈਲੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਦਿਨ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਵਾਲੇ ਆਗੂ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਗੇ। ਪ੍ਰਧਾਨ ਮੰਤਰੀ, ਅਮਿਤ ਸ਼ਾਹ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪੰਜਾਬ ਲਈ ਕੀ ਕੀਤਾ ਹੈ।
ਮਾਨ ਨੇ ਕਿਹਾ ਕਿ ਲੋਕਾਂ ਨੇ ਅਕਾਲੀ ਦਲ-ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਦੇਖੀਆਂ ਹਨ। ਇਨ੍ਹਾਂ ਪਾਰਟੀਆਂ ਨੇ ਸਾਲਾਂ ਤੱਕ ਪੰਜਾਬ ’ਤੇ ਰਾਜ ਕੀਤਾ ਤੇ ਵਾਰੀ-ਵਾਰੀ ਸੱਤਾ ਦਾ ਆਨੰਦ ਮਾਣਿਆ। ਵਾਅਦੇ ਕੀਤੇ ਤੇ ਚੋਣਾਂ ਤੋਂ ਬਾਅਦ ਜਨਤਾ ਨੂੰ ਭੁੱਲ ਗਏ। ਅੱਜ ਇਹ ਇਸ ਲਈ ਹੱਥ ਨਹੀਂ ਮਿਲਾ ਰਹੇ ਕਿ ਇਨ੍ਹਾਂ ਦੇ ਮਨ ’ਚ ਅਚਾਨਕ ਪੰਜਾਬ ਲਈ ਪਿਆਰ ਜਾਗ ਪਿਆ ਹੈ, ਸਗੋਂ ਇਸ ਲਈ ਇਕੱਠੇ ਹੋ ਰਹੇ ਹਨ ਕਿਉਂਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਰੋਕਣਾ ਚਾਹੁੰਦੇ ਹਨ। ਅਕਾਲੀ ਦਲ-ਭਾਜਪਾ ਗੱਠਜੋੜ ’ਤੇ ਨਿਸ਼ਾਨਾ ਸੇਧਦਿਆਂ ਮਾਨ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੇ ਮੰਤਰੀ ਦੇ ਅਹੁਦੇ ਦੀ ਖ਼ਾਤਰ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨਾਂ ਦਾ ਭਰੋਸਾ ਵੇਚਿਆ ਹੈ।
ਵੋਟਰਾਂ ਨੂੰ ਅਪੀਲ ਕਰਦਿਆਂ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਤੁਹਾਡੇ ਕੋਲ ਪੈਸੇ ਲੈ ਕੇ ਆ ਸਕਦੀਆਂ ਹਨ। ਉਹ ਜਿੰਨੇ ਵੀ ਪੈਸੇ ਦੇਣ, ਰੱਖ ਲੈਣਾ, ਪਰ ਜਦੋਂ ਪੋਲਿੰਗ ਬੂਥ ’ਤੇ ਜਾਓ ਤਾਂ ਝਾੜੂ ਵਾਲਾ ਬਟਨ ਦਬਾਉਣਾ। ਤੁਹਾਡੀ ਵੋਟ ਪੰਜਾਬ ਦੇ ਭਵਿੱਖ ਅਤੇ ਉਸ ਸਰਕਾਰ ਲਈ ਹੋਣੀ ਚਾਹੀਦੀ ਹੈ ਜੋ ਤੁਹਾਡੇ ਪਰਿਵਾਰਾਂ ਲਈ ਕੰਮ ਕਰ ਰਹੀ ਹੈ।